ਇੰਸਪੈਕਸ਼ਨ ਮੋਟਰ ਟਰਾਲੀ ‘ਚ ਆਈ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹਾਦਸਾ
ਬਰਨਾਲਾ, (ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ ਵਿਖੇ ਰੇਲਵੇ ਲਾਇਨ ਦੀ ਚੈਕਿੰਗ ਸਮੇਂ ਇੰਸਪੈਕਸ਼ਨ ਮੋਟਰ ਟਰਾਲੀ ‘ਚ ਆਈ ਤਕਨੀਕੀ ਖ਼ਰਾਬੀ ਕਾਰਨ ਐਸਐਸਪੀ ਬਰਨਾਲਾ ਤੇ ਐਸਪੀ (ਪੀਬੀਆਈ) ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਤੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਜਾਣਕਾਰੀ ਅਨੁਸਾਰ ਪਿਛਲੇ ਤਕਰੀਬਨ 35 ਦਿਨਾਂ ਤੋਂ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰੇਲਵੇ ਲਾਇਨਾਂ ‘ਤੇ ਪੱਕੇ ਮੋਰਚੇ ਲਗਾਏ ਹੋਏ ਸਨ, ਜਿਸ ਪਿੱਛੋਂ ਲੰਘੇ ਦਿਨੀਂ ਮਾਲ ਗੱਡੀਆਂ ਨੂੰ ਚਲਾਉਣ ਸਬੰਧੀ ਹੋਈ ਗੱਲਬਾਤ ਦੌਰਾਨ ਕਿਸਾਨਾਂ ਵੱਲੋਂ ਆਪਣੇ ਪੱਕੇ ਮੋਰਚੇ ਰੇਲਵੇ ਲਾਇਨਾਂ ਤੋਂ ਚੁੱਕ ਕੇ ਰੇਲਵੇ ਪਲੇਟਫਾਰਮਾਂ ‘ਤੇ ਜਮਾਂ ਲਏ ਹਨ। ਇਸ ਪਿੱਛੋਂ ਅੱਜ ਸਥਾਨਕ ਰੇਲਵੇ ਲਾਇਨ ਨੂੰ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਚੈੱਕ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਤੇ ਐਸਪੀ (ਪੀਬੀਆਈ) ਜਗਵਿੰਦਰ ਸਿੰਘ ਚੀਮਾ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ ਸਨ ਜੋ ਰੇਲਵੇ ਕਰਮਚਾਰੀਆਂ ਸਮੇਤ ਰੇਲ ਲਾਇਨਾਂ ਦੀ ਚੈਕਿੰਗ ਲਈ ਇੰਸਪੈਕਸ਼ਨ ਮੋਟਰ ਟਰਾਲੀ ‘ਚ ਸਵਾਰ ਹੋਣ ਪਿੱਛੋਂ ਬਰਨਾਲਾ ਸਟੇਸ਼ਨ ਤੋਂ ਤਪਾ ਸਟੇਸ਼ਨ ਵੱਲ ਨੂੰ ਜਾ ਰਹੇ ਹਨ,
ਜਿਸ ਪਿੱਛੋਂ ਅਚਾਨਕ ਹੀ ਤਕਨੀਕੀ ਨੁਕਸ ਪੈ ਜਾਣ ਕਾਰਨ ਇੰਸਪੈਕਸ਼ਨ ਮੋਟਰ ਟਰਾਲੀ ਸਥਾਨਕ ਪੁਲਿਸ ਲਾਇਨ ਨਜ਼ਦੀਕ ਪੁੱਜ ਕੇ ਹਾਦਸਾਗ੍ਰਸ਼ਤ ਹੋ ਗਈ ਤੇ ਇਸ ਵਿੱਚ ਸਵਾਰ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਤੇ ਐਸਪੀ (ਪੀਬੀਆਈ) ਜਗਵਿੰਦਰ ਸਿੰਘ ਚੀਮਾ ਰੇਲ ਲਾਇਨ ‘ਤੇ ਡਿੱਗਣ ਕਾਰਨ ਜਖ਼ਮੀ ਹੋ ਗਏ ਜਦਕਿ ਡੀਐਸਪੀ ਲਖਵੀਰ ਸਿੰਘ ਟਿਵਾਣਾ, ਆਰਪੀਐਫ਼ ਇੰਚਾਰਜ ਬਬੀਤਾ ਕੁਮਾਰੀ ਤੇ 3 ਕਰਮਚਾਰੀ ਵਾਲ- ਵਾਲ ਬਚ ਗਏ, ਜਿੰਨ੍ਹਾਂ ਨੂੰ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਦੁਆਰਾ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਦੇਖਦੇ ਹੀ ਦੇਖਦੇ ਹਸਪਤਾਲ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ।
ਸਿਵਲ ਹਸਪਤਾਲ ‘ਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪਰ ਇਲਾਜ਼ ਚੱਲ ਰਿਹਾ ਹੈ। ਘਟਨਾ ਦਾ ਪਤਾ ਚਲਦਿਆਂ ਹੀ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਤੇ ਡੀਸੀ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੀ ਜਖ਼ਮੀਆਂ ਦਾ ਹਾਲ- ਚਾਲ ਜਾਣਨ ਹਿੱਤ ਪੁੱਜ ਗਏ।
ਇਸ ਸਬੰਧੀ ਸੰਪਰਕ ਕੀਤੇ ਜਾਣ ‘ਤੇ ਆਈਜੀਪੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਨੇ ਐਸਐਸਪੀ ਬਰਨਾਲਾ ਦੇ ਜਖ਼ਮੀ ਹੋਣ ਸਮੇਤ ਇੰਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਲਿਖ਼ਤੀ ਹੁਕਮ ਨਾ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੀਆਰਪੀਐਫ਼ ਵੀ ਉਨ੍ਹਾਂ ਦੇ ਹੀ ਮਹਿਕਮੇ ਦਾ ਹੀ ਇੱਕ ਵਿੰਗ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਪ੍ਰਸੰਸਾਯੋਗ ਕਦਮ ਹੈ ਜੋ ਜ਼ਿਲ੍ਹਾ ਪੁਲਿਸ ਮੁਖੀ ਖੁਦ ਹੀ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੇਲ ਲਾਇਨਾਂ ਦੀ ਜਾਂਚ ਕਰ ਰਹੇ ਹਨ।
ਇਸ ਸਬੰਧੀ ਸਟੇਸ਼ਨ ਮਾਸਟਰ ਰਾਮ ਸਵਰੂਪ ਮੀਨਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਰੇਲ ਗੱਡੀਆਂ ਬੰਦ ਰਹੀਆਂ ਹਨ, ਜਿਸ ਪਿੱਛੋਂ ਹੁਣ ਮੁੜ ਗੱਡੀਆਂ ਦੇ ਚਾਲੂ ਹੋਣ ਤੋਂ ਪਹਿਲਾਂ ਰੇਲ ਲਾਇਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ‘ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਵੀ ਇੱਛਾ ਜਾਹਰ ਕੀਤੀ ਕਿ ਉਹ ਖੁਦ ਜਾ ਕੇ ਰੇਲ ਲਾਇਨਾਂ ਦੀ ਚੈਕਿੰਗ ਕਰਨਗੇ। ਉਨ੍ਹਾਂ ਕਿਹਾ ਕਿ ਅਚਾਨਕ ਹੀ ਕੋਈ ਤਕਨੀਕੀ ਨੁਕਸ ਆਉਣ ਕਾਰਨ ਟਰਾਲੀ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਐਸਐਸਪੀ ਤੇ ਐਸਪੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.