ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੁਧਿਆਣਾ (Ludhiana News) ’ਚ ਜਗਰਾਓਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਐਲੀਵੇਟਿਡ ਫਲਾਈਓਵਰ ਨੇ ਕਈ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਮੱਦੇਨਜ਼ਰ ਹੁਣ ਟਰੈਫਿਕ ਪੁਲੀਸ ਵੱਲੋਂ ਇਸ ਪੁਲ ’ਤੇ ਸਪੀਡ ਰਾਡਾਰ ਮੀਟਰ ਲਾ ਦਿੱਤਾ ਗਿਆ ਹੈ। ਇਸ ਪੁਲ ’ਤੇ ਇੱਕ ਸਾਲ ’ਚ ਕਰੀਬ 4-5 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਫਤੇ ’ਚ ਕਰੀਬ 3 ਤੋਂ 4 ਦਿਨ ਇਸ ਪੁਲ ’ਤੇ ਸਪੀਡ ਰਡਾਰ ਮੀਟਰ ਲਾਏ ਜਾਣਗੇ, ਤਾਂ ਜੋ ਤੇਜ਼ ਰਫਤਾਰ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਪੁਲ ’ਤੇ ਕਾਰ ਚਾਲਕ 40 ਕਿਲੋਮੀਟਰ ਦੀ ਰਫ਼ਤਾਰ ਨਾਲ ਗੱਡੀ ਚਲਾ ਸਕਦੇ ਹਨ ਪਰ ਇੱਥੇ ਡਰਾਈਵਰ ਸਪੀਡ 40 ਤੋਂ ਉਪਰ ਹੀ ਰੱਖਦੇ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਸਪੀਡ 60 ਤੋਂ ਵੱਧ ਹੈ, ਤਾਂ ਸਪੀਡ ਮੀਟਰ ਤੁਰੰਤ ਇਸ ਨੂੰ ਨੋਟ ਕਰੇਗਾ।
ਇਸ ਪੁਲ ’ਤੇ ਪਿਛਲੇ 2 ਸਾਲਾਂ ’ਚ ਕਰੀਬ 10 ਤੋਂ 15 ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਪੁਲ ਨੂੰ ਖੂਨੀ ਪੁਲ ਵੀ ਕਿਹਾ ਜਾਂਦਾ ਹੈ ਕਿਉਕਿ ਜਦੋਂ ਇਹ ਬਣਾਇਆ ਗਿਆ ਸੀ ਤਾਂ ਇਸ ਦੇ ਸਾਈਡਾਂ ਨੂੰ ਢੱਕਿਆ ਨਹੀਂ ਗਿਆ ਸੀ, ਜਿਸ ਕਾਰਨ ਕਰੀਬ 1 ਮਹੀਨੇ ਵਿੱਚ 4 ਤੋਂ 6 ਲੋਕ ਪੁਲ ਤੋਂ ਹੇਠਾਂ ਡਿੱਗ ਕੇ ਮਰ ਜਾਂਦੇ ਸਨ। ਹਾਦਸਿਆਂ ਦੀ ਵਧਦੀ ਗਿਣਤੀ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਨੇ ਪੁਲ ਨੂੰ ਲੋਹੇ ਦੀਆਂ ਚਾਦਰਾਂ ਨਾਲ ਢੱਕ ਦਿੱਤਾ।
ਓਵਰ ਸਪੀਡ ’ਤੇ ਤਿੰਨ ਮਹੀਨਿਆਂ ਲਈ ਲਾਇਸੈਂਸ ਰੱਦ | Ludhiana News
ਦੱਸ ਦੇਈਏ ਕਿ ਜੇਕਰ ਓਵਰ ਸਪੀਡ ’ਤੇ ਡਰਾਈਵਰ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਕਾਨੂੰਨੀ ਤੌਰ ’ਤੇ ਉਸ ਦਾ ਡਰਾਈਵਿੰਗ ਲਾਇਸੈਂਸ ਵੀ ਤਿੰਨ ਮਹੀਨਿਆਂ ਲਈ ਰੱਦ ਕਰ ਦਿੱਤਾ ਜਾਂਦਾ ਹੈ। ਉਹ ਵਿਅਕਤੀ ਤਿੰਨ ਮਹੀਨਿਆਂ ਤੱਕ ਕਿਸੇ ਕਿਸਮ ਦਾ ਵਾਹਨ ਨਹੀਂ ਚਲਾ ਸਕਦਾ ਹੈ। ਇਸ ਤੋਂ ਬਾਅਦ ਡਰਾਈਵਰ ਨੂੰ ਟਰਾਂਸਪੋਰਟ ਵਿਭਾਗ ਤੋਂ ਟਰੈਫਿਕ ਨਿਯਮਾਂ ਦੀ ਸਿਖਲਾਈ ਲੈਣੀ ਪਵੇਗੀ ਅਤੇ ਫਿਰ ਕਿਸੇ ਵੀ ਸਕੂਲ ’ਚ 20 ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਪੜ੍ਹਾਉਣਾ ਹੋਵੇਗਾ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੰੂ ਕਰਵਾਉਣ ਦੀ ਲੋੜ ਹੈ। ਜਿਸ ਸਕੂਲ ਵਿੱਚ ਉਹ ਟਰੇਨਿੰਗ ਦੇਣਗੇ, ਉਸ ਦਾ ਨੋਡਲ ਅਫ਼ਸਰ ਸਰਟੀਫਿਕੇਟ ਦੇਵੇਗਾ। ਉਸ ਤੋਂ ਬਾਅਦ ਹੀ ਵਿਅਕਤੀ ਦੁਬਾਰਾ ਵਾਹਨ ਚਲਾਉਣ ਦੇ ਯੋਗ ਹੋਵੇਗਾ।