ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Dussehra ’ਤੇ ...

    Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ

    Dussehra
    Dussehra

    Dussehra: ਹਰ ਸਾਲ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ (ਰਾਵਣ ਦਾ ਭਰਾ) ਅਤੇ ਮੇਘਨਾਥ (ਰਾਵਣ ਦਾ ਪੁੱਤ) ਦੇ ਪੁਤਲੇ ਸਾੜਦੇ ਹਾਂ ਅਤੇ ਇਸ ਨੂੰ ਬਦੀ ਉੱਪਰ ਨੇਕੀ ਦੀ ਜਿੱਤ ਐਲਾਨਦੇ ਹਾਂ। ਪਰ ਜੇਕਰ ਅਸੀਂ ਆਪਣੇ ਸਮਾਜਿਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਵਿਚ ਅਜੇ ਵੀ ਬਦੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੈ। ਕਹਿਣ ਨੂੰ ਤਾਂ ਅਸੀਂ ਇੱਕਵੀਂ ਸਦੀ ਵਿਚ ਵਿਚਰ ਰਹੇ ਹਾਂ ਪਰ ਮਾਨਸਿਕ ਪੱਖੋਂ ਅੱਜੇ ਵੀ ਡਾਵਾਂਡੋਲ ਹੀ ਹੋਏ ਫਿਰ ਰਹੇ ਹਾਂ। ਦੁਸਹਿਰੇ ਵਾਲੇ ਦਿਨ ਰਾਵਣ ਦੀ ਬੁਰਾਈ ਤਾਂ ਚਿਤਵ ਲੈਂਦੇ ਹਾਂ ਪਰ ਜਿਹੜੀਆਂ ਬੁਰਾਈਆਂ/ਬਦੀਆਂ ਅਸੀਂ ਸੁੱਤੇ-ਸਿੱਧ ਹੀ ਕਰ ਜਾਂਦੇ ਹਾਂ ਉਨ੍ਹਾਂ ਵੱਲੋਂ (ਜਾਣ-ਬੁੱਝ) ਬੇਧਿਆਨੇ ਹੋਏ ਰਹਿੰਦੇ ਹਾਂ। ਇੱਥੇ ਇੱਕ ਵਿਡੰਬਨਾ ਇਹ ਵੀ ਹੈ ਕਿ ਅਸੀਂ ਆਪਣੀ ਬੁਰਾਈ ਨੂੰ ਚੰਗਿਆਈ ਦੀ ਚਾਸ਼ਣੀ ਵਿਚ ਭਿਉਂ ਕੇ ਇਸ ਤਰ੍ਹਾਂ ਪੇਸ਼ ਕਰਦੇ/ਦਿਖਾਉਂਦੇ ਹਾਂ ਕਿ ਓਪਰੀ ਨਜ਼ਰੇ ਦੇਖਿਆਂ ਕਿਸੇ ਨੂੰ ਉਹ ਬੁਰਾਈ ਨਜ਼ਰ ਹੀ ਨਹੀਂ ਆਉਂਦੀ।

    ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ

    ਸਿਧਾਂਤਕ ਅਤੇ ਵਿਹਾਰਕ ਪੱਖੋਂ ਸਾਡਾ ਜੀਵਨ ਵਡੇਰੀਆਂ ਵਿੱਥਾਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਸਾਡੇ ਵਿਚੋਂ ਬਹੁਤਿਆਂ ਦੀ ਹਯਾਤੀ ਦਾ ਅਮਲੀ ਪੱਖ ‘ਹਾਥੀ ਦੇ ਦੰਦਾਂ’ ਵਰਗਾ ਹੋਇਆ ਪਿਆ ਹੈ। ਅਸੀਂ ਜੋ ਕਹਿੰਦੇ ਹਾਂ ਕਰਦੇ ਨਹੀਂ ਅਤੇ ਜੋ ਕਰਦੇ ਹਾਂ ਉਹ ਛੇਤੀ ਕੀਤਿਆਂ ਕਿਸੇ ਨੂੰ ਕਹਿੰਦੇ ਨਹੀਂ। ਸੱਚੇ ਅਤੇ ਸੁੱਚੇ ਜੀਵਨ ਦੀ ਹਾਮੀ ਸਾਡੇ ਗੁਰੂਆਂ-ਪੀਰਾਂ ਨੇ ਖੁੱਲ੍ਹ ਕੇ ਭਰੀ ਹੈ ਪਰ ਸਾਡੇ ਵੱਲੋਂ ਅਜੇ ਵੀ ਇਸ ਜੀਵਨ ਦੀ ਪੂਰਨ ਹਮਾਇਤ ਨਹੀਂ ਕੀਤੀ ਜਾ ਰਹੀ।

    ਆਪਣੇ ਨਿੱਜੀ ਅਤੇ ਪਰਿਵਾਰਕ ਹਿੱਤਾਂ ਨੂੰ ਪਿਆਰਦਿਆਂ ਅਸੀਂ ਅਕਸਰ ਹੀ ਝੂਠ ਅਤੇ ਜੂਠ ਦਾ ਸਹਾਰਾ ਲੈ ਲੈਂਦੇ ਹਾਂ ਅਤੇ ਮਹਾਂਪੁਰਖਾਂ ਦੇ ਬਚਨਾਂ ਤੋਂ ਬੇਮੁੱਖ ਹੋ ਜਾਂਦੇ ਹਾਂ। ਸਾਡੇ ਗੁਰੁੂ ਸਾਹਿਬਾਨ ਨੇ ਹਉਮੈ (ਹੰਕਾਰ) ਨੂੰ ਦੀਰਘ ਰੋਗ ਕਹਿ ਕੇ ਇਸ ਤੋਂ ਬਚਣ ਲਈ ਉਪਦੇਸ਼ਿਆ ਹੈ ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਸਿਰਫ ਸੁਣਨ-ਸੁਣਾਉਣ ਤੱਕ ਹੀ ਸੀਮਤ ਕਰ ਛੱਡਦੇ ਹਾਂ। ਕਈ ਮਾਮਲਿਆਂ ਵਿਚ ਸਾਡੀ ਹਉਮੈ/ਹੰਕਾਰ ਦਾ ਕੱਦ ਰਾਵਣ ਦੇ ਹੰਕਾਰ ਤੋਂ ਕਿਤੇ ਵੱਡਾ ਨਿੱਕਲ ਜਾਂਦਾ ਹੈ ਅਤੇ ਸਾਡੀਆਂ ਬਦੀਆਂ ਉਸ ਤੋਂ ਵੀ ਕਈ ਗੁਣਾ ਭਾਰੀਆਂ ਸਾਬਤ ਹੁੰਦੀਆਂ ਹਨ। Dussehra

    ਕਿਸੇ ਦੇ ਦੁੱਖ਼ ਨੂੰ ਵੰਡਾਉਣ ਜਾਂ ਘਟਾਉਣ ਦੀ ਭਾਵਨਾ ਸਾਡੇ ਵਿਚੋਂ ਕਾਫੀ ਹੱਦ ਤੱਕ ਮਨਫ਼ੀ ਹੋ ਚੁੱਕੀ ਹੈ। ਦੁੱਖ ਨੂੰ ਵੰਡਉਣਾ ਤਾਂ ਇੱਕ ਪਾਸੇ ਰਿਹਾ ਅਸੀਂ ਤਾਂ ਕਈ ਵਾਰ ਦੂਜਿਆਂ ਦੇ ਦੁੱਖ ਵਿਚ ਵੀ ਸੁੱਖ ਮਹਿਸੂਸਣ ਲੱਗ ਪੈਂਦੇ ਹਾਂ। ਰਾਵਣ ਦੇ ਪੁਤਲਿਆਂ ਨੂੰ ਸਾੜਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪੋ-ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਸਾਡੇ ਆਪਣੇ ਕਿਰਦਾਰਾਂ ਵਿਚ ਕਿਧਰੇ ਕੋਈ ਛੇਕ ਤਾਂ ਨਹੀਂ, ਜੇਕਰ ਹੈ ਤਾਂ ਫਿਰ ਸਾਡੀ ਸਾਂਝ ਛਾਣਨੀ ਨਾਲ ਜੁੜਦੀ ਹੈ ਛੱਜ ਨਾਲ ਨਹੀਂ।

    ਇਹ ਵੀ ਪੜ੍ਹੋ: Punjab News: ਪੰਜਾਬ ’ਚ ਕਣਕ ਦੇ ਬੀਜਾਂ ’ਤੇ ਸਬਸਿਡੀ ਖਤਮ, ਕਿਸਾਨਾਂ ’ਤੇ ਪਵੇਗਾ ਕਰੋੜਾਂ ਰੁਪਏ ਦਾ ਭਾਰ

    ਛਾਣਨੀ ਵਰਗਾ ਕਿਰਦਾਰ ਲੈ ਕੇ ਅਸੀਂ ਛੱਜ ਵਰਗੀ ਆਵਾਜ਼ ਕੱਢਣ ਦਾ ਹੱਕ ਨਹੀਂ ਰੱਖਦੇ। ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਸਹਿਯੋਗੀਆਂ ਦੇ ਵੱਡੇ-ਵੱਡੇ ਪੁਤਲਿਆਂ ਨੂੰ ਸਾੜ ਕੇ ਬਦੀ ਉੱਪਰ ਨੇਕੀ ਨੂੰ ਭਾਰੂ ਹੁੰਦੀ ਤਾਂ ਦਿਖਾ ਦਿੰਦੇ ਹਾਂ ਪਰ ਆਪਣੇ ਅੰਦਰਲੇ ਰਾਵਣਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ (ਪਵਿੱਤਰ ਗੁਰਬਾਣੀ ਅਨੁਸਾਰ ਪੰਜ ਚੋਰਾਂ) ਨੂੰ ਅਗਨ-ਭੇਟ ਨਹੀਂ ਹੋਣ ਦਿੰਦੇ ਕਿਉਂਕਿ ਇਨ੍ਹਾਂ ਨੂੰ ਅਸੀਂ ਮੁੱਢ ਤੋਂ ਹੀ ਆਪਣੇ ਹਿੱਤਕਾਰੀ ਮੰਨਦੇ ਆ ਰਹੇ ਹਾਂ ਅਤੇ ਆਪਣੇ ਸਵਰਥਾਂ ਦੀ ਸਿੱਧੀ ਤੱਕ ਮੰਨਦੇ ਰਹਾਂਗੇ।

    ਸਦੀਆਂ ਤੋਂ ਚੱਲਦੀ ਆ ਰਹੀ ਰਿਵਾਇਤ ਨੂੰ ਮੋਢਾ ਦੇਈ ਰੱਖਣ ਨਾਲੋਂ ਸਾਨੂੰ ਆਪਣੇ ਕਾਰ-ਵਿਹਾਰ ਨੂੰ ਤਰਕਸੰਗਤ ਬਣਾਉਣਾ ਚਾਹੀਦਾ ਹੈ ਅਤੇ ਲੋਕ ਦਿਖਾਵੇ ਦੀ ਸਾੜ-ਫੂਕ ਨਾਲੋਂ ਸਾਨੂੰ ਆਪਣੇ ਸਮਾਜ ਵਿਚਲੀਆਂ ਬੁਰਾਈਆਂ/ਬਦੀਆਂ ਜਿਵੇਂ ਭਿ੍ਰਸ਼ਟਾਚਾਰ, ਭਰੂਣ ਹੱਤਿਆ, ਗ਼ਰੀਬੀ, ਅਨਪੜ੍ਹਤਾ, ਰਿਸ਼ਵਤਖ਼ੋਰੀ ਅਤੇ ਜ਼ਬਰ ਜਨਾਹ ਆਦਿ ਨੂੰ ਸਾੜਨ/ਖ਼ਤਮ ਕਰਨ ਲਈ ਤੀਲੀ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਸਹੀ ਅਰਥਾਂ ਵਿਚ ਅਸੀਂ ਇਨ੍ਹਾਂ ਰਾਵਣ ਰੂਪੀ ਵਿਕਰਾਲ ਬਿਮਾਰੀਆਂ ਉਰਫ਼ ਬੁਰਾਈਆਂ ਤੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰ ਸਕੀਏ ਅਤੇ ਦੁਸਹਿਰੇ ਦਾ ਅਸਲੀ ਅਨੰਦ ਲੈ ਸਕੀਏ। Dussehra
    ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)

    LEAVE A REPLY

    Please enter your comment!
    Please enter your name here