ਕਈ ਵਾਰ ਪ੍ਰੇਰਨਾ ਵੀ ਦਿੰਦੀਆਂ ਨੇ ਟਰੱਕਾਂ ਪਿੱਛੇ ਲਿਖੀਆਂ ਤੁਕਾਂ

Trucks

ਅਸੀਂ ਸਫਰ ਕਰਦੇ ਸਮੇਂ ਸੜਕਾਂ ’ਤੇ ਚੱਲਣ ਵਾਲੇ ਬੱਸਾਂ, ਟਰੱਕਾਂ, ਟੈਂਪੂਆਂ ਤੇ ਟਰੈਕਟਰ-ਟਰਾਲੀਆਂ ਆਦਿ ਪਿੱਛੇ ਲਿਖੀ ਸ਼ਾਇਰੀ ਅਕਸਰ ਦੇਖਦੇ ਹਾਂ। ਇਹ ਸ਼ਾਇਰੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਪ੍ਰੇਰਿਤ ਕਰਦੀ ਹੈ ਅਤੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਦੀ ਹੈ। ਟਰੱਕ ਡਰਾਈਵਰਾਂ ਨੂੰ ਜਿੱਥੇ ਆਪਣੀ ਗੱਡੀ ਸਜਾਉਣ ਦਾ ਚਾਅ ਹੁੰਦਾ ਹੈ, ਉੱਥੇ ਹੀ ਜ਼ਿਆਦਾਤਰ ਡਰਾਈਵਰ ਸ਼ਾਇਰੀ ਲਿਖਵਾਉਣ ਦੇ ਸ਼ੌਕੀਨ ਹੁੰਦੇ ਹਨ। ਫਿਰ ਭਾਵੇਂ ਇਸ ਸ਼ਾਇਰੀ ਦਾ ਰੂਪ ਕੋਈ ਵੀ ਹੋਵੇ।

ਅਜੇ ਕੁੱਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੇ ਪਹਾੜੀ ਰਸਤਿਆਂ ’ਚੋਂ ਗੁਜ਼ਰਨ ਦਾ ਸਬੱਬ ਬਣਿਆ। ਇੱਥੇ ਉੱਚੇ-ਨੀਵੇਂ ਪਹਾੜਾਂ ਉੱਪਰ ਉੱਚਾਈ-ਚੜ੍ਹਾਈ ਅਤੇ ਵਿੰਗ-ਵਲੇਵੇਂ ਖਾਂਦੀਆਂ ਤੰਗ ਸੜਕਾਂ ਚੰਗੇ-ਚੰਗਿਆਂ ਦਾ ਦਿਲ ਦਹਿਲਾਉਣ ਲਈ ਕਾਫੀ ਹਨ। ਪਰ ਅਜਿਹੇ ’ਚ ਦਿਲਾਸਾ ਦੇਣ ਲਈ ਡਰਾਈਵਰ ਵੀਰ ਵੀ ਕਿਸੇ ਤੋਂ ਘੱਟ ਨਹੀਂ। ਇੱਕ ਡਰਾਈਵਰ ਨੇ ਗੱਡੀ ਦੇ ਪਿੱਛੇ ਲਿਖਵਾਇਆ ਹੋਇਆ ਸੀ, ‘ਮੰਜ਼ਿਲ ਮੌਤ ਹੈ ਸਫਰ ਕਾ ਮਜ਼ਾ ਲੀਜੀਏ’। Trucks

ਇਸੇ ਤਰ੍ਹਾਂ ਸਾਡੇ ਪੰਜਾਬੀ ਡਰਾਈਵਰ ਵੀ ਵਾਹਲਾ ਕੱਬਾ ਸੁਭਾਅ ਚੱਕੀ ਫਿਰਦੇ ਹਨ। ਘਰੇਲੂ ਰਿਸਤਿਆਂ ਤੋਂ ਅੱਕੇ ਇੱਕ ਡਰਾਈਵਰ ਨੇ ਆਪਣੇ ਟਰੱਕ ਦੇ ਪਿੱਛੇ ਲਿਖਿਆ ਹੋਇਆ ਸੀ, ‘ਮੱਛਰ ਤੇ ਜਨਾਨੀ ਜੰਮੇ ਹੀ ਲੜਨ ਵਾਸਤੇ ਨੇ’। ਡਰਾਈਵਰਾਂ ਵੱਲੋਂ ਆਪਣੀਆਂ ਗੱਡੀਆਂ ਉੱਪਰ ਲਾਏ ਗਏ ਤਰ੍ਹਾਂ-ਤਰ੍ਹਾਂ ਦੇ ਸਟਿੱਕਰ, ਲੋਕ ਨਾਇਕਾਂ ਦੀਆਂ ਤਸਵੀਰਾਂ ਅਤੇ ਸ਼ਾਨਦਾਰ ਪੇਂਟਿੰਗਜ਼ ਲੋਕ-ਖਿੱਚ ਦਾ ਕਾਰਨ ਬਣਦੇ ਹਨ। ਡਰਾਈਵਰ ਆਪਣੀ ਗੱਡੀ ਨੂੰ ਰੀਝਾਂ ਲਾ-ਲਾ ਸ਼ਿੰਗਾਰਦੇ ਹਨ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹਨ, ਇਸੇ ਕਰਕੇ ਕਈ ਡਰਾਈਵਰ ਲਿਖਵਾਉਂਦੇ ਹਨ, ‘ਜੁੱਤੀ ਝਾੜ ਕੇ ਚੜ੍ਹੀਂ ਮੁਟਿਆਰੇ, ਗੱਡੀ ਐ ਸ਼ੌਕੀਨ ਜੱਟ ਦੀ’।

ਧੀਆਂ ਦਾ ਸਤਿਕਾਰ ਕਰੋ, ਪੁੱਤਾਂ ਵਾਂਗੂੰ ਪਿਆਰ ਕਰੋ

ਸਰਕਾਰੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ’ਚ ਇਨ੍ਹਾਂ ਟਰੱਕ ਡਰਾਈਵਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਟਰੱਕਾਂ ਪਿੱਛੇ ਲਿਖਿਆ ਅਕਸਰ ਦਿਸਣ ਵਾਲਾ ਵਾਕ ‘ਬੱਚੇ ਦੋ ਹੀ ਕਾਫੀ, ਹੋਰ ਤੋਂ ਮਾਫੀ’ ਛੋਟੇ ਅਤੇ ਸੁਖੀ ਪਰਿਵਾਰ ਦੀ ਹਾਮੀ ਭਰਦਾ ਹੈ। ਇਸੇ ਤਰ੍ਹਾਂ ਇੱਕ ਨੇ ਲਿਖਵਾਇਆ ਸੀ, ‘ਧੀਆਂ ਦਾ ਸਤਿਕਾਰ ਕਰੋ, ਪੁੱਤਾਂ ਵਾਂਗੂੰ ਪਿਆਰ ਕਰੋ’। ਕੋਰੋਨਾ ਕਾਲ ’ਚ ਜਾਗਰੂਕਤਾ ਫੈਲਾਉਣ ਦੇ ਮਾਮਲੇ ’ਚ ਵੀ ਡਰਾਈਵਰ ਵੀਰਾਂ ਦਾ ਯੋਗਦਾਨ ਹੱਲਾਸ਼ੇਰੀ ਦੇਣ ਵਾਲਾ ਸੀ। ਇੱਕ ਡਰਾਈਵਰ ਨੇ ਆਪਣੇ ਟਰੱਕ ਪਿੱਛੇ ਲਿਖਿਆ ਸੀ, ‘ਛੱਡੋ ਅਫਵਾਹਾਂ, ਲਗਵਾਓ ਵੈਕਸੀਨ। ਭੱਜੇਗਾ ਕਰੋਨਾ, ਜ਼ਿੰਦਗੀ ਹੋਵੇਗੀ ਹਸੀਨ’।

ਡਰਾਈਵਰ ਭਾਈਚਾਰੇ ਨੂੰ ਅਕਸਰ ਫ਼ਿਲਮਾਂ ’ਚ ਸ਼ਰਾਬੀ-ਕਬਾਬੀ ਦਿਖਾਇਆ ਜਾਂਦਾ ਹੈ ਪਰ ਇਹ ਸੱਚ ਨਹੀਂ ਕਿਉਂਕਿ ਬਹੁ-ਗਿਣਤੀ ਟਰੱਕ ਵੀਰ ਅਜਿਹੇ ਵੀ ਹਨ ਜਿਹੜੇ ਨਸ਼ੇ ਤੋਂ ਕੋਹਾਂ ਦੂਰ ਹਨ ਅਤੇ ਦੂਜਿਆਂ ਨੂੰ ਸੇਧ ਦਿੰਦੇ ਹੋਏ ਆਪਣੀ ਗੱਡੀ ’ਤੇ ਕੁੱਝ ਇੰਝ ਲਿਖਵਾਉਂਦੇ ਹਨ, ‘ਮੈਂ ਬਹੁਤ ਖੂਬਸੂਰਤ ਹਾਂ ਮੈਨੂੰ ਨਜ਼ਰ ਨਾ ਲਗਾਉਣਾ, ਜ਼ਿੰਦਗੀ ਭਰ ਸਾਥ ਦਿਆਂਗੀ ਕਦੇ ਪੀ ਕੇ ਨਾ ਚਲਾਉਣਾ’। ਕਈ ਲਿਖਦੇ ਹਨ, ‘ਸਾਵਧਾਨੀ ਹਟੀ, ਦੁਰਘਟਨਾ ਘਟੀ’। ਰਾਤ-ਦਿਨ ਇੱਕ ਕਰਕੇ ਲੱਕ-ਤੋੜਵੀਆਂ ਕਮਾਈਆਂ ਕਰਦੇ ਹੋਏ ਕੁੱਝ ਟਰੱਕ ਡਰਾਈਵਰ ਆਪਣੇ ਅਤੇ ਲੋਕਾਂ ਦੇ ਮਨ ਨੂੰ ਧਰਵਾਸ ਦਿੰਦੇ ਹੋਏ ਲਿਖਵਾਉਂਦੇ ਹਨ, ‘ਵਕਤ ਤੋਂ ਪਹਿਲਾਂ ਅਤੇ ਨਸੀਬ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ’।

ਆਪਣੇ ਦਿਲ ਅਤੇ ਹਾਲਾਤ ਹੱਥੋਂ ਮਜ਼ਬੂਰ ਹਰ ਸਮੇਂ ਡਰਾਈਵਰੀ ਦੇ ਕੰਮ ’ਚ ਰੁੱਝੇ ਰਹਿਣ ਵਾਲੇ ਇੱਕ ਟਰੱਕ ਡਰਾਈਵਰ ਨੇ ਆਪਣੇ ਦਿਲ ਦੇ ਅੰਦਰ ਲੁਕੋਏ ਹਾਸੇ-ਠੱਠੇ ਅਤੇ ਜ਼ਜ਼ਬਾਤਾਂ ਨੂੰ ਟਰੱਕ ਦੇ ਪਿੱਛੇ ਕੁੱਝ ਇੰਜ ਉਕੇਰਿਆ, ‘ਚਿੱਕੜ ’ਚ ਪੈਰ ਰੱਖੇਂਗੀ ਤਾਂ ਧੋਣਾ ਪਵੇਗਾ, ਡਰਾਈਵਰ ਨਾਲ ਵਿਆਹ ਕਰੇਂਗੀ ਤਾਂ ਰੋਣਾ ਪਵੇਗਾ’।

ਖਾਂਦੀ-ਪੀਂਦੀ ਸੰਗ ਨਾ ਕਰੀਂ, ਤੁਰੀ ਜਾਂਦੀ ਤੰਗ ਨਾ ਕਰੀਂ

ਨਵੀਂ ਲਈ ਗਈ ਗੱਡੀ ’ਤੇ ‘ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ’ ਲਿਖਵਾਉਣ ਦਾ ਵੀ ਕਾਫੀ ਰੁਝਾਨ ਰਿਹਾ ਹੈ। ਕਈ ਇਹ ਵੀ ਲਿਖਵਾਉਂਦੇ ਹਨ, ‘ਸੜ ਨਾ ਰੀਸ ਕਰ’। ਕਈ ਇਸ ਤੋਂ ਵੀ ਦੋ ਕਦਮ ਅੱਗੇ ਚੱਲਦੇ ਹਨ ਅਤੇ ਲਿਖਵਾਉਂਦੇ ਹਨ, ‘ਬੁਰੀ ਨਜਰ ਵਾਲੇ ਤੇਰੇ ਬੱਚੇ ਜੀਣ, ਵੱਡੇ ਹੋ ਕੇ ਤੇਰਾ ਖੂਨ ਪੀਣ’।

ਬੱਸਾਂ ਅਤੇ ਆਟੋਆਂ ਪਿੱਛੇ ਅਕਸਰ ਹੀ ਲਿਖਿਆ ਦੇਖਣ ਨੂੰ ਮਿਲਦਾ ਹੈ, ‘ਸਾਡੀ ਸਵਾਰੀ, ਜਾਨ ਤੋਂ ਪਿਆਰੀ’। ਇਸੇ ਤਰ੍ਹਾਂ ਅਕਸਰ ਹੀ ਸਮਾਨ ਢੋਣ ਵਾਲੇ ਛੋਟੇ ਟੈਂਪੂਆਂ ਦੇ ਪਿੱਛੇ ਲਿਖਿਆ ਹੁੰਦਾ ਹੈ, ‘ਵੱਡਾ ਹੋ ਕੇ ਟਰੱਕ ਬਣਾਂਗਾ’। ਕਈ ਤਾਂ ਹੱਦ ਕਰਦੇ ਹੋਏ ਤੇਲ ਵਾਲੀ ਟੈਂਕੀ ’ਤੇ ਲਿਖਵਾਉਂਦੇ ਹਨ, ‘ਖਾਂਦੀ-ਪੀਂਦੀ ਸੰਗ ਨਾ ਕਰੀਂ, ਤੁਰੀ ਜਾਂਦੀ ਤੰਗ ਨਾ ਕਰੀਂ’।

ਕਈ ਵਾਰ ਘਰੇਲੂ ਸਬੰਧਾਂ ’ਤੇ ਨਿਹੋਰੇ ਮਾਰਦਾ, ‘ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਂਵਾਂ’ ਵਾਕ ਵੀ ਲੋਕਾਂ ਨੂੰ ਝੰਜੋੜਦਾ ਹੋਇਆ ਆਪਣੇ ਮਾਪਿਆਂ ਦੀ ਸਾਂਭ-ਸੰਭਾਲ ਰੱਖਣ ਅਤੇ ਉਨ੍ਹਾਂ ਦਾ ਮਾਣ-ਸਤਿਕਾਰ ਕਰਨ ਲਈ ਪ੍ਰੇਰਿਤ ਕਰ ਜਾਂਦਾ ਹੈ। ਇਸੇ ਤਰ੍ਹਾਂ ਇੱਕ ਹੋਰ ਟਰੱਕ ਡਰਾਈਵਰ ਨੇ ਆਪਣੇ ਪਰਿਵਾਰ ਤੋਂ?ਦੂਰ ਰਹਿ ਕੇ ਕਮਾਈ ਕਰਨ ਦੀ ਮਜ਼ਬੂਰੀ ਨੂੰ ਇੱਕ ਗੀਤ ਦੀਆਂ ਤੁਕਾਂ, ‘ਕਿਤੇ ’ਕੱਲੀ ਬਹਿ ਕੇ ਸੋਚੀਂ ਅਸੀਂ ਕੀ ਨੀ ਕੀਤਾ ਤੇਰੇ ਲਈ’ ਰਾਹੀਂ ਬਿਆਨ ਕੀਤਾ ਅਤੇ ਇਸ ਨਾਲ ਲੱਗੀ ਲੜਕੀ ਦੀ ਪੇਂਟਿੰਗ ਵਾਲੀ ਤਸਵੀਰ ਨੇ ਬਹੁਤਿਆਂ ਦਾ ਮਨ ਟੁੰਬਿਆ ਹੋਵੇਗਾ।

ਜੱਗ ਜਿਉਂਦਿਆਂ ਦੇ ਮੇਲੇ

ਕਈਆਂ ਨੂੰ ਇਹ ਦੇਖ ਕੇ ਇੰਝ ਵੀ ਮਹਿਸੂਸ ਹੋਇਆ ਕਿ ਜੇਕਰ ਮਰਦ ਪਰਿਵਾਰਕ ਰਿਸ਼ਤਿਆਂ ਲਈ ਕੁਰਬਾਨੀ ਦਿੰਦਾ ਹੈ ਤਾਂ ਔਰਤ ਵੀ ਉਸ ਤੋਂ ਕਿਸੇ ਪੱਖੋਂ ਘੱਟ ਨਹੀਂ। ਇਸੇ ਤਰ੍ਹਾਂ, ‘ਰੱਬ ਦਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆਂ’, ‘ਹਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ’, ‘ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’, ‘ਚੱਲ ਬਿੱਲੋ ਤੇਰਾ ਰੱਬ ਰਾਖਾ’, ‘ਜੱਗ ਜਿਉਂਦਿਆਂ ਦੇ ਮੇਲੇ’, ‘ਜੀ. ਟੀ. ਰੋਡ ’ਤੇ ਦੁਹਾਈਆਂ ਪਾਵੇ, ਨੀ ਯਾਰਾਂ ਦਾ ਟਰੱਕ ਬੱਲੀਏ’, ‘ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ’, ‘ਸੌਖੀ ਨੀ ਡਰਾਈਵਰੀ ਬਿੱਲੋ ਪੈਂਦੇ ਸੱਪਾਂ ਦੀ ਸਿਰੀ ਤੋਂ ਨੋਟ ਚੁੱਕਣੇ’, ‘ਦਿੰਦਾ ਹੈ ਰੱਬ ਸੜਦੇ ਨੇ ਸਭ ਪਤਾ ਨਹੀਂ ਕਿਉਂ’, ‘ਜਿਨ੍ਹਾਂ ਕਰਕੇ ਦੁਨੀਆ ਦੇਖੀ, ਉਹ ਰਹਿਣ ਸਲਾਮਤ ਮਾਂਵਾਂ’, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਅਤੇ ‘ਭਰ ਕੇ ਚਲੀ, ਅਨਾਰ ਕਲੀ’ ਆਦਿ ਸ਼ਾਇਰਾਨਾ ਘਾੜਤਾਂ ਜਿੱਥੇ ਪੜ੍ਹਨ ਵਾਲਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ, ਉੱਥੇ ਹੀ ਉਨ੍ਹਾਂ ਦਾ ਮਨੋਰੰਜਨ ਕਰਦਿਆਂ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਹੋ ਨਿੱਬੜਦੀਆਂ ਹਨ।

ਅਬਦੁਲ ਗੱਫਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।