ਜ਼ਿੰਦਗੀ ਦੇ ਕੁਝ ਅਰਥ ਇਹ ਵੀ…

ਜ਼ਿੰਦਗੀ ਦੇ ਕੁਝ ਅਰਥ ਇਹ ਵੀ…

ਸਕੂਲ ਤੋਂ ਵਾਪਸੀ ਵੇਲੇ ਰਾਹ ਵਿੱਚ ਕਿਸੇ ਭੱਦਰ ਪੁਰਸ਼ ਦੀ ਅਰਥੀ ਪਿੱਛੇ ਅਥਾਹ ਇਕੱਠ ਨੂੰ ਵੇਖ ਕੇ ਮੇਰੀ ਅਧਿਆਪਕ ਪਤਨੀ ਨੇ ਸਹਿਜ਼ ਸੁਭਾਅੇ ਚੁੱਪੀ ਤੋੜਦੇ ਮੈਨੂੰ ਕਿਹਾ, ‘‘ਕਿਸੇ ਇਨਸਾਨ ਦੇ ਸਮਾਜ ਵਿੱਚ ਦਿੱਤੇ ਯੋਗਦਾਨ ਜਾਂ ਉਸ ਦੀ ਸ਼ਖਸੀਅਤ ਦਾ ਅੰਦਾਜਾ ਉਸ ਦੀ ਅਰਥੀ ਪਿੱਛੇ ਜਾਂਦੀ ਮਜਲ ਤੋਂ ਲਾਇਆ ਜਾ ਸਕਦਾ ਹੈ।’’ ਪਤਨੀ ਦੇ ਅਲਫਾਜ਼ਾਂ ਨਾਲ ਮੇਰੇ ਜ਼ਿਹਨ ਵਿੱਚ ਲਗਭਗ 28 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਹਲਾਕ ਹੋ ਚੁੱਕੇ ਪ੍ਰੋਫੈਸਰ ਐੱਸ. ਅੱੈਸ. ਕੌਲ ਦੀ ਗੁੰਮਨਾਮ ਮੌਤ ਦੀ ਕਹਾਣੀ ਘੁੰਮਣ ਲੱਗੀ।

ਸਾਂਵਲਾ ਰੰਗ, ਮਧਰਾ ਕੱਦ, ਤਿੱਖੇ ਨੈਣ ਨਕਸ਼, ਚੌੜਾ ਜੁੱਸਾ, ਫੁਰਤੀਲਾ ਸਰੀਰ, ਆਪਣੇ ਵਿਸ਼ੇ ਅੰਗਰੇਜੀ ਵਿੱਚ ਅੰਤਾਂ ਦੀ ਮੁਹਾਰਤ ਰੱਖਦਾ ਸੀ ਪ੍ਰੋਫੈਸਰ ਸੁਖਵਿੰਦਰ ਸਿੰਘ ਕੌਲ। ਇਹੀ ਕਾਰਨ ਸੀ ਕਿ ਮਹਿਜ਼ ਚੌਵੀ ਵਰਿ੍ਹਆਂ ਦੀ ਉਮਰ ਵਿੱਚ ਉਹ ਖਾਲਸਾ ਕਾਲਜ ਸੁਧਾਰ ਵਿੱਚ 1986-87 ਦੌਰਾਨ ਆਰਜੀ ਪ੍ਰੋਫੈਸਰ ਲੱਗ ਗਿਆ। ਫਿਰ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਉੜ-ਮੁੜ, ਰਿਪੁਦਮਨ ਕਾਲਜ ਨਾਭਾ, ਸਰਕਾਰੀ ਕਾਲਜ ਤਲਵਾੜਾ ਅਤੇ ਅੰਤ ਵਿੱਚ ਗੁਰੂ ਨਾਨਕ ਸਰਕਾਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ (ਰੋਡੇ) ਵਿਖੇ ਰੈਗੂਲਰ ਤੌਰ ’ਤੇ ਤਾਇਨਾਤ ਸੀ।

ਸ਼ਾਹੀ ਠਾਠ-ਬਾਠ ਵਾਲੇ ਰਿਪੁਦਮਨ ਕਾਲਜ ਨਾਭਾ ਤੋਂ ਹੀ ਪੋ੍ਰਫੈਸਰ ਕੌਲ ਨੇ ਅੰਗਰੇਜ਼ੀ ਵਿੱਚ ਐੱਮ. ਏ. ਕੀਤੀ ਤੇ ਉੱਥੇ ਹੀ ਉਹ ਲੈਕਚਰਾਰ ਨਿਯੁਕਤ ਹੋਇਆ। ਉਸ ਵਿੱਚ ਆਦਰਸ਼ ਅਧਿਆਪਕ ਵਾਲੇ ਗੁਣ ਸਨ। ਉਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਹਮੇਸ਼ਾ ਯਤਨਸ਼ੀਲ਼ ਰਹਿੰਦਾ ਸੀ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ ਕਿਰਿਆਵਾਂ ਵਿੱਚ ਵੀ ਅੱਗੇ ਲਿਆੳਣ ਦੇ ਮਨੋਰਥ ਨਾਲ ਉਸ ਨੇ 1988-89 ਦੌਰਾਨ ਨਾਭੇ ਵਿਖੇ ਯੂਥ ਡਰਾਮੈਟਿਕ ਕਲੱਬ ਦੀ ਸਥਾਪਨਾ ਕੀਤੀ। ਯੂਥ ਕਲੱਬ ਦੀਆਂ ਗਤੀਵਿਧੀਆਂ ਦਾ ਮਨੋਰਥ ਨੌਜਵਾਨਾਂ ਵਿੱਚ ਛੁਪੀਆਂ ਪ੍ਰਤਿਭਾਵਾਂ ਨੂੰ ਪਛਾਨਣਾ ਅਤੇ ਉਨ੍ਹਾਂ ਨੂੰ ਸਾਰਥਿਕ ਪਾਸੇ ਵੱਲ ਲਿਜਾਣਾ ਸੀ। ਇਸ ਤੋਂ ਇਲਾਵਾ ਨਵ-ਕਿਰਨ ਸਾਹਿਤ ਸਭਾ ਨਾਭਾ ਦੇ ਵੀ ਸਰਗਰਮ ਮੈਂਬਰ ਰਹੇ।

ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਮਾਲੀ ਮੱਦਦ ਵਾਸਤੇ ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਦਾ ਅਗਾਜ਼ ਵੀ ਉਸ ਸਮੇਂ ਕੀਤਾ। ਕਾਲਜ ਪੱਧਰ ’ਤੇ ਗਰੀਬ ਵਿਦਿਆਰਥੀਆਂ ਨੂੰ ਵੀ ਉਹ ਘਰ ਬੁਲਾ ਕੇ ਮੁਫਤ ਟਿਊਸ਼ਨ ਕਰਨ ਦਾ ਜ਼ਜ਼ਬਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਸੀ। ਪਰਿਵਾਰ ਵਿੱਚ ਵੀ ਉਹ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਅੰਗਰੇਜੀ ਵਿਸ਼ਾ ਖੂਬ ਪੜ੍ਹਾਉਂਦੇ ਸਨ। ਅੰਗਰੇਜੀ ਵਿਸ਼ੇ ਦੇ ਟੈਂਸ (ਕਾਲ) ਉਨ੍ਹਾਂ ਨੇ ਮੈਨੂੰ ਸੱਤਵੀਂ ਜਮਾਤ ਵਿੱਚ ਹੀ ਸਿਖਾ ਦਿੱਤੇ ਸਨ ਜਿਸ ਦੀ ਬਦੌਲਤ ਮੈਂ ਕਦੇ ਵੀ ਸਕੂਲ ਅਤੇ ਕਾਲਜ ਪੱਧਰ ਤੇ ਇਸ ਵਿਸ਼ੇ ਵਿੱਚ ਮਾਰ ਨਹੀਂ ਖਾਧੀ।

ਸਾਡੇ ਪਿਤਾ ਜੀ ਦੀ ਬਦਲੀ ਹਰੇਕ ਤਿੰਨ ਸਾਲ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ਵਿੱਚ ਹੋ ਜਾਂਦੀ ਸੀ ਜਿਸ ਕਰਕੇ ਸਾਡਾ ਆਪਣਾ ਕੋਈ ਸਥਾਈ ਘਰ-ਬਾਰ ਨਹੀਂ ਸੀ ।ਜੱਦੀ ਪਿੰਡ ਰਾਊਵਾਲ (ਲੁਧਿਆਣਾ) ਵਿਖੇ ਥੋੜ੍ਹੀ ਜਿਹੀ ਥਾਂ ਸੀ ਉਸ ਉੱਪਰ ਵੀ ਚਾਚੇ ਨੇ ਪਿਤਾ ਜੀ ਦੀ ਸਹਿਮਤੀ ਨਾਲ ਆਪਣਾ ਮਕਾਨ ਉਸਾਰ ਲਿਆ ਸੀ। ਪਿਤਾ ਜੀ ਦਾ ਸੋਚਣਾ ਸੀ ਕਿ ਜਦ ਬੱਚੇ ਵੱਡੇ ਹੋਣਗੇ ਤਾਂ ਪਿੰਡ ਵਾਲਾ ਮਕਾਨ ਇੰਨ੍ਹਾਂ ਦੇ ਵਿਆਹ-ਸ਼ਾਦੀਆਂ ਵਾਸਤੇ ਕੰਮ ਆ ਜਾਊ। ਕਿਉਂ ਜੋ ਸਾਡਾ ਚਾਚਾ ਸਰਕਾਰੀ ਉੱਚ ਅਧਿਕਾਰੀ ਸੀ ਤੇ ਉਮੀਦ ਸੀ ਕਿ ਉਹ ਛੋਟੇ ਜਿਹੇ ਘਰ ਦੀ ਕੋਈ ਮੇਰ ਨਹੀਂ ਕਰੇਗਾ।

ਪਰ ਸਹੀ ਤੇ ਉਸਾਰੂ ਗਤੀ ਤੇ ਸੇਧ ਵਿੱਚ ਚੱਲਦੀ ਜ਼ਿੰਦਗੀ ਵਿੱਚ ਉਸ ਵੇਲੇ ਮੋੜ ਆਇਆ ਜਦੋਂ ਪ੍ਰੋ: ਕੌਲ ਦੀ ਡਿਊਟੀ ਸਾਲਾਨਾ ਇਮਤਿਹਾਨਾਂ ਵਿੱਚ ਬਤੌਰ ਸੁਪਰਡੈਂਟ ਖਾਲਸਾ ਕਾਲਜ ਸੁਧਾਰ ਵਿਖੇ ਲੱਗੀ। ਉਹ ਆਪਣੇ ਸਾਥੀ ਪ੍ਰੋ: ਬਲਵੀਰ ਚੰਦ ਮੈਥ ਲੈਕਚਰਾਰ ਸਰਕਾਰੀ ਪਾਲੀਟੈਕਨਿਕ ਰੋਡੇ ਨਾਲ 19 ਅਪਰੈਲ 1994 ਨੂੰ ਕਿਸੇ ਕੰਮ ਵਾਸਤੇ ਮੁੱਲਾਂਪੁਰ ਤੋਂ ਜਗਰਾਓ ਨੂੰ ਗਏ ਪਰ ਦੇਰ ਸ਼ਾਮ ਨੂੰ ਵਾਪਸੀ ਵੇਲੇ ਸੜਕ ’ਤੇ ਬਿਨਾਂ ਪਾਰਕਿੰਗ ਲਾਈਟਾਂ ਤੋਂ ਖੜੇ੍ਹ ਟਰੱਕ ਵਿੱਚ ਪਿੱਛਿਓਂ ਮੋਟਰ ਸਾਈਕਲ ਦੀ ਟੱਕਰ ਨਾਲ ਦੋਵੇਂ ਹੀ ਦਰਦਨਾਕ ਮੌਤ ਦੇ ਕਲਾਵੇ ਵਿੱਚ ਚਲੇ ਗਏ।

ਜਦੋਂ ਮੈਂ ਤੇ ਪਿਤਾ ਜੀ ਜਗਰਾਓਂ ਤੋਂ ਵੀਰ ਜੀ ਦੀ ਮਿ੍ਰਤਕ ਦੇਹ ਲੈਣ ਵਾਸਤੇ ਪਹੁੰਚੇ ਤਾਂ ਪੋਸਟਮਾਰਟਮ ਰੂਮ ਵਿੱਚ ਤੇੜ ਨਗਨ ਹਾਲਤ ਵਿੱਚ ਪਈ ਲਾਸ਼ ਵੇਖ ਕੇ ਮੈਂ ਭੁੱਬਾਂ ਨਾ ਮਾਰ ਸਕਿਆ ਪਰ ਵੀਰ ਜੀ ਦਾ ਉਹ ਸਮਾਂ ਜ਼ਰੂਰ ਯਾਦ ਆਇਆ ਜਦੋਂ ਉਹ ਮੈਨੂੰ ਛੋਟੇ ਹੁੰਦੇ ਨੂੰ ਖੇਡ-ਖੇਡ ਵਿੱਚ ਬਾਕੀ ਬੱਚਿਆਂ ਸਾਹਮਣੇ ਨਗਨ ਕਰ ਦਿੰਦੇ ਸਨ ਤੇ ਮੈਂ ਭੱਜ ਕੇ ਪਿਤਾ ਜੀ ਨੂੰ ਉਸ ਦੀ ਸ਼ਿਕਾਇਤ ਕਰਨ ਜਾਂਦਾ। ਅੱਜ ਉਸੇ ਵੀਰ ਦੀ ਲਾਸ਼ ਮੇਰੇ ਸਾਹਮਣੇ ਅਡੋਲ, ਸਥਿਰ ਤੇ ਬੇਜਾਨ ਪਈ ਸੀ। ਉਸ ਸਮੇਂ ਦੀ ਮੇਰੀ ਮਾਨਸਿਕ ਦਸ਼ਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਪੋਸਟਮਾਰਟਮ ਰੂਮ ਵਿੱਚ ਮੈਂ ਆਪਣੇ ਪਿਤਾ ਜੀ ਨੂੰ ਪਹਿਲੀ ਤੇ ਅੰਤਿਮ ਵਾਰ ਰੋਂਦਿਆਂ-ਕੁਰਲਾਉਂਦਿਆਂ ਵੇਖਿਆ ਸੀ। ਸਾਡਾ ਆਪਣਾ ਤਾਂ ਕੋਈ ਘਰ-ਬਾਰ ਨਹੀਂ ਸੀ ਅਤੇ ਅਸੀ ਉਨ੍ਹਾਂ ਦਿਨਾਂ ਵਿੱਚ ਨਵੇਂ-ਨਵੇਂ ਹੀ ਨਕੋਦਰ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਸੀ।

ਸਾਡੀ ਕੋਈ ਜਾਣ-ਪਛਾਣ ਜਾਂ ਸਮਾਜਿਕ ਸਾਂਝ ਕਿਸੇ ਨਾਲ ਬਣੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਪ੍ਰੋਫੈਸਰ ਸਾਹਿਬ ਦੀ ਲਾਸ਼ ਨੂੰ ਕਿੱਥੇ ਲੈ ਕੇ ਜਾਂਦੇ? ਸਾਨੂੰ ਕੁਝ ਨਹੀਂ ਸੀ ਸੁੱਝ ਰਿਹਾ। ਅੰਤ ਫੈਸਲਾ ਕੀਤਾ ਕਿ ਜੱਦੀ ਪਿੰਡ ਨੇੜੇ ਹੈ ਪਿਤਾ ਜੀ ਦੇ ਪਲਾਟ ਵਿੱਚ ਚਾਚਾ ਜੀ ਦੁਆਰਾ ਉਸਾਰੇ ਘਰ ਵਿੱਚ ਭੋਗ ਤੱਕ ਠਹਿਰ ਮਿਲ ਜਾਊ, ਸਾਰੀਆਂ ਕਿਰਿਆਵਾਂ ਵੀ ਹੋ ਜਾਣਗੀਆਂ ਤੇ ਰਿਸ਼ਤੇਦਾਰ ਵੀ ਆ ਜਾਣਗੇ।
ਸਸਕਾਰ ਵਾਲੇ ਦਿਨ ਪ੍ਰੋ: ਸੁਖਵਿੰਦਰ ਸਿੰਘ ਕੌਲ ਦੀ ਅਰਥੀ ਦੇ ਪਿੱਛੇ ਕੰਮੀਆਂ ਦੇ ਵਿਹੜੇ ਦੇ ਕੁਝ ਕੁ ਲੋਕਾਂ ਦੀ ਮਜਲ ਹੀ ਜਾ ਰਹੀ ਸੀ, ਕਣਕਾਂ ਦੀਆਂ ਵਾਢੀਆਂ ਵਿੱਚ ਰੁੱਝੇ ਰਿਸ਼ਤੇਦਾਰਾਂ ਕੋਲ ਸਮੇਂ ਦੀ ਵੀ ਘਾਟ ਸੀ। ਸਾਥੀ ਅਧਿਆਪਕ ਵੀ ਸਾਲਾਨਾ ਪ੍ਰੀਖਿਆਵਾਂ ਵਿੱਚ ਮਸ਼ਰੂਫ ਸਨ।

ਮਜਲ ਵਿੱਚ ਸ਼ਾਮਿਲ ਚੰਦ ਕੁ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਹ ਮੇਰੇ ਪਿਤਾ ਜੀ ਦਾ ਵੱਡਾ ਪੁੱਤਰ ਸੀ ਜਾਂ ਛੋਟਾ। ਭੋਗ ਵਾਸਤੇ ਅਖਬਾਰ ਵਿੱਚ ਵੀ ਕੋਈ ਕਾਰਡ ਨਹੀਂ ਸੀ ਛਪਵਾਇਆ। ਬੱਸ ਕੁਝ ਕੁ ਲੋਕ ਅਖਬਾਰ ਵਿੱਚ ਹਾਦਸੇ ਵਾਲੀ ਖਬਰ ਪੜ੍ਹ ਕੇ ਵੀਰ ਦੇ ਭੋਗ ਵਿੱਚ ਸ਼ਾਮਲ ਹੋਏ। ਕਿਉਂ ਜੋ ਸਾਡੇ ਜੱਦੀ ਪਿੰਡ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ। ਪਿੰਡ ਵਿੱਚ ਸਾਡੇ ਸਰੀਕੇ ਤੋਂ ਇਲਾਵਾ ਪਿਤਾ ਜੀ ਨੂੰ ਵੀ ਕੋਈ ਨਹੀਂ ਸੀ ਜਾਣਦਾ।

ਇਸ ਤਰ੍ਹਾਂ ਇੱਕ ਹੁਸ਼ਿਆਰ, ਕਾਬਿਲ, ਵਿਦਿਆਰਥੀ ਤੇ ਸਮਾਜ ਹਿੱਤੂ, ਨਾਭੇ, ਪਟਿਆਲੇ ਤੇ ਤਲਵਾੜੇ ਦੇ ਲੋਕਾਂ ਵਿੱਚ ਅਥਾਹ ਜਾਣ-ਪਛਾਣ ਬਣਾਉਣ ਦੇ ਬਾਵਜੂਦ ਪ੍ਰੋਫੈਸਰ ਸੁਖਵਿੰਦਰ ਸਿੰਘ ਕੌਲ ਆਪਣੀ ਉਮਰ ਦੇ 32 ਕੁ ਵਰ੍ਹੇ ਭੋਗ ਕੇ ਗੁੰਮਨਾਮ ਮੌਤ ਦਾ ਸ਼ਿਕਾਰ ਹੁੰਦਿਆਂ ਆਪਣੇ ਜੱਦੀ ਪਿੰਡ ਰਾਊਵਾਲ ਦੀ ਮਿੱਟੀ ਵਿੱਚ ਸਮਾ ਗਿਆ।

ਭਾਵੇਂ ਕਿ ਅੱਜ ਪ੍ਰੋ: ਕੌਲ ਦੇ ਵਿਦਿਆਰਥੀ ਵੱਖ-ਵੱਖ ਉੱਚ ਅਹੁਦਿਆਂ, ਕੰਮਾਂ-ਕਾਰਾਂ ’ਚ ਲੱਗੇ ਹਨ ਜੋ ਉਸ ਦੁਆਰਾ ਕੀਤੇ ਯਤਨਾਂ ਨੂੰ ਯਾਦ ਕਰਦੇ ਹਨ। ਲਹੂ ਸਬੰਧਾਂ ਤੋਂ ਉੱਪਰ ਉੱਠਦਿਆਂ ਮੈਂ ਸਵਰਗੀ ਪ੍ਰੋ. ਕੌਲ ਨੂੰ ਇੱਕ ਆਦਰਸ਼ ਅਧਿਆਪਕ ਵਜੋਂ ਵੇਖਦਿਆਂ ਪੂਰੇ 28 ਸਾਲਾਂ ਬਾਦ ਸ਼ਬਦਾਂ ਰਾਹੀਂ ਉਸ ਦੇ ਵਿਅਕਤੀਤਵ ਨੂੰ ਉਘਾੜ ਕੇ ਇੱਕ ਨਿਵੇਕਲਾ ਸਕੂਨ ਮਹਿਸੂਸਦਾ ਹਾਂ।

ਸੋ ਜ਼ਰੂਰੀ ਨਹੀਂ ਕਿ ਕਿਸੇ ਇਨਸਾਨ ਦੀ ਸ਼ਖਸੀਅਤ ਸਮਾਜ, ਦੇਸ਼ ਜਾਂ ਲੋਕਾਈ ਪ੍ਰਤੀ ਦੇਣ ਨੂੰ ਉਸ ਦੀ ਅੰਤਿਮ ਯਾਤਰਾ ਵੇਲੇ ਤੁਰੀ ਜਾਂਦੀ ਮਜਲ ਤੋਂ ਹੀ ਪਛਾਣਿਆ ਜਾਵੇ, ਕਈ ਵਾਰ ਹਾਲਾਤ, ਮਜ਼ਬੂਰੀਆਂ ਅਤੇ ਮਨੁੱਖੀ ਬੇਬਸੀਆਂ ਵੀ ਕਿਸੇ ਦੀ ਮੌਤ ਨੂੰ ਗੁੰਮਨਾਮ ਬਣਾ ਦਿੰਦੀਆਂ ਹਨ।
ਮੋ. 94646-01001

ਮਾ: ਹਰਭਿੰਦਰ ਸਿੰਘ ਮੁੱਲਾਂਪੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ