ਕੋਰੋਨਾ ਮਰੀਜਾਂ ਦੀ ਮੱਦਦ ਲਈ ਸਮਾਜ ਸੇਵੀ ਨੇ ਕੀਤੀ ਕਾਰ ਵਿਕਾਊ

ਕਾਰ ਵੇਚਕੇ ਸਾਰੇ ਪੈਸੇ ਕੋਰੋਨਾ ਮਰੀਜ਼ਾਂ ਦੀ ਮੱਦਦ ’ਤੇ ਖਰਚ ਕਰਾਂਗਾ : ਸ਼ਰਮਾ

ਬਠਿੰਡਾ (ਸੁਖਜੀਤ ਮਾਨ)। ਕੋਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਆਕਸੀਜਨ ਦੀ ਵੱਡੇ ਪੱਧਰ ’ਤੇ ਪੈਦਾ ਹੋਈ ਘਾਟ ਦੇ ਚਲਦਿਆਂ ਸਮਾਜ ਸੇਵੀ ਸੰਸਥਾਵਾਂ ਵੀ ਆਕਸੀਜਨ ਦੇ ਪ੍ਰਬੰਧਾਂ ’ਚ ਜੁਟ ਗਈਆਂ ਹਨ। ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਤਾਂ ਕੋਰੋਨਾ ਪੀੜਤਾਂ ਦੀ ਮੱਦਦ ਅਤੇ ਆਕਸੀਜਨ ਦੇ ਪ੍ਰਬੰਧ ਹਿੱਤ ਆਪਣੀ ਕਾਰ ਵੀ ਵਿਕਾਊ ਕਰ ਦਿੱਤੀ ਹੈ।

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਇੰਨੀਂ ਦਿਨੀਂ ਜਦੋਂ ਪੂਰਾ ਮੁਲਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਹਸਪਤਾਲਾਂ ’ਚ ਆਕਸੀਜਨ ਦੀ ਘਾਟ ਮਰੀਜ਼ਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ ਤਾਂ ਸਾਨੂੰ ਸਭ ਨੂੰ ਪੀੜਤਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਆਕਸੀਜਨ ਦੀ ਭਾਰੀ ਕਿੱਲਤ ਨੂੰ ਦੇਖਦਿਆਂ ਉਸਨੇ ਆਪਣੀ ਆਈ-20 ਕਾਰ ਜਿਸਦੀ ਕੀਮਤ 3 ਲੱਖ ਰੁਪਏ ਹੈ ਵਿਕਾਊ ਕਰ ਦਿੱਤੀ । ਸ੍ਰੀ ਸ਼ਰਮਾ ਨੇ ਦੱਸਿਆ ਕਿ ਕਾਰ ਵੇਚਣ ’ਤੇ ਮਿਲਣ ਵਾਲੇ ਸਾਰੇ ਪੈਸੇ ਉਹ ਲੋੜਵੰਦ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਲਗਾਵੇਗਾ ।

ਗੁਰਵਿੰਦਰ ਵੱਲੋਂ ਲਏ ਗਏ ਫੈਸਲੇ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਗੁਰਵਿੰਦਰ ਸ਼ਰਮਾ ਇਕੱਲੇ ਕੋਰੋਨਾ ਪੀੜਤਾਂ ਦੀ ਹੀ ਮੱਦਦ ਨਹੀਂ ਕਰ ਰਿਹਾ ਸਗੋਂ ਜੋ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਆਦਿ ਜਾਂ ਕੋਈ ਅੰਗਹੀਣ ਵਹੀਲ ਚੇਅਰ ਆਦਿ ਲਈ ਸੰਪਰਕ ਕਰਦਾ ਹੈ ਤਾਂ ਉਸਦੀ ਵੀ ਸਹਾਇਤਾ ਕਰਦਾ ਹੈ। ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ’ਚ ਚੱਲ ਰਹੇ ਅੰਦੋਲਨ ’ਚ ਵੀ ਗੁਰਵਿੰਦਰ ਸ਼ਰਮਾ ਵੱਲੋਂ ਕਿਸਾਨਾਂ ਦੀ ਮੱਦਦ ਲਈ ਸਮੇਂ-ਸਮੇਂ ਸਿਰ ਲੋੜ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ ।

ਆਕਸੀਜਨ ਦੀ ਮੁਫ਼ਤ ਸਪਲਾਈ ਸ਼ੁਰੂ ਕੀਤੀ : ਸ਼ਰਮਾ

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਸਨੂੰ ਜਿੱਥੇ ਵੀ ਪਤਾ ਲੱਗਦਾ ਹੈ ਕਿ ਆਕਸੀਜਨ ਦੀ ਜ਼ਰੂਰਤ ਹੈ ਤਾਂ ਉਹ ਆਪਣੇ ਵੱਲੋਂ ਹਰ ਸੰਭਵ ਯਤਨ ਕਰਕੇ ਉੱਥੇ ਆਕਸੀਜਨ ਪਹੁੰਚਾਉਣ ਦੀ ਕੋਸ਼ਿਸ਼ ’ਚ ਜੁਟਿਆ ਹੋਇਆ ਹੈ। ਉਸਨੇ ਦੱਸਿਆ ਕਿ ਉਹ ਇਨਾਂ ਇੱਕ-ਦੋ ਦਿਨਾਂ ’ਚ ਹੀ ਆਕਸੀਜਨ ਵਾਲੇ 5 ਵੱਡੇ ਅਤੇ 2 ਛੋਟੇ ਸਿਲੰਡਰ ਮੁਫ਼ਤ ’ਚ ਦੇ ਚੁੱਕਾ ਹੈ ਤਾਂ ਜੋ ਕੋਰੋਨਾ ਪੀੜਤਾਂ ਦੀ ਜਾਨ ਬਚਾਈ ਜਾ ਸਕੇ।

ਹੋਮ ਆਈਸੋਲੇਟ ਮਰੀਜਾਂ ਵਾਸਤੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਜੋ ਮਰੀਜ਼ ਹੋਮ ਆਈਸੋਲੇਟ ਹਨ ਉਨਾਂ ਨੂੰ ਵੀ ਆਕਸੀਜਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਹਸਪਤਾਲਾਂ ਤੋਂ ਇਲਾਵਾ ਜੋ ਘਰਾਂ ’ਚ ਕੋਰੋਨਾ ਮਰੀਜ਼ ਆਕਸੀਜਨ ਦੇ ਸਹਾਰੇ ਹਨ ਉਨਾਂ ਲਈ ਆਕਸੀਜਨ ਸਿਲੰਡਰ ਜਾਂ ਖਾਲੀ ਸਿਲੰਡਰ ਰਿਫਿਲ ਕਰਨ ਦਾ ਕੋਈ ਪੁਖਤਾ ਇੰਤਜਾਮ ਕਰੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।