ਸਿਆਸੀ ਮਕਸਦ ਲਈ ਕੁੰਵਰ ਵਿਜੈ ਪ੍ਰਤਾਪ ਨੇ ਅਕਸ਼ੈ ਕੁਮਾਰ ਤੇ ਪੂਜਨੀਕ ਗੁਰੂ ਜੀ ਦਾ ਨਾਂਅ ਕੋਟਕਪੂਰਾ ਮਾਮਲੇ ’ਚ ਜੋੜਿਆ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਆਈਜੀ ਤੇ ਸਿਟ ਦੇ ਮੈਂਬਰ ਵੱਲੋਂ ਤਿਆਰ ਰਿਪੋਰਟ ’ਤੇ ਕੀਤੀਆਂ ਸਖ਼ਤ ਟਿੱਪਣੀਆਂ

  • ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ’ਤੇ ਇੱਕ ਨਜ਼ਰ

ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਮਾਮਲੇ ’ਚ ਪੰਜਾਬ ਪੁਲਿਸ ਦੀ ਸਿਟ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਖਿਲਾਫ਼ ਜਿਸ ਤਰ੍ਹਾਂ ਟਿੱਪਣੀਆਂ ਕੀਤੀਆਂ ਹਨ ਉਸ ਤੋਂ ਬੜੇ ਹੈਰਤਅੰਗੇਜ਼ ਖੁਲਾਸੇ ਹੋਏ ਹਨ।  ਮਾਣਯੋਗ ਹਾਈਕੋਰਟ ਨੇ ਸਿਟ ਦੀ ਜਾਂਚ ਨੂੰ ਪੱਖਪਾਤੀ ਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਆਪਣੀਆਂ ਟਿੱਪਣੀਆਂ ’ਚ ਕਿਹਾ ਕਿ ਕੋਟਕਪੂਰਾ ਤੇ ਬਹਿਬਲ ਗੋਲੀਕਾਂਡ ’ਚ ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ਼ ਸਿੰਘ ਬਾਦਲ) ਤੇ ਉਪ ਮੁੱਖ ਮੰਤਰੀ (ਸੁਖਬੀਰ ਸਿੰਘ ਬਾਦਲ) ਦਾ ਨਾਂਅ ਜੋੜਨਾ ਕਲਪਨਾ ’ਤੇ ਆਧਾਰਿਤ ਸਾਜਿਸ਼ ਸੀ ਤੇ ਇਸ ਕਲਪਨਾ ਨੂੰ ਮਜ਼ਬੂਤ ਕਰਨ ਲਈ ਪੁਲਿਸ ਅਫ਼ਸਰ ਨੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਤੇ ਇੱਕ ਧਾਰਮਿਕ ਹਸਤੀ ਦਾ ਨਾਂਅ ਵੀ ਇਸ ਮਾਮਲੇ ’ਚ ਜੋੜ ਲਿਆ। ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ ਬੇਤੁਕਾ ਤੇ ਅਸੰਗਤ ਕਰਾਰ ਦਿੱਤਾ ਹੈ। ਅਦਾਲਤ ਨੇ ਪੁਲਿਸ ਅਫ਼ਸਰ ਵਿਜੈ ਪ੍ਰਤਾਪ ਨੇ ਇਸ ਮਾਮਲੇ ਨੂੰ ਬੁਰੀ ਤਰ੍ਹਾਂ ਧਾਰਮਿਕ ਤੇ ਸਿਆਸੀ ਰੰਗਤ ਦੇਣ ਲਈ ਜਾਚ ਨੂੰ ਆਪਣੇ ਹਿਸਾਬ ਨਾਲ ਡਿਜਾਈਨ ਕੀਤਾ ਤੇ ਇੱਕ ਸਿਆਸੀ ਘੋੜੇ ਵਾਂਗ ਜਾਂਚ ਨੂੰ ਪੂਰਾ ਕੀਤਾ।
ਜ਼ਿਕਰਯੋਗ ਹੈ ਕਿ ਪੁਲਿਸ ਦੀ ਸਿਟ ਨੇ ਇਹ ਕਹਾਣੀ ਘੜੀ ਸੀ ਕਿ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਫਿਲਮ ਨੂੰ ਰਿਲੀਜ਼ ਕਰਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਨਾਲ ਡੀਲ ਕਰਵਾਈ ਸੀ ਅਕਸ਼ੈ ਕੁਮਾਰ ਨੇ ਪੁਲਿਸ ਜਾਚ ’ਚ ਸ਼ਾਮਲ ਹੁੰਦਿਆਂ ਉਕਤ ਦੋਸ਼ਾਂ ਨੂੰ ਨਕਾਰ ਦਿੱਤਾ ਸੀ।

ਕੁੰਵਰ ਵਿਜੈ ਪ੍ਰਤਾਪ ਨੇ ਜਾਂਚ ਦੌਰਾਨ ਤੇ ਜਾਂਚ ਰਿਪੋਰਟ ’ਚ ਹੇਠ ਲਿਖੀਆਂ ਗਲਤੀਆਂ ਕੀਤੀਆਂ ਜਿਨ੍ਹਾਂ ਨੂੰ ਕੋਰਟ ਨੇ ਬਦਨੀਤੀ ਨਾਲ ਕੀਤੀਆਂ ਗਈਆਂ ਮੰਨਿਆ ਤੇ ਆਈਪੀਐਸ ਕੁੰਵਰ ਵਿਜੈ ਪ੍ਰਤਾਪ ਨੂੰ ‘ਰਾਜਨੀਤਿਕ ਘੋੜਾ’ ਕਰਾਰ ਦਿੱਤਾ

  1. ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਨੂੰ ਹਾਈਕੋਰਟ ਦੇ ਦੋ ਜੱਜਾਂ ਨੇ ਸਲਾਹਿਆ ਹੈ ਪਰ ਆਨ ਰਿਕਾਰਡ ਅਜਿਹਾ ਕੁਝ ਵੀ ਨਹੀਂ ਹੈ।
  2. ਬੇਅਦਬੀ ਦੇ ਮਾਮਲਿਆਂ ਦੀ ਪੈਰਵੀ ਕਰ ਰਹੇ ਵਕੀਲਾਂ ਦੇ ਹਾਈਕੋਰਟ ’ਚ ਜੱਜ ਬਣ ਜਾਣ ਦਾ ਜ਼ਿਕਰ ਕੀਤਾ ਜਿਸ ਨੂੰ ਹਾਈਕੋਰਟ ਨੇ ਬੇਤੁਕਾ ਤੇ ਨਾਟਕੀ ਕਿਹਾ।
  3. ਕੁੰਵਰ ਵਿਜੈ ਪ੍ਰਾਪਤ ਨੇ ਫਰੀਦਕੋਟ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਚਿੱਠੀ ਲਿਖ ਕੇ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਨਜ਼ਦੀਕੀ ਦੱਸ ਕੇ ਗੋਲੀਕਾਂਡ ਤੇ ਬੇਅਦਬੀ ਨਾਲ ਜੁੜਿਆ ਕੋਈ ਕੇਸ ਉਨ੍ਹਾਂ ਦੀ ਅਦਾਲਤ ਨੂੰ ਨਾ ਸੌਂਪਣ ਦੀ ਗੁਜਾਰਿਸ਼ ਕੀਤੀ।
  4. ਬਰਗਾੜੀ ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਦੇ ਤੱਥ ਰਾਜਨੀਤੀ ਤੇ ਜਨਭਾਵਨਾ ਤੋਂ ਪ੍ਰੇਰਿਤ ਤੇ ਕਲਪਨਾਵਾਂ ’ਤੇ ਆਧਾਰਿਤ ਲਿਖੇ ਗਏ ਜਦੋਂਕਿ ਸਬੂਤਾਂ ’ਤੇ ਕੋਈ ਗੌਰ ਨਹੀਂ ਕੀਤਾ ਗਿਆ।
  5. ਜਾਂਚ ਰਿਪੋਰਟ ਦੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਤਾਂ ਕਿ ਕੁਝ ਸਿਆਸੀ ਆਗੂਆਂ ਦੇ ਵਿਰੁੱਧ ਈਰਖਾ ਪੈਦਾ ਕੀਤੀ ਜਾ ਸਕੇ।
  6. ਸਭ ਤੋਂ ਮਹੱਤਵਪੂਰਨ ਕੁੰਵਰ ਵਿਜੈ ਪ੍ਰਤਾਪ ਨੇ ਜਾਂਚ ’ਚ ਅਕਸ਼ੈ ਕੁਮਾਰ ਦੀ ਫਿਲਮ ‘ਸਿੰਘ ਇਜ ਬÇਲੰਗ’ ਤੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਜ਼ਿਕਰ ਕੀਤਾ, ਜੋ ਕਿ ਸਾਜਿਸ਼ ਤਹਿਤ ਤੇ ਬੇਤੁਕਾ ਹੈ ਕਿਉਂਕਿ ਕੁੰਵਰ ਵਿਜੈ ਪ੍ਰਤਾਪ ਇੱਕ ਮਕਸਦ ਬਣਾ ਕੇ ਕੁਝ ਆਗੂਆਂ ਨੂੰ ਇਸ ਕੇਸ ’ਚ ਫਸਾਉਣਾ ਚਾਹੁੰਦਾ ਸੀ।
  7. ਕੁੰਵਰ ਵਿਜੈ ਪ੍ਰਤਾਪ ਨੇ ਆਪਣੀ ਜਾਂਚ ਰਿਪੋਰਟ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ’ਤੇ ਦੋਸ਼ ਲਾਏ ਪਰ ਉਨ੍ਹਾਂ ਨੂੰ ਚਾਰਜਸ਼ੀਟ ’ਚ ਨਾਮਜ਼ਦ ਨਹੀਂ ਕੀਤਾ ਗਿਆ, ਸ਼ਾਇਦ ਇਨ੍ਹਾਂ ਦੇ ਖਿਲਾਫ਼ ਕੁੰਵਰ ਵਿਜੈ ਪ੍ਰਤਾਪ ਕੋਲ ਕੋਈ ਸਬੂਤ ਨਹੀਂ ਹੋਣਗੇ।
  8. ਉਸ ਵੇਲੇ ਦੇ ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਟੈਲੀਫੋਨ ’ਤੇ ਗੱਲਬਾਤ ਨੂੰ ਸਾਜਿਸ਼ ਦੱਸਿਆ, ਜਦੋਂਕਿ ਸਰਕਾਰ ਤੇ ਪ੍ਰਸ਼ਾਸਨ ਦਰਮਿਆਨ ਗੱਲਬਾਤ ਹੋਣੀ ਕਿਸੇ ਘਟਨਾ ਦੀ ਸਾਜਿਸ਼ ਕਿਵੇਂ ਹੋ ਸਕਦੀ ਹੈ, ਸਪੱਸ਼ਟ ਨਹੀਂ ਕੀਤਾ।
  9. ਕੁੰਵਰ ਵਿਜੈ ਪ੍ਰਤਾਪ ਨੇ ਆਪਣੀ ਸੁਵਿਧਾ ਦੇ ਗਵਾਹਾਂ ਅਨੁਸਾਰ ਰਿਪੋਰਟ ਨੂੰ ਤਿਆਰ ਕੀਤਾ ਜਿਸ ’ਤੇ ਸਾਰੇ ਅਧਿਕਾਰੀਆਂ ਦੇ ਦਸਤਖ਼ਤ ਵੀ ਨਹੀਂ ਕਰਵਾਏ ਗਏ ਤੇ ਪੀੜਤ ਪੁਲਿਸ ਕਰਮੀਆਂ ਦਾ ਪੱਖ ਨਹੀਂ ਲਿਆ ਗਿਆ।
  10. ਪੁਲਿਸ ਇੰਸਪੈਕਟਰ ਗੁਰਦੀਪ ਸਿੰਘ ਨੂੰ ਧਮਕਾਇਆ ਗਿਆ ਕਿ ਉਹ ਕੁੰਵਰ ਵਿਜੈ ਪ੍ਰਤਾਪ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਵਿਰੋਧ ਨਾ ਕਰੇ, ਉਕਤ ਇੰਸਪੈਕਟਰ ਵੱਲੋਂ ਹੀ ਇਸ ਜਾਂਚ ਦੇ ਵਿਰੁੱਧ ਮਾਣਯੋਗ ਹਾਈਕੋਰਟ ’ਚ ਜਾਂਚ ਰਿਪੋਰਟ ਨੂੰ ਰੱਦ ਕਰਨ ਦੀ ਪਟੀਸ਼ਨ ਦਿੱਤੀ ਗਈ ਸੀ।

    ਉਕਤ ਗੰਭੀਰ ਖਾਮੀਆਂ ਕਾਰਨ ਮਾਣਯੋਗ ਹਾਈਕੋਰਟ ਨੇ ਰਿਪੋਰਟ ਨੂੰ ਰੱਦ ਕਰਦਿਆਂ ਨਵੀਂ ਟੀਮ ਬਣਾਉਣ ਦੇ ਆਦੇਸ਼ ਦਿੱਤੇ ਹਨ।