ਸਾਡੇ ਨਾਲ ਸ਼ਾਮਲ

Follow us

16.4 C
Chandigarh
Monday, February 16, 2026
More
    Home Breaking News Punjab Farmer...

    Punjab Farmers News: ਤੂੜੀ ਦੇ ਭਾਅ ਮੰਦੇ, ਹੁਣ ਤੱਕ 1052 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ

    Punjab Farmers News
    Punjab Farmers News: ਤੂੜੀ ਦੇ ਭਾਅ ਮੰਦੇ, ਹੁਣ ਤੱਕ 1052 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ

    ਇਸ ਵਾਰ ਸਭ ਤੋਂ ਜ਼ਿਆਦਾ ਲੱਗ ਰਹੀਆਂ ਨੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ | Punjab Farmers News

    • ਹੁਣ ਤੱਕ ਹੁਸ਼ਿਆਰਪੁਰ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਅੱਗ ਲਾਉਣ ਵਿੱਚ ਮੋਹਰੀ | Punjab Farmers News

    Punjab Farmers News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਵਾਰ ਤੂੜੀ ਦੇ ਭਾਅ ਮੰਦੇ ਹੋਣ ਕਾਰਨ ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਇਸ ਵਾਰ ਅੱਗਾਂ ਲਾਉਣ ਦਾ ਸਿਲਸਿਲਾ ਤੇਜ਼ ਕੀਤਾ ਜਾ ਰਿਹਾ ਹੈ। ਸੂਬੇ ਅੰਦਰ ਅੱਜ ਤੱਕ 1052 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਜਾ ਚੁੱਕੀ ਹੈ, ਜਦੋਂਕਿ ਪਿਛਲੇ ਸਾਲਾਂ ਵਿੱਚ ਘੱਟ ਥਾਵਾਂ ’ਤੇ ਅੱਗ ਲਾਉਣ ਦੇ ਅੰਕੜੇ ਦਰਜ ਕੀਤੇ ਗਏ ਸਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਾਸਲ ਹੋਏ ਵੇਰਵਿਆਂ ਮੁਤਾਬਕ ਇੱਕ ਅਪਰੈਲ ਤੋਂ 3 ਮਈ ਤੱਕ ਪੰਜਾਬ ਅੰਦਰ ਵੱਖ-ਵੱਖ ਜ਼ਿਲ੍ਹਿਆਂ ਚ 1052 ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ।

    Read Also : Pension News: ਲੱਖਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਮਹਿੰਗਾਈ ਭੱਤਾ ਵਧਿਆ

    ਇਸ ਵਾਰ ਸੂਬੇ ਅੰਦਰ ਤੂੜੀ ਦੇ ਭਾਅ ਡਿੱਗ ਜਾਣ ਕਾਰਨ ਜ਼ਿਆਦਾਤਰ ਕਿਸਾਨਾਂ ਵੱਲੋਂ ਸਿਰਫ ਆਪਣੇ ਜੋਗੀ ਹੀ ਤੂੜੀ ਕਰਵਾਈ ਜਾ ਰਹੀ ਹੈ, ਜਦੋਂਕਿ ਬਾਕੀ ਤੂੜੀ ਵਾਲੇ ਵਾਹਨ ਨੂੰ ਅੱਗ ਦੇ ਹਵਾਲੇ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਤੂੜੀ ਦੀ ਟਰਾਲੀ ਦਾ ਭਾਅ 1500 ਰੁਪਏ ਤੋਂ ਲੈ ਕੇ 1800 ਤੱਕ ਹੀ ਰਹਿ ਗਿਆ ਹੈ ।ਉਨ੍ਹਾਂ ਕਿਹਾ ਕਿ ਇੰਨੀ ਤਾਂ ਤੂੜੀ ਕਰਵਾਉਣ ਦੀ ਲਾਗਤ ਹੀ ਆ ਰਹੀ ਹੈ।ਇੱਧਰ ਜੇਕਰ ਅੱਗਾਂ ਲਾਉਣ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਭ ਤੋਂ ਵੱਧ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੱਗਾਂ ਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ।

    Punjab Farmers News

    ਇੱਕ ਅਪਰੈਲ ਤੋਂ ਤਿੰਨ ਮਈ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 185 ਥਾਵਾਂ ’ਤੇ ਅੱਗਾਂ ਲਾਈਆਂ ਜਾ ਚੁੱਕੀਆਂ ਹਨ, ਜਦੋਂਕਿ ਸਾਲ 2024 ਵਿੱਚ ਇਸ ਵਕਫੇ ਦੌਰਾਨ ਸਿਰਫ 8 ਥਾਵਾਂ ’ਤੇ ਅੱਗ ਲਾਈ ਗਈ ਸੀ ਜਦੋਂਕਿ ਸਾਲ 2023 ਦੌਰਾਨ 11 ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਸਨ। ਇਸ ਤੋਂ ਬਾਅਦ ਕਪੂਰਥਲਾ ਜ਼ਿਲ੍ਹਾ ਹੈ ਜਿੱਥੇ ਕਿ 170 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦੋਂਕਿ ਇਸ ਸਮੇਂ ਦੌਰਾਨ ਸਾਲ 2024 ਵਿੱਚ 10 ਥਾਵਾਂ ’ਤੇ ਅਤੇ ਸਾਲ 2023 ਵਿੱਚ 19 ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।

    ਇਸੇ ਤਰ੍ਹਾਂ ਹੀ ਫਾਜਿਲਕਾ ਜ਼ਿਲ੍ਹੇ ਵਿੱਚ 116 ਥਾਵਾਂ ’ਤੇ ਜਦੋਂਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ 114 ਥਾਵਾਂ ’ਤੇ ਅੱਗਾਂ ਲਾਈਆਂ ਜਾ ਚੁੱਕੀਆਂ ਹਨ। ਪਿਛਲੇ ਸਾਲ 2024 ਵਿੱਚ 3 ਮਈ ਤੱਕ ਫਾਜ਼ਿਲਕਾ ਜ਼ਿਲ੍ਹੇ ਵਿੱਚ 28 ਥਾਵਾਂ ’ਤੇ ਜਦੋਂਕਿ ਸਾਲ 2023 ਵਿੱਚ 9 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਗਈ ਸੀ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਲ 2024 ਵਿੱਚ 25 ਥਾਵਾਂ ’ਤੇ ਅਤੇ ਸਾਲ 2023 ਵਿੱਚ ਸੱਤ ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ। ਗੁਰਦਾਸਪੁਰ ਜ਼ਿਲ੍ਹੇ ਵਿੱਚ ਹੁਣ ਤੱਕ 84 ਥਾਵਾਂ ’ਤੇ ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿੱਚ 74 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਜਾ ਚੁੱਕੀ ਹੈ।

    ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ ਵਿੱਚ 25 ਥਾਵਾਂ ’ਤੇ ਜਦੋਂਕਿ ਸੰਗਰੂਰ ਜ਼ਿਲ੍ਹੇ ਵਿੱਚ 23 ਥਾਵਾਂ ’ਤੇ ਅਤੇ ਮਲੇਰਕੋਟਲਾ ਜ਼ਿਲ੍ਹੇ ਵਿੱਚ 29 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਵਿੱਚ 36 , ਜਦੋਂਕਿਲੁਧਿਆਣਾ ਜ਼ਿਲ੍ਹੇ ਵਿੱਚ 31 ਥਾਵਾਂ ’ਤੇ ਅੱਗ ਲਾਈ ਜਾ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਅੱਗਾਂ ਦਾ ਸਿਲਸਿਲਾ ਜਾਰੀ ਹੈ।

    ਸਾਲ 2023-24 ਵਿੱਚ ਦਰਜ ਹੋਈਆਂ ਸਨ ਘੱਟ ਘਟਨਾਵਾਂ

    ਸਾਲ 2023 ਵਿੱਚ ਇੱਕ ਅਪਰੈਲ ਤੋਂ 3 ਮਈ ਤੱਕ ਪੰਜਾਬ ਅੰਦਰ ਸਿਰਫ 311 ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ , ਜਦੋਂਕਿ ਸਾਲ 2024 ਵਿੱਚ 444 ਥਾਵਾਂ ’ਤੇ ਅੱਗਾਂ ਲੱਗੀਆਂ ਸਨ। ਸਾਲ 2025 ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਾਉਣ ਦੇ ਰਿਕਾਰਡ ਟੁੱਟ ਰਹੇ ਹਨ। 3 ਮਈ ਤੱਕ ਪੰਜਾਬ ਅੰਦਰ 1052 ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਤਿੰਨ ਮਈ ਨੂੰ ਅੱਜ ਪੰਜਾਬ ਅੰਦਰ ਇੱਕ ਦਿਨ ਵਿੱਚ 8 ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਰਡ ਵੱਲੋਂ ਅੱਗ ਲਾਉਣ ਵਾਲਿਆਂ ਖਿਲਾਫ਼ ਸਖਤੀ ਕੀਤੀ ਜਾ ਰਹੀ ਹੈ।