ਛੇ ਸਾਲ ਬਾਅਦ ਭਿਆਨਕ ਹੜ੍ਹ ਦੀ ਚਪੇਟ ‘ਚ ਆਇਆ ਤਮਿਲਨਾਡੂ

ਛੇ ਸਾਲ ਬਾਅਦ ਭਿਆਨਕ ਹੜ੍ਹ ਦੀ ਚਪੇਟ ‘ਚ ਆਇਆ ਤਮਿਲਨਾਡੂ

  • ਪੀਐਮ ਮੋਦੀ ਨੇ ਕੀਤੀ ਸੀਐਮ ਸਟਾਲਿਨ ਨਾਲ ਗੱਲ
  • ਹੇਠਲੇ ਇਲਾਕਿਆਂ ‘ਚ ਭਰਿਆ ਪਾਣੀ

ਚੇਨਈ (ਏਜੰਸੀ)। ਛੇ ਸਾਲਾਂ ਬਾਅਦ ਤਾਮਿਲਨਾਡੂ ਵਿੱਚ ਇੱਕ ਵਾਰ ਫਿਰ ਭਾਰੀ ਮੀਂਹ ਕਾਰਨ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਰਾਜਧਾਨੀ ਚੇਨਈ ਸਮੇਤ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਜਾਰੀ ਹੈ। ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਸੂਬੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਦੱਖਣੀ ਭਾਰਤੀ ਰਾਜ ਦੇ ਕਈ ਜ਼ਿਲਿ੍ਹਆਂ ਵਿੱਚ ਸਥਿਤੀ ਬਹੁਤ ਖਰਾਬ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2 ਵਜੇ ਤੱਕ 81 ਲੋਕਾਂ ਨੂੰ ਸੁਰੱਖਿਅਤ ਥਾਵਾਂ *ਤੇ ਪਹੁੰਚਾਇਆ ਗਿਆ ਸੀ।

ਇਸ ਦੇ ਨਾਲ ਹੀ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਪਾਣੀ ਭਰਨ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਚਾਰ ਜ਼ਿਲਿ੍ਹਆਂ ਵਿੱਚ ਅਗਲੇ ਦੋ ਦਿਨਾਂ ਲਈ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਐਨਡੀਆਰਐਫ ਦੀਆਂ ਟੀਮਾਂ ਤਿਰੂਵੱਲੁਰ, ਚੇਂਗਲਪੱਟੂ ਅਤੇ ਮਦੁਰਾਈ ਵਿੱਚ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ 6 ਸਾਲ ਬਾਅਦ ਚੇਨਈ ‘ਚ ਇੰਨੀ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨਾਲ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਚੇਨਈ ਵਿੱਚ ਰਾਹਤ ਕੈਂਪ

ਮਾਲ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੇਕੇਐਸਐਸਆਰ ਰਾਮਚੰਦਰਨ ਦੇ ਅਨੁਸਾਰ, ਪਾਣੀ ਭਰੇ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਪ੍ਰਭਾਵਿਤ ਲੋਕਾਂ ਨੂੰ 50 ਹਜ਼ਾਰ ਤੋਂ ਵੱਧ ਫੂਡ ਪੈਕੇਟ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੜਕਾਂ ਤੋਂ ਪਾਣੀ ਦੀ ਨਿਕਾਸੀ ਲਈ 500 ਵੱਡੇ ਪੰਪ ਲਗਾਏ ਜਾ ਰਹੇ ਹਨ।

ਸੂਬੇ ਵਿੱਚ ਕੀ ਹੈ ਸਥਿਤੀ

ਮੁੱਖ ਮੰਤਰੀ ਸਟਾਲਿਨ ਨੇ ਚੇਨਈ, ਤਿਰੂਵੱਲੁਰ, ਚੇਂਗਲਪੇਟ ਅਤੇ ਕਾਂਚੀਪੁਰਮ ਦੇ ਸਕੂਲਾਂ ਵਿੱਚ ਦੋ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਰਾਜ ਸਰਕਾਰ ਦੀ ਬੇਨਤੀ ‘ਤੇ ਆਰਡੀਆਰਐਫ਼ ਦੀਆਂ ਚਾਰ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਹਨ। ਐਤਵਾਰ ਨੂੰ ਮੁੱਖ ਮੰਤਰੀ ਨੇ ਪਰਮਬੁਰ ਬੈਰਕ ਰੋਡ, ਓਤਰੀ ਪੁਲ ਅਤੇ ਪੱਦੀ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਚੇਨਈ ਅਤੇ 11 ਹੋਰ ਜ਼ਿਲ੍ਹੇ 20 ਸੈਂਟੀਮੀਟਰ ਜਾਂ ਇਸ ਤੋਂ ਵੱਧ ਮੀਂਹ ਨਾਲ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਹੋਰ ਜ਼ਿਲਿ੍ਹਆਂ ਵਿੱਚ ਬਹੁਤੀ ਬਰਸਾਤ ਦਰਜ ਨਹੀਂ ਕੀਤੀ ਗਈ ਹੈ, ਪਰ ਇੱਥੇ ਵੀ ਹਰ ਸਮੇਂ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਦੇ ਅਨੁਸਾਰ, 9 ਨਵੰਬਰ ਤੱਕ ਉੱਤਰੀ ਤੱਟਵਰਤੀ ਤਾਮਿਲਨਾਡੂ ਅਤੇ ਦੱਖਣ ਪੂਰਬੀ ਬੰਗਾਲ ਦੀ ਖਾੜੀ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਖੇਤਰ ਅਤੇ ਇੱਕ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ, ਇਸ ਸਥਿਤੀ ਵਿੱਚ ਘੱਟੋ ਘੱਟ ਅਗਲੇ ਤਿੰਨ ਦਿਨਾਂ ਤੱਕ ਰਾਜ ਵਿੱਚ ਵਿਆਪਕ ਮੀਂਹ ਪੈ ਸਕਦਾ ਹੈ। । ਵਿਭਾਗ ਨੇ ਕਿਹਾ ਕਿ ਇਸ ਦੇ ਪ੍ਰਭਾਵ ਹੇਠ, ਉੱਤਰੀ ਖੇਤਰਾਂ ਜਿਵੇਂ ਕਿ ਚੇਨਈ, ਵਿੱਲੂਪੁਰਮ ਅਤੇ ਕੁੱਡਲੋਰ, ਮੇਇਲਾਦੁਥੁਰਾਈ ਅਤੇ ਨਾਗਾਪੱਟੀਨਮ ਜ਼ਿਲਿ੍ਹਆਂ ਦੇ ਡੈਲਟਾ ਖੇਤਰਾਂ ਅਤੇ ਪੁਡੂਚੇਰੀ ਅਤੇ ਕਰਿਆੱਕਲ ਵਿੱਚ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ