“ਨਸ਼ਾ ਮੁਕਤ ਸਰਸਾ, ਨਸ਼ਾ ਮੁਕਤ ਭਾਰਤ” | Sirsa News
- ਸੰਪੂਰਨ ਨਸ਼ਾ ਮੁਕਤ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਤਾਨਿਤ
ਸਰਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ‘ਨਸ਼ਾ ਮੁਕਤ ਸਰਸਾ, ਨਸ਼ਾ ਮੁਕਤ ਭਾਰਤ’ ਪ੍ਰੋਗਰਾਮ ਤਹਿਤ ਸ਼ੁੱਕਰਵਾਰ ਨੂੰ ਸੀਡੀਐੱਲਯੂ ’ਚ ਇੱਕ ਜਾਗਰੂਕਤਾ ਅਭਿਆਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ’ਚ ਸੰਪੂਰਨ ਨਸ਼ਾ ਮੁਕਤ ਪਿੰਡ, ਲੋਕਾਂ ਦਾ ਨਸ਼ਾ ਛੁਡਾਉਣ ਅਤੇ ਨਸ਼ਾ ਮੁਕਤ ਅਭਿਆਨ ’ਚ ਸ਼ਲਾਘਾਯੋਗ ਯੋਗਦਾਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਹ ਸਤਿਨਾਮ ਜੀ ਪੁਰਾ ਪੰਚਾਇਤ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਡੀਸੀ ਤੇ ਐੱਸਪੀ ਨੇ ਸਰਪੰਚ ਚਰਨਜੀਤ ਸਿੰਘ ਇੰਸਾਂ ਨੂੰ ਸਨਮਾਨ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ | Sirsa News
ਸ਼ਾਹ ਸਤਿਨਾਮ ਜੀ ਪੁਰਾ ਦੇ ਸਰਪੰਚ ਚਰਨਜੀਤ ਸਿੰਘ ਇੰਸਾਂ ਨੂੰ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਤੇ ਪੁਲਿਸ ਮੁਖੀ ਡਾ. ਅਰਪਿਤ ਜੈਨ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪ੍ਰੋਗਰਾਮ ’ਚ ਪਿੰਡ ਦੀ ਪੰਚ ਮੀਨਾ ਅਤੇ ਆਸ਼ਾ ਵਰਕਰ ਧੀਰਜ ਬਾਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪੁਲਿਸ ਮੁਖੀ ਡਾ. ਅਰਪਿਤ ਜੈਨ, ਏਡੀਸੀ ਡਾ. ਆਨੰਦ ਸ਼ਰਮਾ, ਸਹਾਇਕ ਕਮਿਸ਼ਨਰ (ਟ੍ਰੇਨਰ) ਯਸ਼ ਜਾਲੁਕਾ, ਏਐੱਸਪੀ ਦੀਪਤੀ ਗਰਗ, ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਨਰੇਸ਼ ਬਤਰਾ, ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਪੂਨਮ ਨਾਗਪਾਲ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜ਼ੂਦ ਰਹੇ। (Sirsa News)
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਕਿਹਾ ਕਿ ਸਾਡੇ ਜਵਾਨ ਦੇਸ਼ ਦੀ ਸੁਰੱਖਿਆ ਲਈ ਪੂਰੀ ਚੌਕਸੀ ਨਾਲ ਸਰਹੱਦ ‘ਤੇ ਤਾਇਨਾਤ ਹਨ। ਇਸੇ ਤਰ੍ਹਾਂ ਸਮਾਜ ਵਿੱਚ ਫੈਲੇ ਨਸ਼ਿਆਂ ਦੇ ਦੁਸ਼ਮਣ ਵਿਰੁੱਧ ਹਰ ਨਾਗਰਿਕ ਨੂੰ ਸਿਪਾਹੀ ਵਾਂਗ ਲੜਨਾ ਪਵੇਗਾ। ਨਸ਼ਾ ਸਾਡੀ ਨਸਲ ਨੂੰ ਬਰਬਾਦ ਕਰ ਰਿਹਾ ਹੈ। ਹਰ ਵਿਅਕਤੀ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਨਾ ਤਾਂ ਨਸ਼ਾ ਕਰੇਗਾ ਅਤੇ ਨਾ ਹੀ ਕਿਸੇ ਨੂੰ ਨਸ਼ਾ ਕਰਨ ਦੇਵੇਗਾ। (Sirsa News)
ਪੁਲਿਸ ਮੁਖੀ ਡਾ. ਅਰਪਿਤ ਜੈਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਨਸ਼ਿਆਂ ਵਿਰੁੱਧ ਇਕਜੁੱਟਤਾ ਜ਼ਰੂਰੀ ਹੈ, ਇਸ ਲੜਾਈ ‘ਚ ਨਾਗਰਿਕਾਂ ਨੂੰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ । ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਜਿਨ੍ਹਾਂ ਲੋਕਾਂ ਨੇ ਨਸ਼ਾ ਛੱਡ ਦਿੱਤਾ ਹੈ, ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨੇ ਚਾਹੀਦੇ ਹਨ, ਤਾਂ ਜੋ ਨਸ਼ੇ ਕਰਨ ਵਾਲੇ ਹੋਰ ਲੋਕ ਵੀ ਨਸ਼ਾ ਛੱਡਣ ਲਈ ਪ੍ਰੇਰਿਤ ਹੋ ਸਕਣ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਪੂਰੀ ਤਰ੍ਹਾਂ ਨਸ਼ਾ ਮੁਕਤ ਪਿੰਡ
ਸ਼ਾਹ ਸਤਿਨਾਮ ਜੀ ਪੁਰਾ ਦੇ ਸਰਪੰਚ ਚਰਨਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ। ਉਨ੍ਹਾਂ ਦੀ ਗ੍ਰਾਮ ਪੰਚਾਇਤ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਡੈਪਥ ਮੁਹਿੰਮ ਦੇ ਤਹਿਤ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਵੱਧ ਤੇਜ਼ੀ ਨਾਲ ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਪ੍ਰੇਰਿਤ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸ਼ਾਹ ਸਤਿਨਾਮ ਜੀ ਪੁਰਾ ਦੀ ਸਮੁੱਚੀ ਗ੍ਰਾਮ ਪੰਚਾਇਤ ਜ਼ਿਲ੍ਹੇ ਸਮੇਤ ਪੂਰੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰੇਗੀ।