ਸਰਸਾ (ਸੱਚ ਕਹੂੰ ਨਿਊਜ਼)। ਬੜਾਗੁੜਾ ਥਾਣਾ ਖ਼ੇਤਰ ਦੇ ਪਿੰਡ ਨਾਗੋਕੀ ’ਚ ਸ਼ੇਰਖੁਪੁਰੀਆ ਰਜਵਾਹੇ ਦੇ ਕੰਢੇ ਸਥਿੱਤ ਕਲੋਨੀ ’ਚ ਐਤਵਾਰ ਰਾਤ ਨੂੰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਇੱਕ ਖੇਤ ਮਜ਼ਦੂਰ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮਿ੍ਰਤਕ ਦੀ ਪਤਨੀ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ।
ਪਿੰਡ ਨਾਗੋਕੀ ਨਿਵਾਸੀ ਚਰਨਜੀਤ ਕੌਰ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪਤੀ ਗੁਲਜਾਰ ਤੇ ਪਰਿਵਾਰ ਦੇ ਮੈਂਬਰ ਐਤਵਾਰ ਰਾਤ ਨੂੰ ਆਪਣੇ ਘਰ ਸੁੱਤੇ ਪਏ ਸੀ। ਰਾਤ ਲਗਭਗ 10 ਵਜੇ ਕਿਸੇ ਨੇ ਬਾਹਰੋਂ ਆਵਾਜ਼ ਮਾਰੀ, ਜਿਸ ’ਤੇ ਉਸ ਦਾ ਪਤੀ ਗੇਟ ਖੋਲ੍ਹ ਕੇ ਬਾਹਰ ਗਿਆ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਜਣਿਆਂ ਨੇ ਫਾਇਰ ਕੀਤੇ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਨੂੰ ਹਸਪਤਾਲ ਪਹੰੁਚਾਇਆ। ਇੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।
ਜ਼ਮੀਨੀ ਵਿਵਾਦ ਬਣਿਆ ਕਤਲ ਦਾ ਕਾਰਨ | Sirsa News
ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ 5-7 ਸਾਲ ਪਹਿਲਾਂ ਪਿੰਡ ਨਿਵਾਸੀ ਹਾਕਮ ਸਿੰਘ ਪੁੱਤਰ ਨਿਹਾਲ ਸਿੰਘ ਦੇ ਖੇਤ ਬੀਜਦਾ ਸੀ। ਪਰ ਪਰਿਵਾਰਕ ਵਿਵਾਦ ਕਾਰਨ ਉਸ ਨੇ ਨਾਗੋਕੀ ਦੀ ਜ਼ਮੀਨ ਆਪਣੀ ਭੈਣ ਕੁਲਦੀਪ ਕੌਰ ਨਿਵਾਸੀ ਗਦਰਾਨਾ ਦੇ ਨਾਂਅ ਕਰ ਦਿੱਤੀ ਅਤੇ ਖੁਦ ਵੀ ਗਦਰਾਨਾ ’ਚ ਰਹਿਣ ਲੱਗਿਆ। ਉਸ ਨੇ ਦੱਸਿਆ ਕਿ ਹਾਕਮ ਸਿੰਘ ਦੁਆਰਾ ਆਪਣੀ ਭੈਣ ਦੇ ਨਾਅ ਕਰਵਾਈ ਗਈ ਜ਼ਮੀਨ ਨੂੰ ਉਸ ਦਾ ਪਤੀ ਠੇਕੇ ’ਤੇ ਬੀਜਦਾ ਸੀ।
ਇਸ ਗੱਲ ਨੂੰ ਲੈ ਕੇ ਹਾਕਮ ਸਿੰਘ ਦੇ ਪੁੱਤਰ ਇੰਦਰਜੀਤ ਨੇ ਉਕਤ ਜ਼ਮੀਨ ਨਾ ਬੀਜਣ ਲਈ ਕਿਹਾ, ਜਿਸ ’ਤੇ ਉਸ ਦੇ ਪਤੀ ਨੇ ਠੇਕਾ ਛੱਡ ਦਿੱਤਾ। ਇਸ ਦੇ ਬਾਵਜ਼ੂਦ ਇੰਦਰਜੀਤ ਇਸ ਗੱਲ ਦੀ ਰੰਜਿਸ਼ ਰੱਖਦਾ ਸੀ ਕਿ ਉਸ ਦੇ ਬਾਪ ਨੇ ਉਸ ਦੀ ਭੂਆ ਦੇ ਨਾਂਅ ਜੋ ਜ਼ਮੀਨ ਕਰਵਾਈ ਹੈ, ਉਸ ’ਚੋਂ ਗੁਲਜਾਰ ਦਾ ਵੀ ਹੱਥ ਹੈ।
ਚਰਨਜੀਤ ਕੌਰ ਨੇ ਪੁਲਿਸ ਨੂੰ ਦਰਜ਼ ਕਰਵਾਈ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਇਸੇ ਰਜਿਸ਼ ਕਾਰਨ ਇੰਦਰਜੀਤ ਨੇ ਖੁਦ ਜਾਂ ਆਪਣੇ ਕਿਸੇ ਸਾਥੀ ਤੋਂ ਉਸ ਦੇ ਪਤੀ ਦਾ ਕਤਲ ਕਰਵਾਇਆ ਹੈ। ਬੜਾਗੁੜਾ ਪੁਲਿਸ ਨੇ ਮਿ੍ਰਤਕ ਦੀ ਪਤਨੀ ਦੇ ਬਿਆਨਾਂ ’ਤੇ ਇੰਦਰਜੀਤ ਤੇ ਇੱਕ ਹੋਰ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਤਿੰਨ ਸਾਲ ਪਹਿਲਾਂ ਦਿੱਤੀ ਸੀ ਧਮਕੀ
ਮਿ੍ਰਤਕ ਦੇ ਰਿਸ਼ਤੇ ’ਚ ਭਰਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਸਾਲ 2019 ’ਚ ਜਾਨ ਤੋਂ ਮਾਰਨ ਦੀ ਧਮਕੀ ਵੀ ਮਿਲੀ ਸੀ। ਇਸ ਬਾਰੇ ਪਹਿਲਾਂ ਵੀ ਪੰਚਾਇਤ ਹੋਈ ਸੀ। ਉਸ ਨੇ ਦੱਸਿਆ ਕਿ ਉਸ ਦਾ ਭਰਾ ਨਿਰਦੋਸ਼ ਹੈ। ਜ਼ਮੀਨ ਕਿਸੇ ਦੀ, ਲੈਣਾ-ਦੇਣਾ ਕਿਸੇ ਦਾ। ਉਸ ਦੇ ਭਰਾ ਨੂੰ ਬਿਨਾ ਗੱਲੋਂ ਮਾਰ ਦਿੱਤਾ। ਉਸ ਨੇ ਤਾਂ ਕਈ ਸਾਲ ਪਹਿਲਾਂ ਜ਼ਮੀਨ ਠੇਕੇ ’ਤੇ ਲੈਣੀ ਵੀ ਬੰਦ ਕਰ ਦਿੱਤੀ ਸੀ।
ਮਾਮਲੇ ਦੀ ਜਾਂਚ ’ਚ ਜੁਟੀ ਪੁਲਿਸ
ਕਤਲ ਦੇ ਇਸ ਮਾਮਲੇ ’ਚ ਜਾਂਚ ਅਧਿਕਾਰੀ ਸਬ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਿਵ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਮਿ੍ਰਤਕ ਦੀ ਪਤਨੀ ਦੇ ਬਿਆਨ ’ਤੇ ਮਾਮਲਾ ਦਰਜ਼ ਕੀਤਾ ਹੈ। ਫਿਲਹਾਲ ਪੁਰਾਣਾ ਜ਼ਮੀਨੀ ਵਿਵਾਦ ਦੱਸਿਆ ਗਿਆ ਹੈ। ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।