ਅਦਾਲਤ ਨੇ ਅਗਲੀ ਸੁਣਵਾਈ 13 ਸਤੰਬਰ ਤੈਅ ਕੀਤੀ
(ਸੁਖਜੀਤ ਮਾਨ) ਮਾਨਸਾ। ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਅੱਜ ਅਦਾਲਤ ’ਚ ਗੁਰਪ੍ਰੀਤ ਸਿੰਘ ਗਵਾਹ ਵੱਜੋਂ ਪੇਸ਼ ਹੋਏ। ਸਿੱਧੂ ਮੂਸੇਵਾਲਾ ਦੇ ਨਾਲ ਵਾਪਰੀ ਘਟਨਾ ਸਮੇਂ ਉਸ ਨਾਲ ਥਾਰ ’ਚ ਮੌਜੂਦ ਗਵਾਹ ਨੇ ਅੱਜ ਮੁਲਜ਼ਮਾਂ ਦੀ ਪਛਾਣ ਕੀਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਤੈਅ ਹੋਈ ਹੈ।
ਇਹ ਵੀ ਪੜ੍ਹੋ: Bathinda News : ਬਿਜਲੀ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ
ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਗਵਾਹ ਗੁਰਪ੍ਰੀਤ ਸਿੰਘ ਹਾਜ਼ਰ ਹੋਏ ਅਤੇ ਉਨ੍ਹਾਂ ਮੁਲਜ਼ਮਾਂ ਦੀ ਪਛਾਣ ਕੀਤੀ। ਸ਼ਨਿੱਚਰਵਾਰ ਨੂੰ 7 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਵਿੱਚ ਅੰਕਿਤ ਸੇਰਸਾ, ਦੀਪਕ ਮੁੰਡੀ, ਸੰਦੀਪ ਕੇਕੜਾ, ਮਨੀ ਰਈਆ, ਕੁਲਦੀਪ ਕਸ਼ਿਸ਼, ਕੇਸ਼ਵ, ਪ੍ਰਿਅਵਰਤ ਫ਼ੌਜੀ ਸ਼ਾਮਲ ਹੋਏ ਤੇ ਬਾਕੀ ਵੀਡਿਉ ਕਾਨਫਰੰਸ ਰਾਹੀਂ ਪੇਸ਼ ਹੋਏ। ਸਿੱਧੂ ਮੂਸੇਵਾਲਾ ਦੀ ਥਾਰ ਅਤੇ ਕਤਲ ਕਾਂਡ ਵਿੱਚ ਵਰਤੀ ਗਈ ਏ ਕੇ 47 ਅਦਾਲਤ ਵਿੱਚ ਪੇਸ਼ ਨਾ ਕੀਤੇ ਗਏ। ਅਦਾਲਤ ਨੇ ਅਗਲੀ ਸੁਣਵਾਈ 13 ਸਤੰਬਰ ਤੈਅ ਕੀਤੀ ਹੈ। ਦੱਸਣਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜ਼ਿਲ੍ਹਾ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਮਾਮਲੇ ਦੀ ਸੁਣਵਾਈ ਅਦਾਲਤ ‘ਚ ਚੱਲ ਰਹੀ ਹੈ।