ਮੁਲਜ਼ਮ ਮਨਮੋਹਨ ਸਿੰਘ ਉਰਫ ਮੋਹਣਾ ਵੱਲੋਂ ਲਗਾਈ ਗਈ ਸੀ ਅਰਜ਼ੀ
ਮਾਨਸਾ (ਸੱਚ ਕਹੂੰ ਨਿਊਜ਼)। ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ’ਚ ਨਾਮਜ਼ਦ ਮੁਲਜ਼ਮ ਮਨਮੋਹਨ ਸਿੰਘ ਮੋਹਣਾ ਦੀ ਜ਼ਮਾਨਤ ਅਰਜ਼ੀ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤੀ ਹੈ। ਉਕਤ ਵਿਅਕਤੀ ’ਤੇ ਸਿੱਧੂ ਦੀ ਰੇਕੀ ਕਰਨ ਦੇ ਇਲਜ਼ਾਮ ਲੱਗੇ ਸੀ। ਵੇਰਵਿਆਂ ਮੁਤਾਬਿਕ ਮਨਮੋਹਨ ਸਿੰਘ ਮੋਹਣਾ ਵਾਸੀ ਰੱਲੀ, ਜ਼ਿਲ੍ਹਾ ਮਾਨਸਾ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਸਿੱਧੂ ਦੀ ਰੇਕੀ ਕਰਨ ਦੇ ਦੋਸ਼ਾਂ ਤਹਿਤ ਨਾਮਜ਼ਦ ਕੀਤਾ ਗਿਆ ਸੀ, ਜੋ ਹੁਣ ਜ਼ੇਲ੍ਹ ’ਚ ਹੈ।
ਮਨਮੋਹਨ ਸਿੰਘ ਵੱਲੋਂ ਮਾਣਯੋਗ ਅਦਾਲਤ ’ਚ ਜ਼ਮਾਨਤ ਸਬੰਧੀ ਅਰਜੀ ਲਗਾਈ ਗਈ ਸੀ। ਅਰਜੀ ’ਤੇ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਅਦਾਲਤੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਹਾਲੇ ਕਤਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੇਕਰ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਤਾਂ ਬਾਹਰ ਜਾ ਕੇ ਮੁਕੱਦਮੇ ਦੇ ਸਬੂਤਾਂ ਨਾਲ ਛੇੜਛਾੜ ਕਰੇਗਾ ਅਤੇ ਗਵਾਹਾਂ ਨੂੰ ਧਮਕੀਆਂ ਦੇ ਸਕਦਾ ਹੈ, ਇਸ ਲਈ ਜ਼ਮਾਨਤ ਅਰਜੀ ਰੱਦ ਕੀਤੀ ਗਈ ਹੈ। (Sidhu Moosewala)