ਰੋਡ ਰੇਜ ਮਾਮਲੇ ’ਚ ਮਿਲੀ ਹੈ ਇੱਕ ਸਾਲ ਦੀ ਸਜ਼ਾ
(ਸੱਚ ਕਹੂੰ ਨਿਊਜ਼) ਪਟਿਆਲਾ। ਰੋਡ ਰੇਜ ਮਾਮਲੇ ’ਚ ਜੇਲ੍ਹ ’ਚ ਬੰਦ ਨਵਜੋਤ ਸਿੱਧੂ ਨੂੰ ਫਾਇਲਾਂ ਵੇਖਣ ਦੇ ਕੰਮ ’ਤੇ ਲਾਇਆ ਗਿਆ ਹੈ। ਸਿੱਧੂ ਦੀ ਸੁਰੱਖਿਆ ਦੇ ਕਾਰਨਾਂ ਕਰਕੇ ਉਨ੍ਹਾਂ ਨੂੰ ਫਾਇਲਾਂ ਦਾ ਕੰਮ ਸੌਂਪਿਆ ਗਿਆ ਹੈ। ਨਵਜੋਤ ਸਿੱਧੂ ਦੀ ਸੁਰੱਖਿਆ ਨੂੰ ਵੇਖਦਿਆਂ ਉਹ ਜੇਲ ਦਫ਼ਤਰ ਦਾ ਕੰਮ ਜੇਲ੍ਹ ਦੀ ਬੈਰਕ ’ਚ ਹੀ ਬੈਠ ਕੇ ਕਰਨਗੇ। ਸਿੱਧੂ ਕੋਲ ਰੋਜ਼ਾਨਾ ਜੇਲ੍ਹ ਦਫ਼ਤਰ ਦੀਆਂ ਫਾਈਲਾਂ ਭੇਜੀਆਂ ਜਾਣਗੀਆਂ। ਇਸ ਕੰਮ ਲਈ ਸਿੱਧੂ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਸ਼ਾਮ ਨੂੰ ਸਿੱਧੂ ਵੱਲੋਂ ਤਿਆਰ ਫਾਈਲਾਂ ਨੂੰ ਵਾਪਸ ਦਫ਼ਤਰ ’ਚ ਲਿਆਂਦਾ ਜਾਵੇਗਾ।
ਸੁਪਰੀਮ ਕੋਰਟ ਨੇ ਸੁਣਾਈ ਸੀ ਸਖ਼ਤ ਸਜ਼ਾ
ਹਾਲਾਂਕਿ ਸੁਪਰੀਮ ਕੋਰਨ ਨੇ ਆਦੇਸ਼ ਜਾਰੀ ਕੀਤਾ ਸੀ ਕਿ ਸਿੱਧੂ ਤੋਂ ਸਖ਼ਤ ਤੋਂ ਸਖ਼ਤ ਕੰਮ ਲਿਆ ਜਾਵੇ। ਪਰ ਸਿੱਧੂ ਦੀ ਸੁਰੱਖਿਆ ਨੂੰ ਵੇਖਦਿਆਂ ਉਨ੍ਹਾਂ ਨੂੰ ਫਾਈਲਾਂ ਦੇ ਕੰਮ ’ਚ ਲਾਇਆ ਗਿਆ ਹੈ। ਸਿੱਧੂ ਨੂੰ ਫੈਕਟਰੀਆਂ ਜਾਂ ਬੇਕਰੀਆਂ ਦੇ ਕੰਮ ’ਚ ਲਾਇਆ ਜਾ ਸਕਦਾ ਸੀ ਜਿੱਥੇ ਦੂਜੇ ਕੈਦੀ ਸਖ਼ਤ ਕੰਮ ਕਰਦੇ ਹਨ ਪਰ ਅਜਿਹੇ ‘ਚ ਸਿੱਧੂ ਨੂੰ ਉਨ੍ਹਾਂ ਤੋਂ ਦੂਰ ਰੱਖਦੇ ਹੋਏ ਉਨ੍ਹਾਂ ਨੂੰ ਦਫਤਰ ਦੀਆਂ ਫਾਈਲਾਂ ਦਾ ਕੰਮ ਦਿੱਤਾ ਗਿਆ ਹੈ।
ਜਿਕਰਯੋਗ ਹੀ ਕਿ ਸੁਪਰੀਮ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ (Navjot Singh Sidhu) ਨੂੰ 34 ਸਾਲ ਪੁਰਾਣੇ ਦੋਸ਼ੀ ਕਤਲ ਕੇਸ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਏ. ਐਮ ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਸੁਪਰੀਮ ਕੋਰਟ ਦੇ 2018 ਦੇ ਫੈਸਲੇ ਦੀ ਸਮੀਖਿਆ ਕਰਨ ਤੋਂ ਬਾਅਦ ਸਜ਼ਾ ਨੂੰ ਵਧਾਉਣ ਦਾ ਹੁਕਮ ਦਿੱਤਾ। ਬੈਂਚ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਦਾਇਰ ਰੀਵਿਊ ਪਟੀਸ਼ਨ ‘ਤੇ ਸੁਣਵਾਈ ਪੂਰੀ ਹੋਣ ਤੋਂ ਬਾਅਦ ਸਿੱਧੂ ਨੂੰ ਇਹ ਸਜ਼ਾ ਸੁਣਾਈ ਹੈ।
ਕੀ ਹੈ ਮਾਮਲਾ
ਸਿੱਧੂ ਖਿਲਾਫ ਰੋਡ ਰੇਜ ਦਾ ਮਾਮਲਾ ਸਾਲ 1988 ਦਾ ਹੈ। ਪਟਿਆਲਾ ‘ਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ ਗੁਰਨਾਮ ਸਿੰਘ ਨਾਂਅ ਦੇ 65 ਸਾਲਾ ਵਿਅਕਤੀ ਨਾਲ ਲੜਾਈ ਹੋ ਗਈ। ਇਲਜ਼ਾਮ ਹੈ ਕਿ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਜਿਸ ‘ਚ ਸਿੱਧੂ ਨੇ ਗੁਰਨਾਮ ਸਿੰਘ ‘ਤੇ ਕਥਿਤ ਤੌਰ ‘ਤੇ ਮੁੱਕਾ ਮਾਰਿਆ। ਬਾਅਦ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਨਵਜੋਤ ਸਿੰਘ ਸਿੱਧੂ ਅਤੇ ਉਸਦੇ ਦੋਸਤ ਰੁਪਿੰਦਰ ਸਿੰਘ ਸਿੱਧੂ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ