ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ

ਸ੍ਰੀ ਗੁਰੁ ਤੇਗ ਬਹਾਦਰ ਜੀ ਨੂੰ ਨੌ ਨਿਧੀਆਂ ਦਾ ਖ਼ਜ਼ਾਨਾ ਮੰਨਿਆ ਗਿਆ ਹੈ, ਸਮੂਹ ਸਿੱਖ ਜਗਤ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਅਰਦਾਸ ਮੌਕੇ ਯਾਦ ਕਰਵਾਇਆ ਜਾਂਦਾ ਹੈ ।

‘ਤੇਗ ਬਹਾਦਰ ਸਿਮਰਿਐ,
ਘਰ ਨਉ ਨਿਧਿ ਆਵੈ ਧਾਇ’

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੁ ਹਰ ਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਵਿਖੇ ( ਸ੍ਰੀ ਦਰਬਾਰ ਸਾਹਿਬ ਦੇ ਪੱਛਮ ਪਾਸੇ ਗੁਰੂ ਕੇ ਮਹਿਲ ਵਿਖੇ ਗੁਰਦੁਆਰਾ ਸ੍ਰੀ ਗੁਰੁ ਤੇਗ ਬਹਾਦਰ ਜੀ ਸਥਿੱਤ ਹੈ) ਹੋਇਆ। ਗੁਰੂ ਜੀ ਦਾ ਬਚਪਨ ‘ਚ ਮਾਤਾ ਪਿਤਾ ਨੇ ਨਾਂਅ ਤਿਆਗ ਮੱਲ ਰੱਖਿਆ। ਗੁਰੂ ਜੀ ਦਾ ਬਚਪਨ ਸ੍ਰੀ ਅੰਮ੍ਰਿਤਸਰ ਵਿਖੇ ਬੀਤਿਆ।

ਗੁਰੂ ਜੀ ਨੇ ਆਪਣੀ ਮੁੱਢਲੀ  ਜਿੰਦਗੀ ਦੌਰਾਨ ਭਾਈ ਗੁਰਦਾਸ ਜੀ ਤੋਂ ਗੁਰਮੁਖੀ, ਹਿੰਦੀ, ਸੰਸਕ੍ਰਿਤ ਅਤੇ ਭਾਰਤੀ ਧਾਰਮਿਕ ਵਿਚਾਰਧਾਰਾ ਦਾ ਅਧਿਐਨ ਕੀਤਾ । ਗੁਰੁ ਜੀ ਨੇ ਬਾਬਾ ਬੁੱਢਾ ਜੀ ਤੋਂ ਤੀਰਅੰਦਾਜ਼ੀ ਅਤੇ ਘੋੜ ਸਵਾਰੀ ਦੇ ਗੁਰ ਸਿੱਖੇ। ਆਪਣੇ ਪਿਤਾ ਗੁਰੂ ਹਰਗੋਬਿੰਦ ਜੀ ਤੋਂ ਤਲਵਾਰਬਾਜ਼ੀ ਸਿੱਖੀ। ਸਿਰਫ ਤੇਰਾਂ ਸਾਲਾਂ ਉਮਰ ‘ਚ ਗੁਰੁ ਜੀ ਨੇ ਆਪਣੇ ਪਿਤਾ ਸ੍ਰੀ ਗੁਰੁ ਹਰ ਗੋਬਿੰਦ ਸਾਹਿਬ ਜੀ ਨੂੰ ਸ਼ਾਹਜਹਾਨ ਦੇ ਸੱਦੇ ‘ਤੇ ਪੈਂਦੇ ਖ਼ਾਨ ਨਾਲ ਹੋ ਰਹੇ ਯੁੱਧ ਵਿਚ ਜਾਣ ਲਈ ਕਿਹਾ। ਯੁੱਧ ਦੇ ਦੌਰਾਨ ਗੁਰੂ ਜੀ ਨੇ ਤਲਵਾਰਬਾਜ਼ੀ ਦੇ ਕਰਤੱਵ ਵਿਖਾਉਂਦੇ ਹੋਏ ।ਦੁਸ਼ਮਣਾਂ ਦੇ ਮੂੰਹ ਮੋੜ ਦਿੱਤੇ। ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਨਾਂਅ ਉਸ ਵੇਲੇ ਤਿਆਗ ਮਲ ਸੀ ਅਤੇ ਯੁੱਧ ਫਤਿਹ ਕਰਨ ਤੋਂ ਬਾਦ ‘ਤੇਗ ਬਹਾਦਰ’ ਦੇ ਨਾਂਅ ਨਾਲ ਜਾਣੇ ਜਾਣ ਲੱਗੇ। ਸ੍ਰੀ ਗੁਰੁ ਤੇਗ ਬਹਾਦਰ ਜੀ ਦਾ ਵਿਆਹ 1632 ਈ. ‘ਚ ਕਰਤਾਰਪੁਰ ਵਿਖੇ ਮਾਤਾ ਗੁਜਰੀ ਜੀ ਨਾਲ ਹੋਇਆ।

ਅੱਠਵੇਂ ਪਾਤਸ਼ਾਹ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ  ਦਿੱਲੀ ਵਿਖੇ 3 ਵੈਸਾਖ ਸੰਮਤ 1721 ਭਾਵ 30 ਮਾਰਚ 1664 ਨੂੰ ਜੋਤੀ ਜੋਤ ਸਮਾਉਣ ਲੱਗਿਆਂ ਸੰਗਤਾਂ ਨੂੰ ਆਦੇਸ਼ ਕਰ ਗਏ ਕਿ ‘ਬਾਬਾ ਵਸੇ ਗ੍ਰਾਮ ਬਕਾਲੇ’। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਬਕਾਲਾ ਵਿਖੇ ਭਗਤੀ ਵਿੱਚ ਲੀਨ ਸਨ। ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਪਾਣੀ ‘ਚ ਡੁੱਬ ਰਿਹਾ ਸੀ। ਉਸ ਨੇ ਮਨ ਵਿੱਚ ਗੁਰੂ ਜੀ ਨੂੰ ਯਾਦ ਕਰਦਿਆਂ ਆਪਣੀ ਜਾਨ ਮਾਲ ਬਚਾਉਣ ਲਈ ਸਹਾਇਤਾ ਮੰਗੀ। ‘ਬਿਰਥੀ ਕਦੇ ਨਾ ਜਾਵਈ  ਸੇਵਕ ਕੀ ਅਰਦਾਸ’ ਅਨੁਸਾਰ ਗੁਰੂ ਜੀ ਨੇ ਸਹਾਇਤਾ ਕੀਤੀ ਅਤੇ ਡੁੱਬਦਾ ਜਹਾਜ਼ ਬਚਾ ਕੇ ਬੰਨੇ ਲਾ ਦਿੱਤਾ। ਉਸ ਵੇਲੇ ਵੱਖ-ਵੱਖ ਥਾਵਾਂ ‘ਤੇ 22 ਮੰਜੀਆਂ ਲੱਗੀਆਂ ਹੋਈਆਂ ਸਨ ਤੇ ਥਾਂ-ਥਾਂ ਗੁਰੂ ਬਣ ਕੇ ਬੈਠੇ ਹੋਏ ਸਨ।

ਮੱਖਣ ਸ਼ਾਹ ਲੁਬਾਣਾ ਆਪਣੀ ਸੁੱਖਣਾ ਪੂਰੀ ਕਰਨ ਲਈ ਆਇਆ ਤਾਂ ਉਨ੍ਹਾਂ ਨੂੰ ਫੈਸਲਾ ਕਰਨਾ ਮੁਸ਼ਕਲ ਹੋ ਗਿਆ। ਮੱਖਣ ਸ਼ਾਹ ਲੁਬਾਣੇ ਨੇ ਸਭ ਦੇ ਸਾਹਮਣੇ ਵਾਰੀ ਵਾਰੀ ਪੰਜ-ਪੰਜ ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਗੁਰੂ ਤੇਗ ਬਹਾਦਰ ਸਾਹਮਣੇ ਪੰਜ ਮੋਹਰਾਂ ਰੱਖੀਆਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੱਥ ਫੜ ਲਿਆ ਅਤੇ 500 ਮੋਹਰਾਂ ਭੇਟਾ ਕਰਨ ਦੀ ਯਾਦ ਕਰਾਈ ਅਤੇ ਆਪਣੇ ਮੋਢੇ ‘ਤੇ ਪਿਆ ਦਾਗ ਦਿਖਾਇਆ। ਮੱਖਣ ਸ਼ਾਹ ਲੁਬਾਣੇ ਨੇ ਗੁਰੂ ਜੀ ਅੱਗੇ 500 ਮੋਹਰਾਂ ਭੇਂਟ ਕਰਕੇ ਥਾਂ ਥਾਂ ਬਣੇ ਬੈਠੇ ਨਕਲੀ ਗੁਰੂਆਂ ਦਾ ਪਰਦਾਫਾਸ਼ ਕੀਤਾ ਮੱਖਣ ਸ਼ਾਹ ਲੁਬਾਣੇ  ਨੇ ਸੰਗਤਾਂ ਸਾਹਮਣੇ ਉੱਚੀ ਉੱਚੀ ਪੁਕਾਰਿਆ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ।

ਇਹ ਘਟਨਾ ਅਪਰੈਲ 1664 ਈ. ਦੀ ਹੈ ਜਦੋਂ ਗੁਰੂ ਜੀ ਸੰਗਤਾਂ ਸਾਹਮਣੇ ਜੱਗ ਜਾਹਿਰ ਹੋਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਹਿਲੇ ਗੁਰੂਆਂ ਦੀ ਤਰ੍ਹਾਂ ਹਰ ਧਰਮ ਦੇ ਲੋਕਾਂ ਨਾਲ ਪਿਆਰ ਕਰਨਾ ਸਿਖਾਇਆ। ਮਨੁੱਖਤਾ ਤੇ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ ਕੀਤਾ। ਜ਼ੁਲਮ ਤੇ ਜ਼ਾਲਮ ਨਾਲ ਸਿੱਧੀ ਟੱਕਰ ਲਈ।

ਨੌਵੇਂ ਗੁਰੁ ਦੀ ਗੱਦੀ ਦੀ ਸੇਵਾ ਸੰਭਾਲਣ ਤੋਂ ਬਾਦ ਲੋਕਾਂ ਵਿਚ ਸੱਚ ਤੇ ਪ੍ਰੇਮ ਦਾ ਸੰਦੇਸ਼ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਕਰਨ ਦਾ ਨਿਸਚਾ ਕਰ ਲਿਆ। ਗੁਰੁ ਜੀ ਨੇ ਸਾਂਝੇ ਪੰਜਾਬ ਤੋਂ ਇਲਾਵਾ ਬੰਗਾਲ, ਅਸਾਮ ਤੱਕ ਤਕਰੀਬਨ ਸਾਰੇ ਉੱਤਰੀ ਭਾਰਤ ਦੀ ਧਰਮ ਪ੍ਰਚਾਰ ਯਾਤਰਾ ਕੀਤੀ। ਸ੍ਰੀ ਅੰਮ੍ਰਿਤਸਰ, ਵੱਲਾ, ਗੁਰੁ ਕਾ ਬਾਗ, ਬਕਾਲਾ, ਬਿਲਾਸਪੁਰ ਦੀ ਯਾਤਰਾ ਕਰਦਿਆਂ ਚੱਕ ਨਾਨਕੀ ਨਗਰ ਦੀ ਨੀਂਹ ਰੱਖੀ। ਇਤਿਹਾਸ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਬਿਲਾਸਪੁਰ ਵਿਖੇ ਸਨ ਤਾਂ ਉਨ੍ਹਾਂ ਨੇ ਰਾਣੀ ਜਲਾਲ ਦੇਵੀ ਨੂੰ ਕੀਰਤਪੁਰ ਛੱਡ ਕੇ ਨੇੜੇ ਇੱਕ ਨਵਾਂ ਪਿੰਡ ਵਸਾਉਣ ਦਾ ਵਿਚਾਰ ਦੱਸਿਆ।

ਗੁਰੂ ਜੀ ਨੇ ਰਾਣੀ ਨੂੰ ਰਕਮ ਦੇ ਕੇ  ਜ਼ਮੀਨ ਖਰੀਦ ਲਈ। ਜੂਨ 1665 ਈ. ‘ਚ ਉਸ ‘ਤੇ ਨਵੇਂ ਨਗਰ ਦੀ ਨੀਂਹ ਰੱਖੀ। ਜਿਸ ਦਾ ਨਾਂਅ ਚੱਕ ਨਾਨਕੀ ਰੱਖਿਆ ਗਿਆ। ਇਸ ਤੋਂ ਅੱਗੇ ਗੁਰੂ ਜੀ ਕੈਥਲ, ਕੁਰੂਕਸ਼ੇਤਰ,ਪਟਨਾ ਦੀ ਯਾਤਰਾ ਕਰਦੇ ਹੋਏ ਢਾਕਾ ਪਹੁੰਚ ਗਏ। ਪਟਨਾ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਬਾਲਕ ਗੋਬਿੰਦ ਰਾਏ ਦਾ ਜਨਮ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਤੋਂ ਬਾਦ ਸ੍ਰੀ ਆਨੰਦਪੁਰ ਸਾਹਿਬ ਚਲੇ ਗਏ।

ਉਸ ਸਮੇਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਅੱਤ ਮਚਾਈ ਹੋਈ ਸੀ। ਲੋਕਾਂ  ਨੂੰ ਜ਼ਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਬਣਾਇਆ ਜਾ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲੈਣ ਦਾ ਨਿਸਚਾ ਕਰਕੇ ਕਸ਼ਮੀਰੀ ਪੰਡਤਾਂ ਦਾ ਜੱਥਾ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਦਰਬਾਰ ‘ਚ ਹਾਜ਼ਰ ਹੋਇਆ। ਕਸ਼ਮੀਰੀ ਪੰਡਤਾਂ ਨੇ ਆਪਣੇ ਨਾਲ ਹੋ ਧਾਰਮਿਕ ਤੌਰ ‘ਤੇ ਹੋ ਰਹੀਆਂ ਵਧੀਕੀਆਂ ਤੇ ਜ਼ਬਰੀ ਇਸਲਾਮ ਕਬੂਲ ਕਰਨ ਦੀਆਂ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਗੁਰੁ ਜੀ ਨੂੰ ਸੁਣਾਈਆਂ।

ਕਸ਼ਮੀਰੀ ਪੰਡਤਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਸ੍ਰੀ ਗੁਰੁ ਤੇਗ ਬਹਾਦਰ ਜੀ ਨੇ ‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ’ ਮਹਾਂਵਾਕ ਅਨੁਸਾਰ ਵਿਸ਼ਵਾਸ ਦਿਵਾਇਆ ਕਿ ਮਾਯੂਸ ਨਹੀਂ ਪਰਤਣਗੇ। ਗੁਰੁ ਜੀ ਫਰਮਾਉਣ ਲੱਗੇ ਕਿ ਸਮਾਂ ਕਿਸੇ ਮਹਾਂਪੁਰਖ਼ ਦੀ ਸ਼ਹੀਦੀ ਦੀ ਮੰਗ ਕਰਦਾ ਤਾਂ ਹੀ ਆਮ ਲੋ ਕਾਈ  ਦੀ ਧਾਰਮਿਕ ਆਜ਼ਾਦੀ ਨੂੰ ਬਚਾਇਆ ਜਾ ਸਕਦਾ। ਇਸ ਮੌਕੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਨੇੜੇ ਬੈਠੇ ਬਾਲਕ ਸਪੁੱਤਰ ਗੋਬਿੰਦ ਰਾਏ ਜੀ ਨੇ ਕਿਹਾ, ‘ਆਪ ਜੀ ਤੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ।’

ਨਿੱਕੇ ਜਿਹੇ ਬਾਲ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਬਾਲਕ ਗੋਬਿੰਦ ਰਾਏ ਆਉਣ ਵਾਲੀ ਮੁਸੀਬਤ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ। 1675 ਈ. ਨੂੰ ਸ੍ਰੀ ਗੁਰੁ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਨੂੰ ਗੁਰ ਗੱਦੀ ਸੌਂਪ ਦਿੱਤੀ। ਗੁਰੂ ਜੀ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦੈ ਜੀ ਆਦਿ ਨੂੰ ਨਾਲ ਲੈ ਕੇ ਦਿੱਲੀ ਚਲੇ  ਗਏ।

ਔਰੰਗਜ਼ੇਬ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ‘ਚ ਬੰਦ ਕਰ ਦਿੱਤਾ। ਗੁਰੂ ਜੀ ਨੂੰ ਕਰਾਮਾਤ ਦਿਖਾਉਣ ਜਾਂ ਮੁਸਲਮਾਨ ਬਣਨ ਲਈ ਕਿਹਾ। ਗੁਰੂ ਜੀ ਨੇ ਇਹ ਨਾ ਕਰਨ ਦਾ ਜਵਾਬ ਦੇ ਦਿੱਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜਿਉਂਦੇ ਅੱਗ ਲਾਕੇ ਅਤੇ ਭਾਈ ਦਿਆਲਾ ਜੀ ਨੂੰ ਜਿਉਂਦੇ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ।

ਗੁਰੂ ਜੀ ਸਾਹਮਣੇ ਪਿਆਰੇ ਸ਼ਹੀਦੀਆਂ ਪਾ ਗਏ। ਔਰੰਗਜ਼ੇਬ ਦੇ ਹੁਕਮ ਅਨੁਸਾਰ ਸ੍ਰੀ ਗੁਰੁ ਤੇਗ ਬਹਾਦਰ ਜੀ ਨੂੰ 24 ਦਸੰਬਰ 1675 ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਜ਼ਾਲਮਾਂ ਨੇ ਤਲਵਾਰ ਨਾਲ ਗੁਰੂ ਜੀ ਦਾ ਸੀ ਧੜ ਨਾਲੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ। ਗੁਰੂ ਜੀ ਨੇ ਧਰਮ ਬਚਾਉਣ ਦੀ ਖ਼ਾਤਰ ਆਪਣੇ ਸੀਸ ਦੀ ਕੁਰਬਾਨੀ ਦੇ ਦਿੱਤੀ। ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹੀਦੀ ਦੇ ਕੇ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਬਣੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।