ਨਾਜ ਮੰਡੀ ‘ਚ ਹੋਣ ਵਾਲੀ ਰੈਲੀ ਲਈ ਵੱਡੇ ਪੰਡਾਲ ‘ਚ ਲਾਈਆਂ 15 ਹਜ਼ਾਰ ਕੁਰਸੀਆਂ
ਚਾਹ ਪਾਣੀ, ਲੰਗਰ ਦੇ ਪ੍ਰਬੰਧ, ਆਗੂ ਕਰਦੇ ਰਹੇ ਨੇ ਦਿਨ ਰਾਤ ਡਿਊਟੀਆਂ
ਸੰਗਰੂਰ, (ਗੁਰਪ੍ਰੀਤ ਸਿੰਘ)। ਢੀਂਡਸਾ (Dhindsa) ਪਰਿਵਾਰ ਦੀ ਸਿਆਸੀ ਪ੍ਰੀਖਿਆ ਦੀ ਘੜੀ ਆ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਣ ਤੋਂ ਬਾਅਦ ਢੀਂਡਸਾ ਪਰਿਵਾਰ ਵੱਲੋਂ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਸੰਗਰੂਰ ਦੀ ਅਨਾਜ ਮੰਡੀ ਦੇ ਵੱਡੇ ਫੜ ਵਿੱਚ ਹੋਣ ਵਾਲੀ ਇਸ ਰੈਲੀ ਲਈ ਢੀਂਡਸਾ ਪਰਿਵਾਰ ਅਤੇ ਉਨਾਂ ਦੇ ਹਮਾਇਤੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਢੀਂਡਸਾ ਪਰਿਵਾਰ ਨੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਪਿੰਡ-ਪਿੰਡ ਤੇ ਹਲਕਿਆਂ ਵਿੱਚ ਜਾ ਕੇ ਆਪਣੇ ਹਮਾਇਤੀਆਂ ਨੂੰ ਰੈਲੀ ਲਈ ਲਾਮਬੰਦ ਕੀਤਾ ਹੋਇਆ ਹੈ।
ਰੈਲੀ ਦੇ ਅਗਾਊਂ ਪ੍ਰਬੰਧਾਂ ਦੀ ਜਾਣਕਾਰੀ ਲਈ ਇਸ ਪ੍ਰਤੀਨਿਧ ਵੱਲੋਂ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ ਤਾਂ ਉੱਥੇ ਦਰਜ਼ਨਾਂ ਦੀ ਗਿਣਤੀ ਵਿੱਚ ਢੀਂਡਸਾ ਹਮਾਇਤੀ ਆਗੂ ਮੌਜ਼ੂਦ ਸਨ। ਅਨਾਜ ਮੰਡੀ ਦੇ ਤਕਰੀਬਨ 3 ਏਕੜ ਪੰਡਾਲ ‘ਚ ਵੱਡਾ ਟੈਂਟ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰੈਲੀ ਦੇ ਪ੍ਰਬੰਧ ਵੇਖ ਰਹੇ ਅਕਾਲੀ ਆਗੂ ਜਸਵਿੰਦਰ ਸਿੰਘ ਪ੍ਰਿੰਸ, ਸੰਦੀਪ ਦਾਨੀਆ, ਵਿਜੈ ਲੰਕੇਸ਼ ਨੇ ਦੱਸਿਆ ਕਿ ਰੈਲੀ ਦੇ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਵੇਗਾ ਜਿਸ ਕਾਰਨ ਉਹ ਪ੍ਰਬੰਧ ਪੂਰੇ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਪੰਡਾਲ ਵਿੱਚ 15 ਹਜ਼ਾਰ ਦੇ ਕਰੀਬ ਕੁਰਸੀਆਂ ਲਾ ਦਿੱਤੀਆਂ ਗਈਆਂ ਹਨ। ਸਟੇਜ ਤੋਂ ਥੋੜਾ ਅੱਗੇ ਹੇਠਾਂ ਬੈਠਣ ਵਾਲਿਆਂ ਲਈ ਦਰੀਆਂ ਵਿਛਾਈਆਂ ਗਈਆਂ ਹਨ, ਇਸ ਤੋਂ ਇਲਾਵਾ ਇੱਕ ਮੇਨ ਸਟੇਜ ਤਿਆਰ ਕੀਤੀ ਗਈ ਹੈ ਢਾਡੀ-ਰਾਗੀਆਂ ਵਾਸਤੇ ਛੋਟੀ ਸਟੇਜ ਲਾਈ ਗਈ ਹੈ। ਪ੍ਰਿੰਸ ਨੇ ਦੱਸਿਆ ਕਿ ਰੈਲੀ ਵਿੱਚ ਪਹੁੰਚਣ ਵਾਲੇ ਲੋਕਾਂ ਦੀ ਹਰ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਪਿਛਲੇ ਪਾਸੇ ਦੋ ਵੱਡੀਆਂ ਐਲਸੀਡੀਜ਼ ਲਾਈਆਂ ਜਾਣਗੀਆਂ ਤਾਂ ਜੋ ਪਿੱਛੇ ਬੈਠਣ ਵਾਲੇ ਲੋਕਾਂ ਨੂੰ ਵੀ ਸਟੇਜ ਦੀ ਸਾਰੀ ਕਾਰਵਾਈ ਪਤਾ ਲੱਗਦੀ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ਤੋਂ ਦੁੱਗਣਾ ਇਕੱਠ ਇਸ ਰੈਲੀ ਵਿੱਚ ਹੋਵੇਗਾ।
ਰੈਲੀ ਸਾਬਤ ਕਰੇਗੀ ਕਿ ਲੋਕ ਕਿਹੜੀ ਪਾਰਟੀ ਦੇ ਨਾਲ ਹਨ : ਪਰਮਿੰਦਰ ਢੀਂਡਸਾ
ਸੰਗਰੂਰ: 23 ਫਰਵਰੀ ਦੀ ਰੈਲੀ ਦੀ ਕਵਰੇਜ਼ ਲਈ ਸੱਦਾ ਪੱਤਰ ਦੇਣ ਲਈ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸੰਗਰੂਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਆਓ ਭਗਤ ਕੀਤੀ। ਉਨਾਂ ਇੱਕ ਨਿੱਜੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਨੇ ਆਖਿਆ ਕਿ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਜੁੜਨ ਜਾ ਰਿਹਾ ਹੈ। ਉਨਾਂ ਕਿਹਾ ਕਿ ਕੱਲ ਸੰਗਰੂਰ ਵਿਖੇ ਹੋਣ ਵਾਲੇ ਇਕੱਠ ਨੇ ਸਾਬਤ ਕਰ ਦੇਣਾ ਹੈ ਕਿ ਕਿਹੜਾ ਦਲ ਪੰਥਕ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲਾ ਹੈ।
ਉਨਾਂ ਕਿਹਾ ਕਿ ਜਿਸ ਤਰਾਂ ਦਾ ਲੋਕਾਂ ਵੱਲੋਂ ਉਤਸ਼ਾਹ ਸਾਹਮਣੇ ਆ ਰਿਹਾ ਹੈ, ਉਸ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਰੈਲੀ ਸੰਗਰੂਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ। ਉਨਾਂ ਕਿਹਾ ਕਿ ਅਸੀਂ ਉਸੇ ਥਾਂ ‘ਤੇ ਰੈਲੀ ਕਰ ਰਹੇ ਹਾਂ ਜਿੱਥੇ ਕੁਝ ਦਿਨ ਪਹਿਲਾਂ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਸੀ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਲੋਕ ਕਿਹੜੀ ਪਾਰਟੀ ਦੇ ਨਾਲ ਖੜੇ ਹਨ। ਉਨਾਂ ਇਹ ਵੀ ਕਿਹਾ ਕਿ ਇਸ ਰੈਲੀ ਵਿੱਚ ਸਿਰਫ਼ ਜ਼ਿਲਾ ਸੰਗਰੂਰ ਦਾ ਇਕੱਠ ਹੀ ਹੋਵੇਗਾ ਜਦੋਂ ਕਿ ਬਾਦਲ ਦਲ ਵੱਲੋਂ ਕੀਤੀ ਰੈਲੀ ਵਿੱਚ ਸਾਰੇ ਪੰਜਾਬ ਵਿੱਚੋਂ ਲੋਕ ਇਕੱਠੇ ਕੀਤੇ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।