ਦੁਕਾਨਾਂ ਖੁੱਲ੍ਹਣ ਲਈ ਮੁਕਰਰ ਕੀਤੇ ਦਿਨ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੇ ਅਤੇ ਜਾਰੀ ਹਦਾਇਤਾਂ ਵੀ ਬਰਕਰਾਰ ਰਹਿਣਗੀਆਂ
ਫ਼ਾਜ਼ਿਲਕਾ, (ਰਜਨੀਸ਼ ਰਵੀ) । ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਐਪੀਡੈਮਿਕ ਕੰਟਰੋਲ ਐਕਟ 1897 ਸੈਕਸ਼ਨ-2 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ 17 ਮਈ 2020 ਤੱਕ ਤਾਲਾਬੰਦੀ ਦੇ ਨਾਲ-ਨਾਲ ਕਰਫਿਊ ਵੀ ਜਾਰੀ ਰੱਖਿਆ ਹੈ। ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਵੱਖ-ਵੱਖ ਸ੍ਰੇਣੀ ਦੀਆਂ ਦੁਕਾਨਾਂ ਨੂੰ ਕਰਫਿਊ ਦੌਰਾਨ 50 ਫੀਸਦੀ ਸਟਾਫ ਨਾਲ ਖੋਲਣ ਦੀ ਢਿੱਲ ਦਿੱਤੀ ਗਈ ਸੀ। ਸ. ਸੰਧੂ ਨੇ ਦੱਸਿਆ ਕਿ ਇਸ ਤੋਂ ਪਹਿਲਾ ਜ਼ਿਲ੍ਹਾ ਫ਼ਾਜਿਲਕਾ ਵਿਚ ਵੱਖ-ਵੱਖ ਸ੍ਰੇਣੀ ਦੀਆਂ ਦੁਕਾਨਾਂ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਤੋਂ ਪ੍ਰਾਪਤ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੁਣ ਜ਼ਿਲ੍ਹੇ ਅੰਦਰ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 7 ਤੋਂ ਦੁਪਹਿਰ 3 ਵਜੇ ਤੱਕ ਨਿਸ਼ਚਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸ਼੍ਰੇਣੀ ਦੀਆਂ ਦੁਕਾਨਾਂ ਖੁੱਲ੍ਹਣ ਲਈ ਮੁਕਰਰ ਕੀਤੇ ਦਿਨ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੇ ਅਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਵੀ ਬਰਕਰਾਰ ਰਹਿਣਗੀਆਂ। ਜਿਲ੍ਹੇ ‘ਚ ਸਥਾਪਿਤ ਸਾਰੇ ਬੈਂਕ ਸਵੇਰੇ 9 ਤੋਂ ਲੈ ਕੇ 1 ਵਜੇ ਤੱਕ ਪਬਲਿਕ ਡਿਲਿੰਗ ਕਰਨਗੇ, ਉਸ ਤੋਂ ਬਾਅਦ ਉਹ ਲੋੜ ਅਨੁਸਾਰ ਬੈਂਕ ਦਾ ਕੰਮ ਕਰ ਸਕਦੇ ਹਨ।
ਲੀਡ ਬੈਂਕ ਮੈਨੇਜਰ ਇਹ ਕਾਰਵਾਈ ਯਕੀਨੀ ਬਣਾਉਣਗੇ। ਸਰਕਾਰ ਵੱਲੋਂ ਜਾਰੀ ਪੱਤਰ ਦੀ ਪਾਲਣਾ ਵਿਚ ਜਿਲ੍ਹੇ ‘ਚ ਸ਼ਰਾਬ ਦੇ ਸਮੂਹ ਠੇਕੇ ਸਵੇਰੇ 7 ਤੋਂ ਦੁਪਹਿਰ 3 ਵਜੇ ਤੱਕ ਹਦਾਇਤਾਂ ਅਨੁਸਾਰ ਖੁੱਲ੍ਹਣਗੇ। ਜੇਕਰ ਕਿਸੇ ਗ੍ਰਾਹਕ ਵੱਲੋਂ ਹੋਮ ਡਿਲੀਵਰੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਗ੍ਰਾਹਕ ਨੂੰ ਹੋਮ ਡਿਲੀਵਰੀ ਵੀ ਇਸ ਸਸੇਂ ਦੌਰਾਨ ਕੀਤੀ ਜਾ ਸਕਦੀ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਫ਼ਾਜ਼ਿਲਕਾ ਇਹ ਕਾਰਵਾਈ ਯਕੀਨੀ ਬਣਾਉਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।