ਸ਼ਿਵ ਸੁੰਦਰ ਦਾਸ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਨਿਯੁਕਤ

ਟੀਮ ਦੇ ਨਾਲ ਜੂਨ-ਜੁਲਾਈ ’ਚ ਹੋਣ ਵਾਲੇ ਦੌਰੇ ’ਚ ਹੋਣਗੇ ਸ਼ਾਮਲ

ਨਵੀਂ ਦਿੱਲੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੇਸਟ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਸ਼ਿਵ ਸੁੰਦਰ ਦਾਸ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਹੈ। ਭਾਰਤੀ ਮਹਿਲਾ ਟੀਮ ਦੇ ਆਉਂਦੇ ਇੰਗਲੈਂਡ ਦੌਰੇ ਦੇ ਮੱਦੇਨਜ਼ਰ ਇਹ ਨਿਯੁਕਤੀ ਕੀਤੀ ਗਈ ਹੈ। ਉਹ ਟੀਮ ਦੇ ਨਾਲ ਜੂਨ-ਜੁਲਾਈ ’ਚ ਹੋਣ ਵਾਲੇ ਇਸ ਦੌਰੇ ’ਚ ਸ਼ਾਮਲ ਹੋਣਗੇ।

ਭਾਰਤੀ ਟੀਮ ਨੂੰ ਮੇਜਬਾਨ ਦੇ ਖਿਲਾਫ਼ ਇੱਕ ਟੈਸ਼ਟ, ਤਿੰਨ ਇੱਕ ਰੋਜ਼ਾ ਤੇ ਤਿੰਨ ਟੀ-20 ਮੈਚ ਖੇਡਦੇ ਹਨ। ਭਾਰਤੀ ਮਹਿਲਾ ਕ੍ਰਿਕਟ ਸੇਟਅਪ ਦਾ ਮਹੱਤਵਪੂਰਨ ਹਿੱਸਾ ਮੰਨੇ ਜਾਣ ਵਾਲੇ 40 ਸਾਲਾ ਦਾਸ ਨੂੰ ਅੰਤਿਮ ਸਮੇਂ ’ਚ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਕੌਮੀ ਕ੍ਰਿਕਟ ਅਕਾਦਮੀ ਦੇ ਮੁਖੀ ਰਾਹੁਲ ਦ੍ਰਵਿੜ ਵੱਲੋਂ ਉਨ੍ਹਾਂ ਦੀ ਸਿਫਾਰਿਸ਼ ਕੀਤੀ ਗਈ ਸੀ।

ਦਾਸ ਇਸ ਤੋਂ ਪਹਿਲਾ ਭਾਰਤੀ ਮਹਿਲਾ ਏ ਤੇ ਐਮਜਿਰਗ ਟੀਮ ਦੇ ਮੁੱਖ ਕੋਚ ਵਜੋਂ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਕੋਚਿੰਗ ’ਚ ਮਹਿਲਾ ਟੀਮ ਨੇ 2019-2020 ’ਚ ਸ੍ਰੀਲੰਕਾ, ਬੰਗਲਾਦੇਸ਼ ਤੇ ਅਸਟਰੇਲੀਆ ਦਾ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਹਾਲ ਹੀ ’ਚ ਸਾਬਕਾ ਕ੍ਰਿਕਟਰ ਰਮੇਸ਼ ਪਵਾਰ ਨੂੰ ਭਾਰਤੀ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।