ਵਿੰਬਲਡਨ : ਸ਼ਾਰਾਪੋਵਾ ਤੇ ਕਵੀਤੋਵਾ ਪਹਿਲੇ ਗੇੜ ‘ਚ ਬਾਹਰ

ਸ਼ਾਰਾਪੋਵਾ ਨੂੰ ਹਮਵਤਨ ਵਿਤਾਲੀਆ ਨੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ ‘ਚ ਹਰਾਇਆ | Wimbledon Match

ਲੰਦਨ, (ਏਜੰਸੀ)। ਸਾਬਕਾ ਨੰਬਰ ਇੱਕ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਪੇਤਰਾ ਕਵੀਤੋਵਾ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਪਹਿਲੇ ਹੀ ਗੇੜ ‘ਚ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਸਾਲ 2004 ‘ਚ ਇੱਥੇ ਚੈਂਪਿਅਨ ਰਹੀ ਅਤੇ ਇਸ ਵਾਰ 24ਵਾਂ ਦਰਜਾ ਪ੍ਰਾਪਤ ਸ਼ਾਰਾਪੋਵਾ ਨੂੰ ਪਹਿਲੇ ਗੇੜ ‘ਚ ਹੀ ਹਮਵਤਨ ਅਤੇ ਕੁਆਲੀਫਾਇਰ ਵਿਤਾਲੀਆ ਦਿਆਚੇਂਕੋ ਨੇ ਤਿੰਨ ਘੰਟੇ ਅੱਠ ਮਿੰਟ ਦੇ ਮੈਰਾਥਨ ਸੰਘਰਸ਼ ‘ਚ 6-7, 7-6, 6-4 ਨਾਲ ਹਰਾਇਆ ਸ਼ਾਰਾਪੋਵਾ ਦਾ ਪਿਛਲੇ ਅੱਠ ਸਾਲ ‘ਚ ਗਰੈਂਡ ਸਲੈਮ ‘ਚ ਇਹ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ ਇਸ ਤੋਂ ਪਹਿਲਾਂ ਉਹ 2010 ‘ਚ ਆਸਟਰੇਲੀਆ ਓਪਨ ਦੇ ਪਹਿਲੇ ਗੇੜ ‘ਚ ਹੀ ਬਾਹਰ ਹੋ ਗਈ ਸੀ।

2011 ਅਤੇ 2014 ਦੀ ਚੈਂਪਿਅਨ ਕਵੀਤੋਵਾ ਬੇਲਾਰੂਸ ਦੀ ਅਲੇਕਜੇਂਦਰਾ ਤੋਂ ਹਾਰੀ

ਸ਼ਾਰਾਪੋਵਾ ਤੋਂ ਇਲਾਵਾ 2011 ਅਤੇ 2014 ਦੀ ਚੈਂਪਿਅਨ ਚੈੱਕ ਗਣਰਾਜ ਦੀ ਪੇਤਰਾ ਕਵੀਤੋਵਾ ਵੀ ਬੇਲਾਰੂਸ ਦੀ ਅਲੇਕਜੇਂਦਰਾ ਸਾਸਨੋਵਿਚ ਤੋਂ ਦੋ ਘੰਟੇ 14 ਮਿੰਟ ‘ਚ ਹਾਰ ਕੇ ਪਹਿਲੇ ਗੇੜ ‘ਚ ਹੀ ਬਾਹਰ ਹੋ ਗਈ ਕਵੀਤੋਵਾ ਨੂੰ ਸਖ਼ਤ ਮੁਕਾਬਲੇ ‘ਚ ਬੇਲਾਰੂਸ ਦੀ ਦੁਨੀਆਂ ਦੀ 50ਵੇਂ ਨੰਬਰ ਦੀ ਖਿਡਾਰੀ ਨੇ 6-4, 4-6, 6-0 ਨਾਲ ਬਾਹਰ ਕੀਤਾ। ਦੁਨੀਆਂ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਜਾਪਾਨ ਦੀ ਕੁਰਮੀ ਨਾਰਾ ਨੂੰ ਇੱਕ ਘੰਟੇ 18 ਮਿੰਟ ‘ਚ 6-2, 6-4 ਨਾਲ ਹਰਾ ਕੇ ਦੂਸਰੇ ਗੇੜ ‘ਚ ਜਗ੍ਹਾ ਬਣਾ ਲਈ।