ਤਸਵੀਰਾਂ ਖਿਚਵਾਉਣ ਤੇ ਝੂਟੇ ਲੈਣ ਤਰਨਤਾਰਨ ਗਏ ਸਨ ਅਮਰਿੰਦਰ : ਅਕਾਲੀ ਦਲ
ਪੀੜਤ ਪਰਿਵਾਰਾਂ ਨੂੰ ਮਿਲਣ ਵਿਚ ਅਸਫਲ ਰਹਿਣ ਤੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਲਈ ਜ਼ਿੰਮੇਵਾਰੀ ਕਾਂਗਰਸੀ ਵਿਧਾਇਕਾਂ ਨਾਲ ਸਟੇਜ ਸਾਂਝੀ ਕਰਨ ਦੀ ਕੀਤੀ ਨਿਖੇਧੀ
ਅਕਾਲੀ ਆਗੂਆਂ ਨੇ ਰਾਜ ਭਵਨ ਤੱਕ ਮਾਰਚ ਕਰਦਿਆਂ ਪੀੜਤ ਪਰਿਵਾਰਾਂ ਨਾਲ ਮਿਲ ਕੇ ਦਿੱਤੀਆਂ ਗ੍ਰਿਫਤਾਰੀਆਂ
ਹਰ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਕੀਤੀ ਮੰਗ
ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨ ਤਾਰਨ ਦੀ ਪੁਲਿਸ ਲਾਈਨ ਦੇ ਦੌਰੇ ਨੂੰ ਸਿਰਫ ਤਸਵੀਰਾਂ ਖਿਚਵਾਉਣ ਤੇ ਝੂਟੇ ਲੈਣ ਲਈ ਕੀਤਾ ਗਿਆ ਦੌਰਾ ਕਰਾਰ ਦਿੱਤਾ ਤੇ ਇਸ ਗੱਲ ਦੀ ਨਿਖੇਧੀ ਕੀਤੀ ਕਿ ਉਹ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਵਿਚ ਅਸਫਲ ਰਹੇ ਅਤੇ ਉਹਨਾਂ ਕਾਂਗਰਸੀ ਵਿਧਾਇਕਾਂ ਨਾਲ ਸਟੇਜ ਸਾਂਝੀ ਕੀਤੀ ਜਿਹਨਾਂ ਨੂੰ ਪੀੜਤਾਂ ਨੇ ਤ੍ਰਾਸਦੀ ਦੇ ਮੁਜਰਮ ਕਰਾਰ ਦਿੱਤਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਬਿਕਰਮ ਸਿੰਘ ਮਜੀਠੀਆ ਨੇ ਰਾਜ ਭਵਨ ਵੱਲ ਰੋਸ ਮਾਰਚ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਸਿਰਫ ਡਰਾਮਾ ਕੀਤਾ ਹੈ ਜਦਕਿ ਸੱਚਾਈ ਇਹ ਹੈ ਕਿ ਉਹ 25 ਮਿੰਟ ਤੱਕ ਤਰਨ ਤਾਰਨ ਪੁਲਿਸ ਲਾਈਨ ਵਿਚ ਰਹੇ ਜੋ ਕਿ ਫੌਜੀ ਛਾਉਣੀ ਵਿਚ ਬਦਲ ਗਈ ਸੀ ਕਿਉਂਕਿ ਕਾਂਗਰਸ ਸਰਕਾਰ ਨੂੰ ਲੋਕਾਂ ਦੇ ਰੋਹ ਦਾ ਡਰ ਸੀ।
ਉਹਨਾਂ ਕਿਹਾ ਕਿ ਲੋਕਾਂ ਨੂੰ ਦਰਬਾਰ ਵਿਚ ਇਸ ਤਰੀਕੇ ਸੱਦਿਆ ਗਿਆ ਸੀ ਜਿਸ ਕਾਰਨ ਬਹੁ ਗਿਣਤੀ ਲੋਕਾਂ ਨੇ ਤਾਂ ਆਉਣ ਤੋਂ ਇਨਕਾਰ ਹੀ ਕਰ ਦਿੱਤਾ ਭਾਵੇਂ ਕਿ ਐਸ ਪੀ ਤੇ ਡੀ ਐਸ ਪੀ ਇਸ ਮਕਸਦ ਲਈ ਉਚੇਚੇ ਤੌਰ ‘ਤੇ ਲਗਾਏ ਗਏ ਸਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਬਟਾਲਾ ਜਾਣ ਤੋਂ ਵੀ ਨਾਂਹ ਕਰ ਦਿੱਤੀ ਜਦਕਿ ਇਹ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਲੀਆਂ ਦੋ ਹੋਰ ਥਾਵਾਂ ਸਨ ਤੇ ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਅੱਖਾਂ ਵਿਚ ਘਟਾ ਪਾ ਰਹੇ ਸਨ ਤੇ ਗਰੀਬਾਂ ਤੇ ਦਲਿਤਾਂ ਦੀਆਂ ਜ਼ਿੰਦਗੀਆਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ।
ਦੋਹਾਂ ਆਗੂਆਂ, ਜਿਹਨਾਂ ਦੇ ਨਾਲ ਅੰਮ੍ਰਿਤਸਰ ਦੇ ਮੁੱਛਲ ਪਿੰਡ ਤੋਂ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਵੀ ਸਨ, ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਿਹਨਾਂ ਵਿਧਾਇਕਾਂ ਖਿਲਾਫ ਜ਼ਹਿਰੀਲੀ ਸ਼ਰਾਬ ਵੰਡਣ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲੱਗੇ ਸਨ, ਨੂੰ ਸਟੇਜ ‘ਤੇ ਬਿਠਾਉਣਾ ਨਿੰਦਣਯੋਗ ਹੈ।
ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਖੁਦ ਇਸ ਤਰੀਕੇ ਮੁਜਰਮਾਂ ਦਾ ਬਚਾਅ ਕਰ ਰਹੇ ਹਨ ਤਾਂ ਫਿਰ ਇਸ ਭਿਆਨਕ ਤ੍ਰਾਸਦੀ ਦੀ ਨਿਰਪੱਖ ਜਾਂਚ ਕਿਵੇਂ ਹੋ ਸਕਦੀ ਹੈ ? ਉਹਨਾਂ ਕਿਹਾ ਕਿ ਬਜਾਏ ਜਗੀਰਦਾਰ ਵਾਂਗ ਵਿਵਹਾਰ ਕਰ ਕੇ ਪੀੜਤ ਪਰਿਵਾਰਾਂ ਨੂੰ ਜ਼ਲੀਲ ਕਰਨ ਦੇ ਮੁੱਖ ਮੰਤਰੀ ਨੂੰ ਹਰ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ ਤੇ ਇਕ ਇਕ ਸਰਕਾਰੀ ਨੌਕਰੀ ਦਾ ਐਲਾਨ ਕਰਨਾ ਚਾਹੀਦਾ ਹੈ।
ਭੂੰਦੜ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਰਾਜ ਭਵਨ ਵਿਚ ਰਾਜਪਾਲ ਸ੍ਰੀ ਪੀ ਸਿੰਘ ਬਦਨੌਰ ਨੂੰ ਇਹ ਕਹਿਣ ਆਇਆ ਸੀ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਸ੍ਰੀ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਫਦ ਨੇ ਜੋ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਸੀ, ਉਸਦੇ ਕਾਰਵਾਈ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ