ਸੜਕੀ ਆਵਾਜਾਈ ਜਾਮ ਕਰਨ ਦਾ ਐਲਾਨ
ਅਸ਼ੋਕ ਵਰਮਾ, ਬਠਿੰਡਾ
ਬਠਿੰਡਾ ‘ਚ ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਵੱਲੋਂ ਝੋਨੇ ਦੀ ਖਰੀਦ ਨੂੰ ਲੈਕੇ ਲਾਏ ਕਿਸਾਨ ਮੋਰਚੇ ਦੇ ਸੇਕ ਨੇ ਹੁਣ ਦੂਸਰੇ ਜ਼ਿਲ੍ਹਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ ਸਰਕਾਰ ਦੇ ਵਤੀਰੇ ਤੋਂ ਭੜਕੇ ਕਿਸਾਨਾਂ ਨੇ 16 ਨਵੰਬਰ ਨੂੰ ਬਾਕੀ ਜ਼ਿਲ੍ਹਿਆਂ ‘ਚ ਸੜਕਾਂ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ ਤਾਂ ਅੱਗਿਓਂ ਹੋਰ ਵੀ ਸਖਤ ਫੈਸਲਾ ਲਿਆ ਜਾਵੇਗਾ ਅੱਜ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਖਰੀਦ ਸਬੰਧੀ ਜਾਰੀ ਅੰਕੜਿਆਂ ‘ਤੇ ਵੀ ਉਂਗਲ ਉਠਾਈ ਤੇ ਤੱਥਾਂ ਨੂੰ ਗੁਮਰਾਹਕੁੰਨ ਕਰਾਰ ਦਿੱਤਾ ਓਧਰ ਕਿਸਾਨਾਂ ਦੀ ਧਮਕੀ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਠੰਢਾ ਛਿੜਕਣ ਦੀ ਕੋਸ਼ਿਸ਼ ਕੀਤੀ ਹੈ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਅੰਕੜਿਆਂ ਤੋਂ ਕਈ ਗੁਣਾ ਜ਼ਿਆਦਾ ਝੋਨਾ ਤਾਂ ਅਜੇ ਮੰਡੀਆਂ ‘ਚ ਪਿਆ ਹੈ ਇਸ ਲਈ ਅਫਸਰਾਂ ਵੱਲੋਂ ‘ਸਭ ਅੱਛਾ ਹੈ’ ਕਹਿਣਾ ਪੂਰੀ ਤਰ੍ਹਾਂ ਤੱਥਹੀਣ ਤੇ ਬੇਬੁਨਿਆਦ ਪ੍ਰਚਾਰ ਹੈ
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਦੁਹਾਈ ਦਿੱਤੀ ਜਾ ਰਹੀ ਹੈ ਕਿ ਸ਼ੈਲਰ ਮਾਲਕ, ਆੜ੍ਹਤੀਆਂ ਤੇ ਇੰਸਪੈਕਟਰ ਕਥਿਤ ਭਿਆਲੀ ਰਾਹੀਂ ਕਿਸਾਨਾਂ ਦੀ ਕਥਿਤ ਲੁੱਟ ਕਰ ਰਹੇ ਹਨ ਪਰ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕੇ, ਜਿਸ ਕਰਕੇ ਕਿਸਾਨ ਆਗੂਆਂ ਨੂੰ ਮਰਨ ਵਰਤ ਰੱਖਣਾ ਪਿਆ ਹੈ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਕਾ ਕੋਟੜਾ ਨੇ ਝੋਨੇ ਦੀ ਖਰੀਦ ਚਾਰ ਤੋਂ ਪੰਜ ਕਿੱਲੋ ਪ੍ਰਤੀ ਕੁਇੰਟਲ ਨਾਲ ਕਰਨ ਦੇ ਦੋਸ਼ ਲਾਏ ਤੇ ਆਖਿਆ ਕਿ ਕਈ ਮੰਡੀਆਂ ਅਜਿਹੀਆਂ ਹਨ, ਜਿਨ੍ਹਾਂ ‘ਚ ਅੱਜ ਵੀ ਕਰੀਬ ਤੀਹ ਤੋਂ ਸੱਠ ਹਜ਼ਾਰ ਗੱਟਾ ਢੇਰੀਆਂ ਦੇ ਰੂਪ ‘ਚ ਪਿਆ ਹੈ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਅੱਜ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨ ਮੰਡੀਆਂ ‘ਚ ਰੁਲ ਰਹੇ ਹਨ ਯੂਨੀਅਨ ਦੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਕੈਪਟਨ ਸਰਕਾਰ ‘ਤੇ ਤਿੱਖੇ ਸ਼ਬਤੀ ਹਮਲੇ ਕਰਦਿਆਂ ਕਿਹਾ ਕਿ ਕਿਸਾਨੀ ਪੱਤਾ ਖੇਡ ਕੇ ਗੱਦੀ ‘ਤੇ ਕਾਬਜ਼ ਹੋਈ ਕਾਂਗਰਸ ਕਿਸਾਨਾਂ ਨੂੰ ਹੀ ਅਜਮਾਉਣ ‘ਤੇ ਲੱਗੀ ਹੋਈ ਹੈ
ਉਨ੍ਹਾਂ ਕਿਹਾ ਕਿ ਮੰਡੀ ‘ਚ ਕਿਸਾਨ ਦੀ ਮੌਤ ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਣ ਤੋਂ ਸਿੱਧ ਹੁੰਦਾ ਹੈ ਕਿ ਹਕੂਮਤ ਦੇ ਫੈਸਲੇ ਕਿਸਾਨ ਵਿਰੋਧੀ ਤੇ ਕਾਰਪੋਰੇਟ ਤੇ ਵਪਾਰੀ ਪੱਖੀ ਹਨ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ, ਰਣਜੀਤ ਸਿੰਘ ਜੀਦਾ, ਦਰਸ਼ਨ ਸਿੰਘ ਖੇਮੂਆਣਾ, ਗੁਰਮੇਲ ਸਿੰਘ ਲਹਿਰਾ, ਕਰਨੈਲ ਸਿੰਘ, ਬਲਜਿੰਦਰ ਸਿੰਘ ਤੇ ਜਗਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਗਾਮੀ 48 ਘੰਟਿਆਂ ‘ਚ ਖਰੀਦ ਦਾ ਮਸਲਾ ਹੱਲ ਨਾ ਹੋਇਆ ਤਾਂ ਯੂਨੀਅਨ ਦੇ ਸੱਦੇ ‘ਤੇ ਕਿਸਾਨ 16 ਨਵੰਬਰ ਨੂੰ ਦੋ ਤੋਂ ਤਿੰਨ ਵਜੇ ਤੱਕ ਸੜਕੀ ਆਵਾਜਾਈ ਠੱਪ ਕਰਨਗੇ, ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਪ੍ਰਤੀ ਸਰਕਾਰ ਜਿੰਮੇਵਾਰ ਹੋਵੇਗੀ ਕਿਸਾਨ ਆਗੂਆਂ ਨੇ ਮੰਗਲਵਾਰ ਨੂੰ ਬਠਿੰਡਾ ਪੁਲਿਸ ਵੱਲੋਂ ਅਧਿਆਪਕਾਂ ਦੀ ਕੀਤੀ ਖਿੱਚ ਧੂਹ ਤੇ ਲਾਠੀਚਾਰਜ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਵੀ ਕੀਤੀ ਓਧਰ ਬਲਦੇਵ ਸਿੰਘ ਸੰਦੋਹਾ ਬਠਿੰਡਾ, ਸੁਖਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ, ਉਗਰ ਸਿੰਘ ਮਾਨਸਾ ਤੇ ਮੇਜਰ ਸਿੰਘ ਫਰੀਦਕੋਟ ਵੱਲੋਂ ਮਰਨ ਵਰਤ ਚੌਥੇ ਦਿਨ ਜਾਰੀ ਹੈ
ਸੁਚਾਰੂ ਚੱਲ ਰਹੀ ਹੈ ਖਰੀਦ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ੍ਰੀ ਪ੍ਰਨੀਤ ਦਾ ਕਹਿਣਾ ਸੀ ਕਿ ਜ਼ਿਲ੍ਹੇ ‘ਚ ਝੋਨੇ ਦੀ ਖ਼ਰੀਦ ਤੇ ਚੁਕਾਈ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਮੰਡੀਆਂ ‘ਚੋਂ ਕੁੱਲ 953896 ਮੀਟ੍ਰਿਕ ਟਨ ਝੋਨਾ ਚੁੱਕ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ 1324655 ਐੱਮ. ਟੀ. ਦੇ ਮੁਕਾਬਲੇ ਹੁਣ ਤੱਕ 1079509 ਐੱਮ.ਟੀ. ਝੋਨਾ ਖ਼ਰੀਦਿਆ ਗਿਆ ਹੈ ਬਠਿੰਡਾ ਤੇ ਤਲਵੰਡੀ ਸਾਬੋ ਸਬ ਡਵੀਜ਼ਨ ‘ਚ ਖ਼ਰੀਦ ਦਾ 95 ਫੀਸਦੀ ਕੰਮ ਪੂਰਾ ਹੋ ਗਿਆ ਹੈ ਜਦੋਂਕਿ ਰਾਮਪੁਰਾ ਫੂਲ ਤੇ ਮੌੜ ਦਾ ਸਬ ਡਵੀਜ਼ਨ ‘ਚ ਤੇਜ਼ੀ ਨਾਲ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ 1089789 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ‘ਚੋਂ 1079509 ਮੀਟ੍ਰਿਕ ਝੋਨਾ ਖ਼ਰੀਦਿਆ ਜਾ ਚੁੱਕਾ ਹੈ ਤੇ ਸਾਫ ਹੋਣ ਮਗਰੋਂ ਬਾਕੀ ਵੀ ਖਰੀਦ ਲਿਆ ਜਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।