ਬਠਿੰਡਾ ’ਚ ਅਨਾਰਾਂ ਦੇ ਡੱਬੇ ’ਚੋਂ ਨੋਟਾਂ ਦਾ ‘ਸਕਰੈਪ’!

 ਬਠਿੰਡਾ : ਨੋਟਾਂ ਦੇ ਸਕਰੈਪ ਦੀ ਜਾਂਚ ਕਰਦੀ ਹੋਈ ਪੁਲਿਸ।

ਬਠਿੰਡਾ ਪੁਲਿਸ ਹਿਮਾਚਲ ਪ੍ਰਦੇਸ਼ ਜਾ ਕੇ ਕਰੇਗੀ ਜਾਂਚ (Scrap Of Notes)

ਬਠਿੰਡ (ਸੁਖਜੀਤ ਮਾਨ)। ਬਠਿੰਡਾ ਦੇ ਮਾਡਲ ਟਾਊਨ ’ਚ ਇੱਕ ਫਲ ਵਿਕਰੇਤਾ ਵੱਲੋਂ ਵੇਚਣ ਲਈ ਲਿਆਂਦੇ ਅਨਾਰਾਂ ਦੇ ਡੱਬੇ ’ਚੋਂ ਨੋਟਾਂ ਦਾ ਸਕਰੈਪ (Scrap Of Notes) ਮਿਲਿਆ ਹੈ। ਨੋਟਾਂ ਦੀ ਕਟਿੰਗ ਵਾਲੇ ਇਸ ਸਕਰੈਪ ਨੂੰ ਕਬਜੇ ’ਚ ਲੈ ਕੇ ਬਠਿੰਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਵੱਲੋਂ ਜਾਂਚ ਕਰਨ ਲਈ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਪੂਰੀ ਜੜ ਤੱਕ ਜਾਇਆ ਜਾ ਸਕੇ।

ਵੇਰਵਿਆਂ ਮੁਤਾਬਿਕ ਬਠਿੰਡਾ ਦੇ ਮਾਡਲ ਟਾਊਨ ਏਰੀਏ ’ਚ ਫਲਾਂ ਦੀ ਰੇਹੜੀ ਲਾਉਣ ਵਾਲੇ ਇੱਕ ਫਲ ਵਿਕਰੇਤਾ ਵਿਸ਼ਾਲ ਕੁਮਾਰ ਨੇ ਫਰੂਟ ਮੰਡੀ ’ਚੋਂ ਵੀਰਵਾਰ ਨੂੰ ਅਨਾਰਾਂ ਦਾ ਡੱਬਾ ਖ੍ਰੀਦਿਆ ਸੀ। ਜਦੋਂ ਉਹ ਅਨਾਰ ਲੈ ਕੇ ਆਪਣੀ ਰੇਹੜੀ ’ਤੇ ਗਿਆ ਤਾਂ ਡੱਬਾ ਖੋਲਣ ’ਤੇ ਉਸ ’ਚੋਂ ਅਨਾਰਾਂ ਦੇ ਨਾਲ-ਨਾਲ ਕਟਿੰਗ ਕੀਤੇ ਹੋਏ ਨੋਟ ਵੀ ਮਿਲੇ ਜੋ ਦੋ-ਦੋ ਸੌ ਤੇ ਪੰਜ-ਪੰਜ ਸੌ ਰੁਪਏ ਦੇ ਸੀ। ਅਨਾਰਾਂ ਦਾ ਇਹ ਡੱਬਾ ਪਿੱਛਿਓਂ ਹਿਮਾਚਲ ਪ੍ਰਦੇਸ਼ ’ਚੋਂ ਆਇਆ ਸੀ। ਥਾਣਾ ਸਿਵਲ ਲਾਈਨ ਪੁਲਿਸ ਨੇ ਨੋਟਾਂ ਦੇ ਸਕਰੈਪ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨੋਟਾਂ ਦਾ ਸਕਰੈਪ ਨਕਲੀ ਹੋ ਸਕਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ’ਚ ਨੋਟ ਛਾਪਣ ਦੀ ਕੋਈ ਮਸ਼ੀਨ ਨਹੀਂ, ਕਿਸੇ ਵਿਅਕਤੀ ਵੱਲੋਂ ਜਾਅਲੀ ਨੋਟ ਛਾਪ ਕੇ ਸਕਰੈਪ ਨੂੰ ਇਸ ਢੰਗ ਨਾਲ ਖਤਮ ਕਰਨ ਦੀ ਚਾਲ ਚੱਲੀ ਹੋਵੇਗੀ।

ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਕੀਤਾ ਹੈ ਸੰਪਰਕ : ਐਸਐਸਪੀ

ਐਸਐਸਪੀ ਬਠਿੰਡਾ ਜੇ. ਏਲਨਚੇਲੀਅਨ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪਤਾ ਲੱਗਦਿਆਂ ਹੀ ਉਨਾਂ ਤੁਰੰਤ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ। ਫਲ ਵਿਕਰੇਤਾ ਨੇ ਵੀ ਉਨਾਂ ਨੂੰ ਦੱਸਿਆ ਕਿ ਹਿਮਾਚਲ ਦੇ ਕੁੱਲੂ ਜ਼ਿਲੇ ’ਚੋਂ ਇਹ ਅਨਾਰ ਖ੍ਰੀਦੇ ਸੀ। ਪੁਲਿਸ ਟੀਮ ਜਾਂਚ ਲਈ ਹਿਮਚਾਲ ਪ੍ਰਦੇਸ਼ ਵੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ