ਜਦੋਂ ਸੰਗਰੂਰ ਦੇ ਬੰਦੇ ਦੀ ਲਾਸ ਪ੍ਰਵਾਸੀ ਪਰਿਵਾਰ ਹਵਾਲੇ ਕੀਤੀ, ਉਹ ਸੰਸਕਾਰ ਲਈ ਉੱਤਰ ਪ੍ਰਦੇਸ਼ ਲੈ ਗਏ
ਸੰਗਰੂਰ ਨਾਲ ਸਬੰਧਿਤ ਫੌਜੀ ਸਿੰਘ ਦੀ ਲਾਸ਼ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡੇ
ਮ੍ਰਿਤਕ ਫੌਜੀ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਲਾਇਆ ਹਸਪਤਾਲ ‘ਤੇ ਅਣਗਹਿਲੀ ਦਾ ਦੋਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਜਿੰਦਰਾ ਹਸਪਤਾਲ (rajindra hospital) ਆਪਣੀਆਂ ਅਣਗਹਿਲੀਆਂ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ। ਹੁਣ ਰਜਿੰਦਰਾ ਹਸਪਤਾਲ ਦੇ ਸਟਾਫ਼ ਵੱਲੋਂ ਸੰਗਰੂਰ ਦੇ ਵਿਅਕਤੀ ਦੀ ਲਾਸ਼ ਬਦਲ ਕੇ ਪ੍ਰਵਾਸੀ ਮਜ਼ਦੂਰ ਦੀ ਸਮਝਦਿਆਂ ਉੱਤਰ ਪ੍ਰਦੇਸ਼ ਦੇ ਇੱਕ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ, ਜੋ ਕਿ ਸੰਸਕਾਰ ਕਰਨ ਲਈ ਉੱਥੇ ਲੈ ਗਏ। ਇਸ ਸਾਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅੱਜ ਦੂਜਾ ਪਰਿਵਾਰ ਆਪਣੇ ਮੈਂਬਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪੁੱਜਾ ਅਤੇ ਉੱਥੇ ਆਪਣੇ ਵਿਅਕਤੀ ਦੀ ਲਾਸ ਨਾ ਦੇਖ ਕੇ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਉਕਤ ਸਟਾਫ਼ ਖਿਲਾਫ਼ ਪੁਲਿਸ ਸ਼ਿਕਾਇਤ ਦਰਜ਼ ਕਰਵਾਉਣਗੇ।
ਇਕੱਤਰ ਜਾਣਕਾਰੀ ਅਨੁਸਾਰ ਸੰਗਰੂਰ ਵਾਸੀ 30 ਸਾਲਾ ਫੌਜੀ ਸਿੰਘ ਦੀ ਜਹਿਰੀਲੀ ਵਸਤੂ ਖਾਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ ਅਤੇ ਉਹ ਰਜਿੰਦਰਾ ਹਸਪਤਾਲ ਵਿਖੇ ਪੁੱਜੇ ਸਨ। ਇਸ ਦੌਰਾਨ ਬੀਤੇ ਦੇਰ ਸ਼ਾਮ ਨੂੰ ਉਕਤ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਹੋਇਆ ਅਤੇ ਉਸ ਦੀ ਲਾਸ ਮੋਰਚਰੀ ਵਿਖੇ ਜਮ੍ਹਾ ਕਰ ਲਈ ਗਈ। ਅੱਜ ਸਵੇਰੇ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੰਗਰੂਰ ਤੋਂ ਪੁਲਿਸ ਪਾਰਟੀ ਨਾਲ ਪੋਸਟਮਾਰਟਮ ਕਰਵਾਉਣ ਸਬੰਧੀ ਪੁੱਜੇ ਤਾਂ ਇੱਥੇ ਇੱਕ ਹੋਰ ਮ੍ਰਿਤਕ 32 ਸਾਲਾ ਰਾਮ ਕੁਮਾਰ ਜੋ ਯੂ.ਪੀ. ਪ੍ਰਦੇਸ ਨਾਲ ਸਬੰਧਿਤ ਸੀ, ਉਸ ਦੀ ਲਾਸ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਤਾ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਮੈਂਬਰ ਦੀ ਲਾਸ਼ ਨਹੀਂ ਹੈ ਅਤੇ ਪਰਿਵਾਰ ਨੇ ਰੌਲਾ ਪਾ ਦਿੱਤਾ ਕਿ ਹਸਪਤਾਲ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਲਾਸ਼ ਗਾਇਬ ਕਰ ਦਿੱਤੀ ਹੈ।
ਇਸੇ ਦੌਰਾਨ ਹੀ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਬਦਲ ਕੇ ਯੂ.ਪੀ. ਦੇ ਜ਼ਿਲ੍ਹਾ ਗੋਡਾ ਚਲੀ ਗਈ ਹੈ, ਜੋ ਕਿ ਰਾਮ ਕੁਮਾਰ ਦੀ ਲਾਸ ਸਮਝ ਕੇ ਫੌਜੀ ਸਿੰਘ ਦੀ ਲਾਸ਼ ਹੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਲਾਸ ਦੇ ਅੰਗ ਆਦਿ ਕੱਢ ਲਏ ਹਨ, ਜਿਸ ਕਾਰਨ ਇੱਥੋਂ ਲਾਸ਼ ਗਾਇਬ ਹੈ। ਉਨ੍ਹਾਂ ਕਿਹਾ ਕਿ ਬਿਨਾ ਜਾਂਚੇ-ਪਰਖੇ ਲਾਸ਼ ਕਿਸੇ ਹੋਰ ਨੂੰ ਦੇਣੀ ਇਹ ਸਿੱਧਾ ਹੀ ਹਸਪਾਤਲ ਦੇ ਮੋਰਚਰੀ ਦੇ ਡਾਕਟਰਾਂ ਅਤੇ ਸਟਾਫ਼ ਦੀ ਅਣਗਹਿਲੀ ਹੈ। ਇਸ ਦੌਰਾਨ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂ.ਪੀ. ਵਿਖੇ ਉਕਤ ਵਿਅਕਤੀਆਂ ਨੂੰ ਫੋਨ ਕਰ ਦਿੱਤਾ ਗਿਆ ਹੈ ਕਿ ਇਹ ਲਾਸ ਉਨ੍ਹਾਂ ਦੀ ਨਹੀਂ ਹੈ।
ਇਸ ਲਈ ਉਹ ਇੱਥੋਂ ਲਾਸ ਬਦਲ ਕੇ ਆਪਣੀ ਲੈ ਕੇ ਜਾਣ। ਇਸ ਅਣਗਹਿਲੀ ‘ਤੇ ਹਸਪਤਾਲ ਤੇ ਸੁਆਲ ਖੜ੍ਹੇ ਹੋ ਰਹੇ ਹਨ। ਥਾਣਾ ਸਿਟੀ ਵੰਨ ਸੰਗਰੂਰ ਤੋਂ ਪੁੱਜੇ ਏਐਸਆਈ ਜਸਵੀਰ ਸਿੰਘ ਨੇ ਕਿਹਾ ਕਿ ਉਹ ਪੋਸਟਮਾਰਟਮ ਲਈ ਪੁੱਜੇ ਸਨ, ਪਰ ਇੱਥੇ ਲਾਸ਼ ਹੀ ਬਦਲ ਦਿੱਤੀ ਗਈ।
ਪਰਿਵਾਰ ਵੱਲੋਂ ਗਲਤ ਸ਼ਨਾਖਤ ਕੀਤੀ ਗਈ : ਮੈਡੀਕਲ ਸੁਪਰਡੈਂਟ
ਇਸ ਸਬੰਧੀ ਜਦੋਂ ਰਜਿੰਦਰਾ ਹਸਪਤਾਲ ਦੇ ਮੈਂਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਪੀ ਨਾਲ ਸਬੰਧਿਤ ਪਰਿਵਾਰ ਵੱਲੋਂ ਹੀ ਗਲਤ ਸ਼ਨਾਖਤ ਕੀਤੀ ਗਈ, ਜਿਸ ਕਾਰਨ ਹੀ ਉਕਤ ਲਾਸ਼ ਦੀ ਬਦਲੀ ਹੋਈ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪੱਜੀ। ਉਨ੍ਹਾਂ ਦੱਸਿਆ ਕਿ ਯੂਪੀ ਦੇ ਸਬੰਧਿਤ ਪਰਿਵਾਰ ਨਾਲ ਰਾਬਤਾ ਹੋ ਗਿਆ ਹੈ ਅਤੇ ਉਹ ਲਾਸ ਵਾਪਸ ਲੈ ਕੇ ਚੱਲੇ ਹੋਏ ਹਨ ਅਤੇ ਅੱਜ ਰਾਤ ਤੱਕ ਲਾਸ ਪੁੱਜ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।