ਸੰਦੋਹਾ ਵਾਸੀ ਬਲਜਿੰਦਰ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donor

ਮੌੜ ਮੰਡੀ (ਸੱਚ ਕਹੂੰ ਨਿਊਜ਼)। ਡੇਰਾ ਸੱਦਾ ਸੌਦਾ ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਮਾਨਵਤਾ ਭਲਾਈ ਦੇ ਅਨੇਕਾਂ ਕਾਰਜ ਕਰਦੇ ਹਨ, ਉੱਥੇ ਹੀ ਇਨ੍ਹਾਂ ਵੱਲੋਂ ਕੀਤੇ ਪ੍ਰਣ ਦੇ ਚਲਦਿਆਂ ਮਰਨ ਉਪਰੰਤ ਇਨ੍ਹਾਂ ਦਾ ਮਿ੍ਰਤਕ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਂਦਾ ਹੈ। ਅਜਿਹੇ ਹੀ ਸਰੀਰਦਾਨੀਆਂ ਦੀ ਸੂਚੀ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ ਬਲਾਕ ਮੌੜ ਦੇ ਪਿੰਡ ਸੰਦੋਹਾ ਵਾਸੀ ਬਲਜਿੰਦਰ ਕੌਰ ਇੰਸਾਂ ਨੇ। (Body Donor)

ਵੇਰਵਿਆਂ ਮੁਤਾਬਿਕ ਬਲਜਿੰਦਰ ਕੌਰ ਇੰਸਾਂ ਪਤਨੀ ਰਾਜਵਿੰਦਰ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮਰਨ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਤੀ ਰਾਜਵਿੰਦਰ ਸਿੰਘ ਤੇ ਪੁੱਤਰ ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਮਿ੍ਰਤਕ ਦੇਹ ਆਰ. ਕੇ. ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬੁਖਾਰਾ ਫਰੀਦਪੁਰ ਰੋਡ ਨੇੜੇ ਆਈਟੀਬੀਪੀ, ਦਿਵਰਾਨੀਆ ਫਰੀਦਪੁਰ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ ਹੈ, ਜਿੱਥੇ ਮੈਡੀਕਲ ਖੇਤਰ ਦੇ ਵਿਦਿਆਰਥੀ ਮਿ੍ਰਤਕ ਦੇਹ ’ਤੇ ਅਨੇਕਾਂ ਬਿਮਾਰੀਆਂ ਸਬੰਧੀ ਖੋਜਾਂ ਕਰ ਸਕਣਗੇ। (Body Donor)

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਦੀ ਸਿਹਤ ਲਈ ਸਰਕਾਰ ਦਾ ਇੱਕ ਹੋਰ ਐਲਾਨ, ਹੁਣੇ ਪੜ੍ਹੋ

ਮਿ੍ਰਤਕ ਦੇਹ ਨੂੰ ਪਿੰਡ ਦੇ ਸਰਪੰਚ ਧਰਮ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਰਿਸ਼ਤੇਦਾਰਾਂ, ਵੱਡੀ ਗਿਣਤੀ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਸਰੀਰਦਾਨੀ ਬਲਜਿੰਦਰ ਕੌਰ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ 85 ਮੈਂਬਰ ਪਿਆਰਾ ਸਿੰਘ ਇੰਸਾਂ, ਸੁਨੀਤਾ ਇੰਸਾਂ ਮੌੜ, ਬਲਾਕ ਮੌੜ ਦੇ ਜ਼ਿੰਮੇਵਾਰ ਸੇਵਾਦਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਡੀ ਗਿਣਤੀ ’ਚ ਹਾਜ਼ਰ ਸਨ।