ਕਾਂਗਰਸ ਸਰਕਾਰ ਖਿਲਾਫ਼ ਰਾਜਪਾਲ ਨੂੰ ਮਿਲਿਆ ਅਕਾਲੀ-ਭਾਜਪਾ ਵਫ਼ਦ

SAD-BJP, Delegation, Governor, Congress Government

ਗਰਮ ਖਿਆਲੀਆਂ ਨਾਲ ਰਲਕੇ ਸਾਜਿਸ਼ ਰਚਣ ਦਾ ਲਾਇਆ ਦੋਸ਼

ਕਿਹਾ, ਪੰਜਾਬ ‘ਚ ਅਮਨ ਅਤੇ ਭਾਈਚਾਰਕ ਸਾਂਝ ਵਿਗਾੜਣ ਲਈ ਰਚੀ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਸੀਬੀਆਈ ਜਾਂਚ ਕਰਵਾਈ ਜਾਵੇ

ਚੰਡੀਗੜ੍ਹ, ਸੱਚ ਕਹੂੰ ਨਿਊਜ

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਂਝੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਅਹੁਦੇ ਦੀ ਸਹੁੰ ਭੰਗ ਕਰਨ ਅਤੇ ਗਰਮਖ਼ਿਆਲੀਆਂ ਨਾਲ ਮਿਲ ਕੇ ਮੁਲਕ ਨੂੰ ਤੋੜਨ ਦੀ ਸਾਜਿਸ਼ ਕਰਨ ਵਾਸਤੇ ਕਾਂਗਰਸ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਇਸ ਦੇ ਨਾਲ ਹੀ ਵਫ਼ਦ ਨੇ ਪੰਜਾਬ ‘ਚ ਅਮਨ ਅਤੇ ਭਾਈਚਾਰਕ ਸਾਂਝ ਵਿਗਾੜਣ ਲਈ ਰਚੀ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਸੀਬੀਆਈ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿਚ ਗਏ ਅਕਾਲੀ-ਭਾਜਪਾ ਦੇ ਸਾਂਝੇ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਉਹਨਾਂ ਮੁਤਵਾਜੀ ਜਥੇਦਾਰਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦੇਣ, ਜਿਹੜੇ ਰਾਸ਼ਟਰੀ-ਵਿਰੋਧੀ ਤਾਕਤਾਂ ਵਾਸਤੇ ਕੰਮ ਕਰ ਰਹੇ ਹਨ ਅਤੇ ਸੂਬੇ ਨੂੰ ਦੁਬਾਰਾ ਤੋਂ ਕਾਲੇ ਦੌਰ ਵੱਲ ਧੱਕਣ ਦੀ ਸਾਜ਼ਿਸ਼ ਰਚ ਰਹੇ ਹਨ।

ਵਫ਼ਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਚਿਤਾਵਨੀ ਦੇਣ ਕਿ ਉਹ ਗਰਮਖ਼ਿਆਲੀ ਤੱਤਾਂ ਨਾਲ ਮਿਲ ਕੇ ਜਿਹੜੀਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਰਹੀ ਹੈ, ਇਹ ਅੱਗ ਨਾਲ ਖੇਡਣ ਦੇ ਬਰਾਬਰ ਹੈ ਵਫ਼ਦ ਨੇ ਰਾਜਪਾਲ ਨੂੰ ਗੁਜਾਰਿਸ਼ ਕੀਤੀ ਕਿ ਉਹ ਕਾਂਗਰਸ ਸਰਕਾਰ ਨੂੰ ਝੂਠਾ ਧਾਰਮਿਕ ਤਨਾਅ ਪੈਦਾ ਨਾ ਕਰਨ ਦਾ ਨਿਰਦੇਸ਼ ਦੇਣ, ਕਿਉਂਕਿ ਕਾਂਗਰਸ ਦੀ ਇਹ ਹਰਕਤ ਪੰਜਾਬ ਦੀ ਸ਼ਾਂਤੀ ਲਈ ਘਾਤਕ ਸਾਬਿਤ ਹੋਵੇਗੀ

ਵਫ਼ਦ ਨੇ ਇਹ ਗੱਲ ਵੀ ਰਾਜਪਾਲ ਦੇ ਧਿਆਨ ਵਿਚ ਲਿਆਂਦੀ ਕਿ ਕਾਂਗਰਸ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ, ਜਿਸ ਨੇ ਹੁਕਮ ਦਿੱਤਾ ਸੀ ਕਿ ਅਕਾਲੀ ਦਲ ਦੀ 16 ਸਤੰਬਰ ਦੀ ਜਬਰ ਵਿਰੋਧੀ ਰੈਲੀ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਵਫ਼ਦ ਨੇ ਕਿਹਾ ਕਿ ਰੈਲੀ ਤੋਂ ਵਾਪਸ ਆਉਂਦੇ ਸਮੇਂ ਅਕਾਲੀ ਦਲ ਦੇ ਵਰਕਰਾਂ ਦੇ ਵਾਹਨਾਂ ਉੱਤੇ ਗਰਮਖ਼ਿਆਲੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਪੁਲਿਸ ਇਹਨਾਂ ਘਟਨਾਵਾਂ ਨੂੰ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ ਸੀ।

ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਗੜਬੜੀ ਕਰਵਾਉਣ ਦੀ ਸਾਜ਼ਿਸ਼ ਨੂੰ ਸ਼ੁਰੂਆਤ ਵਿਚ ਹੀ ਦਬਾ ਦਿੱਤਾ ਜਾਵੇ ਉਹਨਾਂ ਕਿਹਾ ਕਿ ਇੱਕ ਵਾਰ ਪਹਿਲਾਂ ਵੀ ਇਸੇ ਤਰਾਂ ਫਿਰਕੂ ਜਜ਼ਬਾਤ ਭੜਕਾ ਕੇ ਸੂਬੇ ਦੀ ਸ਼ਾਂਤੀ ਭੰਗ ਕੀਤੀ ਜਾ ਚੁੱਕੀ ਹੈ ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਦੁਬਾਰਾ ਕਾਲੇ ਦੌਰ ਵੱਲ ਧੱਕੇ ਜਾਣ ਦੀ ਇਜਾਜ਼ਤ ਨਹੀਂ  ਦੇ ਸਕਦੇ।

ਵਫਦ ਨੇ ਬਲਾਕ ਸੰਮਤੀ ਤੇ ਪੰਚਾਇਤ ਸੰਮਤੀ ਚੋਣਾ ‘ਚ ਕਾਂਗਰਸੀ ਆਗੂਆਂ ‘ਤੇ ਅਕਾਲੀ ਉਮੀਦਵਾਰ ਡਰਾਉਣ-ਧਮਕਾਉਣ ਤੇ ਕਾਗਜ ਦਾਖਲ ਨਾ ਕਰਨ ਤੇ ਦੋਸ਼ ਲਾਇਆ। ਅਕਾਲੀ-ਭਾਜਪਾ ਦੇ ਇਸ ਸਾਂਝੇ ਵਫ਼ਦ ਵਿਚ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੋਫੂਸਰ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ, ਡਾਕਟਰ ਦਲਜੀਤ ਸਿੰਘ ਚੀਮਾ, ਮਦਨ ਮੋਹਨ ਮਿੱਤਲ, ਰਜਿੰਦਰ ਭੰਡਾਰੀ, ਸੁਰਜੀਤ ਕੁਮਾਰ ਜਿਆਨੀ, ਸੋਮ ਪ੍ਰਕਾਸ਼, ਪ੍ਰਵੀਨ ਬਾਂਸਲ, ਦਿਆਲ ਸੋਢੀ, ਨਰੋਤਮ ਦੇਵ ਰੱਤੀ, ਅਰੁਣ ਨਾਰੰਗ ਅਤੇ ਕੇਵਲ ਕੁਮਾਰ ਸ਼ਾਮਿਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।