ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਐਸਆਈਟੀ ਟੀਮ ਪਹੁੰਚੀ ਸੁਨਾਰੀਆ
(ਸੱਚ ਕਹੂੰ ਨਿਊਜ਼) ਰੋਹਤਕ। ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਸੋਮਵਾਰ ਨੂੰ ਸੁਨਾਰੀਆ ਪਹੁੰਚੀ। ਜਾਂਚ ਟੀਮ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਚ ’ਚ ਸ਼ਾਮਲ ਕੀਤਾ। ਇਹ ਜਾਂਚ ਪ੍ਰਕਿਰਿਆ ਕਰੀਬ 9 ਘੰਟਿਆਂ ਤੱਕ ਚੱਲੀ। ਪੰਜਾਬ ਪੁਲਿਸ ਦੇ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਟੀਮ ਅੱਜ ਸਵੇਰੇ 9 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ। ਹਰਿਆਣਾ ਪੁਲਿਸ ਨੇ ਤਲਾਸ਼ੀ ਤੋਂ ਬਾਅਦ ਐਸਆਈਟੀ ਟੀਮ ਨੂੰ ਜੇਲ੍ਹ ਕੰਪਲੈਕਸ ’ਚ ਐਂਟਰੀ ਕਰਵਾਈ। ਪੁਲਿਸ ਅਧਿਕਾਰੀਆਂ ਨੇ ਕਰੀਬ ਸਵੇਰੇ 9 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਕਰੀਬ 9 ਘੰਟੇ ਪੂਜਨੀਕ ਗੁਰੂ ਜੀ ਨੂੰ ਜਾਂਚ ’ਚ ਸ਼ਾਮਲ ਕਰਦਿਆਂ ਆਪਣੇ ਸਵਾਲ ਰੱਖੇ।
ਓਧਰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਪੂਜਨੀਕ ਗੁਰੂ ਜੀ ’ਤੇ ਬੇਅਦਬੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਨ੍ਹਾਂ ਬੇਬੁਨਿਆਦ ਦੋਸ਼ਾਂ ਦਾ ਪੂਜਨੀਕ ਗੁਰੂ ਜੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਸਗੋਂ ਇਹ ਕਿਸੇ ਰਾਜਨੀਤਿਕ ਸਾਜਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਤੇ ਉਨ੍ਹਾਂ ਦੀ ਸਿੱਖਿਆ ਦਾ ਸਨਮਾਨ ਕਰਦੇ ਹਨ ਤੇ ਸਾਧ-ਸੰਗਤ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਦੇ ਹਨ।
ਪ੍ਰਬੰਧਕੀ ਕਮੇਟੀ ਨੇ ਇਹ ਵੀ ਕਿਹਾ ਕਿ ਜਦੋਂ 2015 ’ਚ ਇਹ ਘਟਨਾਵਾਂ ਸਾਹਮਣੇ ਆਈਆਂ ਸਨ ਤਾਂ ਪੂਜਨੀਕ ਗੁਰੂ ਜੀ ਨੇ ਉਦੋਂ ਇਨ੍ਹਾਂ ਮੰਦਭਾਗੀ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਸੀ। ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਸੀਬੀਆਈ ਵੀ ਇਨ੍ਹਾਂ ਮਾਮਲਿਆਂ ’ਚ ਡੇਰਾ ਸ਼ਰਧਾਲੂਆਂ ਖਿਲਾਫ਼ ਡੂੰਘੀ ਜਾਂਚ ਕਰਕੇ ਤੇ ਕਈ ਵਿਗਿਆਨਕ ਟੈਸਟ ਕਰਕੇ ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਕਰਾਰ ਦੇ ਚੁੱਕੀ ਹੈ ਫਿਰ ਵੀ ਪੰਜਾਬ ਪੁਲਿਸ ਕਿਸੇ ਰਾਜਨੀਤਿਕ ਸਾਜਿਸ਼ ਦੇ ਤਹਿਤ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਨੂੰ ਕੇਸਾਂ ’ਚ ਉਲਝਾ ਰਹੀ ਹੈ, ਜੋ ਕਿ ਬੇਹੱਦ ਨਿੰਦਣਯੋਗ ਤੇ ਅਣਮਨੁੱਖੀ ਕਾਰਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿਆਂ ਪਾਲਿਕਾ ’ਤੇ ਭਰੋਸਾ ਹੈ ਤੇ ਇੱਕ ਦਿਨ ਸੱਚਾਈ ਦੀ ਜਿੱਤ ਜ਼ਰੂਰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ