ਡੀਜੀਪੀ ਅਰੋੜਾ ਨੂੰ ਮਿਲੇ ਸੇਵਾ ਕਾਲ ‘ਚ ਵਾਧੇ ਬਾਰ ਹੈਰਾਨਗੀ ਜਤਾਈ ਸੀ ਸਰਕਾਰ ਨੇ
ਚੰਡੀਗੜ੍ਹ | ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਇਹ ਅਫ਼ਵਾਹ ਸ਼ੁੱਕਰਵਾਰ ਅਚਾਨਕ ਹੀ ਫੈਲਣ ਤੋਂ ਬਾਅਦ ਪੰਜਾਬ ਪੁਲਿਸ ਹੈੱਡਕੁਆਟਰ ਤੇ ਕਾਂਗਰਸ ਸਰਕਾਰ ‘ਚ ਕਾਫ਼ੀ ਹਲਚਲ ਸ਼ੁਰੂ ਹੋ ਗਈ ਇਸ ਅਫ਼ਵਾਹ ਤੋਂ ਕੁਝ ਹੀ ਦੇਰ ਬਾਅਦ ਡੀਜੀਪੀ ਸੁਰੇਸ਼ ਅਰੋੜਾ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਅਸਤੀਫ਼ੇ ਨੂੰ ਕੋਰੀ ਅਫ਼ਵਾਹ ਕਰਾਰ ਦੇ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਸ੍ਰੀ ਅਰੋੜਾ ਵੱਲੋਂ ਇਸ ਅਸਤੀਫ਼ੇ ਦੀ ਅਫ਼ਵਾਹ ਨੂੰ ਨਕਾਰਨ ਤੋਂ ਬਾਅਦ ਵੀ ਮੀਡੀਆ ਵਿੱਚ ਚਰਚਾ ਦਾ ਦੌਰ ਚਲਦਾ ਰਿਹਾ, ਕਿਉਂਕਿ ਮੁੱਖ ਮੰਤਰੀ ਦਫ਼ਤਰ ਵਿੱਚ ਇਸ ਗੱਲ ਨੂੰ ਲੈ ਕੇ ਕਾਫ਼ੀ ਜਿਆਦਾ ਚਰਚਾ ਸੀ ਕਿ ਸੁਰੇਸ਼ ਅਰੋੜਾ ਨੇ ਸਰਕਾਰ ਨੂੰ ਅਸਿੱਧੇ ਤੌਰ ‘ਤੇ ਇਤਲਾਹ ਦੇਣੀ ਸ਼ੁਰੂ ਕਰ ਦਿੱਤਾ ਹੈ ਕਿ ਉਹ 31 ਜਨਵਰੀ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੁੰਦੇ, ਇਸ ਲਈ ਪਹਿਲਾਂ ਤੋਂ ਮਿਲੇ ਸੇਵਾ ਕਾਲ ‘ਚ ਵਾਧੇ ਅਨੁਸਾਰ ਹੀ ਉਹ ਆਪਣਾ ਅਸਤੀਫ਼ਾ ਦੇ ਦੇਣਗੇ ਹਾਲਾਂਕਿ ਬੀਤੇ ਵੀਰਵਾਰ ਨੂੰ ਸੇਵਾ ਕਾਲ ਵਿੱਚ ਵਾਧਾ 30 ਸਤੰਬਰ ਤੱਕ ਹੋਣ ਦੇ ਕਾਰਨ ਨਿਯਮਾਂ ਅਨੁਸਾਰ ਉਹ ਆਪਣਾ ਅਸਤੀਫ਼ਾ ਜਲਦ ਹੀ ਸਰਕਾਰ ਨੂੰ ਸੌਂਪ ਦੇਣਗੇ। ਇਨ੍ਹਾਂ ਚਰਚਾਵਾਂ ਦੇ ਦੌਰ ‘ਚ ਸੁਰੇਸ਼ ਅਰੋੜਾ ਵੱਲੋਂ ਅਸਤੀਫ਼ਾ ਦੇਣ ਦੀ ਅਫ਼ਵਾਹ ਫੈਲ ਗਈ। ਜਾਣਕਾਰੀ ਅਨੁਸਾਰ ਸੁਰੇਸ਼ ਅਰੋੜਾ ਦਾ ਕਾਰਜਕਾਲ ਪਿਛਲੇ ਸਾਲ 30 ਸਤੰਬਰ 2018 ਨੂੰ ਖ਼ਤਮ ਹੋ ਗਿਆ ਸੀ, ਜਿੱਥੇ ਕਿ ਪਹਿਲਾਂ ਸੁਰੇਸ਼ ਅਰੋੜਾ ਨੂੰ 31 ਦਸੰਬਰ ਤੇ ਫਿਰ 31 ਜਨਵਰੀ ਤੱਕ ਦਾ ਸੇਵਾ ਕਾਲ ‘ਚ ਵਾਧਾ ਦਿੱਤਾ ਗਿਆ। ਬੀਤੇ ਦਿਨੀਂ ਵੀਰਵਾਰ ਨੂੰ ਜਦੋਂ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ, ਜਿਸ ‘ਚ ਉਨ੍ਹਾਂ ਨੇ ਡੀਜੀਪੀ ਲਗਾਉਣ ਦਾ ਅਧਿਕਾਰ ਖੁਦ ਕੋਲ ਰੱਖਣ ਦੀ ਮੰਗ ਕੀਤੀ ਗਈ ਸੀ, ਇਸ ਪਟੀਸ਼ਨ ਦੇ ਖ਼ਾਰਜ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਸੁਰੇਸ਼ ਅਰੋੜਾ ਦੇ ਸੇਵਾ ਕਾਲ ‘ਚ ਕੇਂਦਰ ਸਰਕਾਰ ਨੇ 31 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ, ਜਿਸ ਨੂੰ ਲੈ ਕੇ ਕਾਂਗਰਸ ਸਰਕਾਰ ਹੈਰਾਨ ਰਹਿ ਗਈ ਕਿ ਆਖ਼ਰਕਾਰ ਬਿਨਾਂ ਨਵੀਂ ਮੰਗ ਤੋਂ ਕੇਂਦਰ ਸਰਕਾਰ ਨੇ ਇਹ ਫੈਸਲਾ ਕਿਵੇਂ ਕਰ ਦਿੱਤਾ। ਜਿਸ ਤੋਂ ਬਾਅਦ ਸੁਰੇਸ਼ ਅਰੋੜਾ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਹੋਈ ਸੀ ਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਯੂਪੀਐੱਸਸੀ ਨੂੰ ਡੀਜੀਪੀ ਦੇ ਲਈ ਪੈਨਲ ਭੇਜਣ ਸਬੰਧੀ ਕਾਰਵਾਈ ਵੀ ਉਲੀਕ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ