ਬਾਲ ਦਿਵਸ : ਬਚਪਨ ਦਾ ਅਧਿਕਾਰ ਤੇ ਸਾਡਾ ਫਰਜ਼

Bal Diwas 2025
ਬਾਲ ਦਿਵਸ : ਬਚਪਨ ਦਾ ਅਧਿਕਾਰ ਤੇ ਸਾਡਾ ਫਰਜ਼

ਬਾਲ ਦਿਵਸ ’ਤੇ ਵਿਸ਼ੇਸ਼ | Bal Diwas 2025

Bal Diwas 2025: ਹਰ ਵਰ੍ਹੇ 14 ਨਵੰਬਰ ਦਾ ਦਿਹਾੜਾ ਸਾਡੇ ਦੇਸ਼ ਭਾਰਤ ਵਿੱਚ ‘ਬਾਲ ਦਿਵਸ’ ਦੇ ਰੂਪ ਵਿੱਚ ਬੜੇ ਉਤਸ਼ਾਹ ਅਤੇ ਅਕੀਦਤ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਦੋਹਰਾ ਮਹੱਤਵ ਰੱਖਦਾ ਹੈ। ਇੱਕ ਪਾਸੇ ਤਾਂ ਇਹ ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੂੰ ਬੱਚੇ ਪਿਆਰ ਨਾਲ ’ਚਾਚਾ ਨਹਿਰੂ’ ਆਖਦੇ ਸਨ, ਦੇ ਜਨਮ ਦਿਹਾੜੇ ਦੀ ਪਵਿੱਤਰ ਯਾਦ ਦਿਵਾਉਂਦਾ ਹੈ, ਤੇ ਦੂਜੇ ਪਾਸੇ ਇਹ ਸਮੁੱਚੇ ਕੌਮ ਨੂੰ ਬੱਚਿਆਂ ਦੇ ਹੱਕਾਂ, ਉਨ੍ਹਾਂ ਦੀ ਸੰਭਾਲ, ਮਿਆਰੀ ਸਿੱਖਿਆ ਅਤੇ ਉੱਜਵਲ ਭਵਿੱਖ ਪ੍ਰਤੀ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਦੀ ਸੌਂਹ ਚੁੱਕਣ ਲਈ ਪ੍ਰੇਰਦਾ ਹੈ।

ਇਹ ਖਬਰ ਵੀ ਪੜ੍ਹੋ : Tarn Taran Bypoll 2025 Results: ਪੰਜਵੇਂ ਗੇੜ ਵਿੱਚ ਆਪ ਉਮੀਦਵਾਰ 187 ਵੋਟਾਂ ਨਾਲ ਅੱਗੇ

ਬਾਲਕ ਕਿਸੇ ਵੀ ਕੌਮ ਦਾ ਵਰਤਮਾਨ ਹੀ ਨਹੀਂ, ਸਗੋਂ ਉਸ ਦੀ ਭਵਿੱਖੀ ਤਸਵੀਰ ਹੁੰਦੇ ਹਨ।ਪੰਡਿਤ ਜਵਾਹਰ ਲਾਲ ਨਹਿਰੂ ਦਾ ਬੱਚਿਆਂ ਨਾਲ ਸਨੇਹ ਤੇ ਮੋਹ ਕਿਸੇ ਵੀ ਸਿਆਸਤਦਾਨ ਦੇ ਜੀਵਨ ਦਾ ਅਨੋਖਾ ਪਹਿਲੂ ਸੀ। ਆਪਣੀਆਂ ਰਾਜਨੀਤਿਕ ਤੇ ਕੌਮੀ ਜ਼ਿੰਮੇਵਾਰੀਆਂ, ਕੌਮਾਂਤਰੀ ਮਾਮਲਿਆਂ ਅਤੇ ਭਾਰਤ ਦੇ ਉਦਯੋਗੀਕਰਨ ਦੇ ਜਟਿਲ ਕਾਰਜਾਂ ਵਿੱਚੋਂ ਵੀ ਉਹ ਬੱਚਿਆਂ ਲਈ ਸਮਾਂ ਕੱਢਣਾ ਕਦੇ ਨਹੀਂ ਭੁੱਲਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਬੱਚੇ ਕਿਸੇ ਵੀ ਕੌਮ ਦਾ ਸਭ ਤੋਂ ਅਨਮੋਲ ਸਰਮਾਇਆ ਹਨ, ਅਤੇ ਜੇਕਰ ਇਸ ਸਰਮਾਏ ਨੂੰ ਸਹੀ ਸੰਭਾਲ ਅਤੇ ਸਿੱਖਿਆ ਪ੍ਰਦਾਨ ਕੀਤੀ ਜਾਵੇ, ਤਾਂ ਦੇਸ਼ ਦਾ ਭਵਿੱਖ ਆਪੇ ਹੀ ਸੁਰੱਖਿਅਤ ਹੋ ਜਾਂਦਾ ਹੈ।

ਉਨ੍ਹਾਂ ਦਾ ਪ੍ਰਸਿੱਧ ਕਥਨ ਸੀ, ਬੱਚੇ ਬਾਗ਼ ਦੇ ਫੁੱਲਾਂ ਵਾਂਗ ਹਨ ਅਤੇ ਉਨ੍ਹਾਂ ਨੂੰ ਧਿਆਨ ਨਾਲ ਪਾਲਿਆ ਜਾਣਾ ਚਾਹੀਦਾ ਹੈ, ਕਿਉਂਕਿ ਉਹ ਰਾਸ਼ਟਰ ਦੇ ਭਵਿੱਖ ਦੀ ਨੀਂਹ ਹਨ। ਉਹ ਗੁਲਾਬ ਦੇ ਫੁੱਲ ਨੂੰ ਆਪਣੀ ਜੈਕੇਟ ’ਤੇ ਸਜਾਉਂਦੇ ਸਨ, ਜਿਸ ਨੂੰ ਬਹੁਤੇ ਲੋਕ ਉਨ੍ਹਾਂ ਦੇ ਸ਼ੌਂਕ ਵਜੋਂ ਦੇਖਦੇ ਸਨ, ਪਰ ਅਸਲ ਵਿੱਚ ਇਹ ਫੁੱਲ ਬੱਚਿਆਂ ਪ੍ਰਤੀ ਉਨ੍ਹਾਂ ਦੇ ਕੋਮਲ ਭਾਵਾਂ, ਮਾਸੂਮੀਅਤ ਅਤੇ ਅਥਾਹ ਸਨੇਹ ਦਾ ਪ੍ਰਤੀਕ ਸੀ। ਸਾਲ 1964 ਵਿੱਚ ਪੰਡਿਤ ਨਹਿਰੂ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਇਸ ਅਥਾਹ ਬਾਲ-ਪਿਆਰ ਅਤੇ ਬਾਲ ਕਲਿਆਣ ਦੇ ਕਾਰਜਾਂ ਨੂੰ ਸਦੀਵੀ ਯਾਦ ਰੱਖਣ ਲਈ, ਭਾਰਤੀ ਸੰਸਦ ਅਤੇ ਸਰਕਾਰ ਨੇ ਸਰਬ-ਸੰਮਤੀ ਨਾਲ ਇਹ ਫੈਸਲਾ ਲਿਆ। Bal Diwas 2025

ਕਿ ਉਨ੍ਹਾਂ ਦੇ ਜਨਮ ਦਿਹਾੜੇ, ਯਾਨੀ 14 ਨਵੰਬਰ ਨੂੰ ਹੀ ਭਾਰਤ ਵਿੱਚ ’ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ। ਇਹ ਇੱਕ ਰਾਸ਼ਟਰੀ ਸ਼ਰਧਾਂਜਲੀ ਸੀ ਜੋ ਉਨ੍ਹਾਂ ਦੀ ਦੂਰ-ਅੰਦੇਸ਼ੀ ਅਤੇ ਬੱਚਿਆਂ ਪ੍ਰਤੀ ਉਨ੍ਹਾਂ ਦੀ ਅਥਾਹ ਸ਼ਰਧਾ ਨੂੰ ਸਮਰਪਿਤ ਸੀ। ਬੱਚੇ ਸਾਡੇ ਸਮਾਜ ਦੀ ਮਜ਼ਬੂਤ ਨੀਂਹ ਹਨ। ਜਿਵੇਂ ਇੱਕ ਮਹਾਨ ਅਤੇ ਤਰੱਕੀ ਕਰ ਰਹੇ ਦੇਸ਼ ਲਈ ਬਾਲਕਾਂ ਦਾ ਮਾਨਸਿਕ, ਸਰੀਰਕ, ਸਮਾਜਿਕ ਅਤੇ ਨੈਤਿਕ ਵਿਕਾਸ ਪੂਰਨ ਹੋਣਾ ਅਤਿ-ਜ਼ਰੂਰੀ ਹੈ। ਬਾਲਕ ਮਾਸੂਮੀਅਤ, ਅਸੀਮ ਖੁਸ਼ੀ ਅਤੇ ਅਣਗਿਣਤ ਸੰਭਾਵਨਾਵਾਂ ਦਾ ਸੋਮਾ ਹੁੰਦੇ ਹਨ। ਉਨ੍ਹਾਂ ਦੇ ਸੁਪਨੇ ਕਿਸੇ ਵੀ ਰਾਸ਼ਟਰ ਦੀ ਦਿਸ਼ਾ ਨੂੰ ਪ੍ਰਭਾਸ਼ਿਤ ਕਰਦੇ ਹਨ। Bal Diwas 2025

ਜੇ ਅਸੀਂ ਉਨ੍ਹਾਂ ਨੂੰ ਗਿਆਨਵਾਨ ਕਰਨ, ਨੈਤਿਕਤਾ ਨਾਲ ਸਿੰਜਣ, ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਦੇਈਏ, ਤਾਂ ਉਹ ਆਪਣੀ ਕੌਮ ਨੂੰ ਸਫਲਤਾ ਦੀਆਂ ਸਿਖਰਾਂ ’ਤੇ ਲੈ ਜਾਣ ਦੀ ਪੂਰੀ ਸਮਰੱਥਾ ਰੱਖਦੇ ਹਨ।ਪਰ ਇਸ ਦੇ ਨਾਲ ਹੀ, ਸਾਨੂੰ ਇੱਕ ਕੌੜੀ ਸੱਚਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਵੀ ਭਾਰਤ ਵਿੱਚ ਲੱਖਾਂ ਬੱਚੇ ਅਜਿਹੇ ਹਨ ਜੋ ’ਬਾਲ ਦਿਵਸ’ ਦੇ ਅਸਲ ਅਰਥਾਂ ਤੋਂ ਅਣਜਾਣ ਹਨ। ਉਹ ਬਚਪਨ ਦੀਆਂ ਮਾਸੂਮ ਖੁਸ਼ੀਆਂ, ਖੇਡ ਦੇ ਮੈਦਾਨਾਂ ਅਤੇ ਸਕੂਲ ਦੀ ਕਿਤਾਬ ਨੂੰ ਛੱਡ ਕੇ ਗਰੀਬੀ, ਭੁੱਖਮਰੀ ਅਤੇ ਬਾਲ ਮਜ਼ਦੂਰੀ ਦੇ ਦਲਦਲ ਵਿੱਚ ਫਸੇ ਹੋਏ ਹਨ।

ਛੋਟੇ ਹੱਥਾਂ ਵਿੱਚ ਖਿਡੌਣਿਆਂ ਦੀ ਥਾਂ ਭਾਂਡੇ, ਹਥੌੜੇ ਜਾਂ ਝਾੜੂ ਫੜੇ ਹੋਏ ਹਨ। ਇਹ ਸਥਿਤੀ ਸਮੁੱਚੇ ਸਮਾਜ ਲਈ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਹੈ ਅਤੇ ਇੱਕ ਵਿਕਾਸਸ਼ੀਲ ਰਾਸ਼ਟਰ ਦੇ ਮੱਥੇ ’ਤੇ ਕਲੰਕ ਹੈ। ਬਾਲ ਦਿਵਸ ਸਿਰਫ਼ ਜਸ਼ਨ ਮਨਾਉਣ ਜਾਂ ਚਾਕਲੇਟਾਂ ਵੰਡਣ ਦਾ ਦਿਹਾੜਾ ਨਹੀਂ ਹੈ। ਇਹ ਦਿਨ ਸਾਨੂੰ ਸੰਯੁਕਤ ਰਾਸ਼ਟਰ ਦੀ ’ਬਾਲ ਅਧਿਕਾਰ ਸੰਧੀ’ ਅਤੇ ਸਾਡੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਬੱਚਿਆਂ ਦੇ ਬੁਨਿਆਦੀ ਹੱਕਾਂ ਦੀ ਯਾਦ ਦਿਵਾਉਂਦਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 21-ਏ (ਆਰਟੀਕਲ 21-ਏ) ਹਰ ਬੱਚੇ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਹੱਕ ਦਿੰਦੀ ਹੈ, ਅਤੇ ਧਾਰਾ 24 (ਆਰਟੀਕਲ 24) ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਤਰਨਾਕ ਕੰਮਾਂ ਜਾਂ ਫੈਕਟਰੀਆਂ ਵਿੱਚ ਰੁਜ਼ਗਾਰ ਦੇਣਾ ਕਾਨੂੰਨੀ ਅਪਰਾਧ ਹੈ। Bal Diwas 2025

ਅੱਜ ਦਾ ਯੁੱਗ ਵਿਗਿਆਨ ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦਾ ਹੈ। ਇੱਕ ਪਾਸੇ, ਸਾਨੂੰ ਆਪਣੇ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਡਿਜੀਟਲ ਅਤੇ ਤਕਨੀਕੀ ਗਿਆਨ ਨਾਲ ਲੈਸ ਕਰਨਾ ਜ਼ਰੂਰੀ ਹੈ, ਜਿਸ ਨੂੰ ‘ਡਿਜੀਟਲ ਸਾਖਰਤਾ’ ਕਿਹਾ ਜਾਂਦਾ ਹੈ। ਦੂਜੇ ਪਾਸੇ, ਇਸ ਤੇਜ਼ੀ ਨਾਲ ਵਧ ਰਹੇ ਤਕਨੀਕੀ ਮਾਹੌਲ ਨੇ ਬੱਚਿਆਂ ਸਾਹਮਣੇ ਨਵੀਆਂ ਮਾਨਸਿਕ ਅਤੇ ਸਮਾਜਿਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇੰਟਰਨੈੱਟ, ਸਮਾਰਟਫੋਨ ਅਤੇ ਸੋਸ਼ਲ ਮੀਡੀਆ ਨੇ ਬੱਚਿਆਂ ਦੇ ਮਨਾਂ ’ਤੇ ਗਹਿਰਾ ਪ੍ਰਭਾਵ ਪਾਇਆ ਹੈ। ਸਾਈਬਰ ਬੁਲਿੰਗ, ਗੈਰ-ਸਿਹਤਮੰਦ ਆਨਲਾਈਨ ਸਮੱਗਰੀ ਤੱਕ ਪਹੁੰਚ ਅਤੇ ਗੇਮਾਂ ਦੀ ਲਤ (ਅਮਮੜਭੁੜਲ਼ਗ਼) ਬੱਚਿਆਂ ਦੇ ਮਾਨਸਿਕ ਸਿਹਤ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ। Bal Diwas 2025

ਇਸ ਲਈ, ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਸਕ੍ਰੀਨ ਟਾਈਮ ਪ੍ਰਤੀ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ।ਸਿੱਖਿਆ ਕੇਵਲ ਚੰਗੀ ਨੌਕਰੀ ਪ੍ਰਾਪਤ ਕਰਨ ਦਾ ਸਾਧਨ ਨਾ ਰਹੇ, ਬਲਕਿ ਇੱਕ ਚੰਗਾ, ਜ਼ਿੰਮੇਵਾਰ ਅਤੇ ਨੈਤਿਕ ਮਨੁੱਖ ਬਣਾਉਣ ਦਾ ਜ਼ਰੀਆ ਹੋਣੀ ਚਾਹੀਦੀ ਹੈ। ਪਿਆਰ, ਸਤਿਕਾਰ, ਸਹਿਣਸ਼ੀਲਤਾ, ਵਾਤਾਵਰਣ ਪ੍ਰਤੀ ਚੇਤਨਾ ਅਤੇ ਦੇਸ਼ ਪ੍ਰਤੀ ਫਰਜ਼ ਦੀ ਭਾਵਨਾ ਸਾਡੇ ਸਕੂਲਾਂ ਅਤੇ ਘਰਾਂ ਵਿੱਚ ਮੁੱਖ ਵਿਸ਼ੇ ਹੋਣੇ ਚਾਹੀਦੇ ਹਨ। Bal Diwas 2025

ਭਾਰਤ ਸਰਕਾਰ ਨੇ ਬਾਲ ਕਲਿਆਣ ਲਈ ਸਮੇਂ-ਸਮੇਂ ’ਤੇ ਅਨੇਕਾਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ’ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਲੜਕੀਆਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਦੀ ਹੈ। ਸਰਵ ਸਿੱਖਿਆ ਅਭਿਆਨ ਅਤੇ ਮਿਡ-ਡੇ-ਮੀਲ (ਦੁਪਹਿਰ ਦੇ ਖਾਣੇ) ਸਕੀਮ ਬੱਚਿਆਂ ਨੂੰ ਸਕੂਲ ਆਉਣ ਲਈ ਪ੍ਰੇਰਦੀ ਹੈ ਅਤੇ ਉਨ੍ਹਾਂ ਨੂੰ ਪੋਸ਼ਣ ਪ੍ਰਦਾਨ ਕਰਦੀ ਹੈ। ਪਰ ਇਨ੍ਹਾਂ ਯੋਜਨਾਵਾਂ ਦੀ ਸਫਲਤਾ ਕੇਵਲ ਸਰਕਾਰੀ ਮਸ਼ੀਨਰੀ ’ਤੇ ਨਿਰਭਰ ਨਹੀਂ ਕਰਦੀ, ਸਗੋਂ ਸਮਾਜਿਕ ਭਾਗੀਦਾਰੀ ’ਤੇ ਨਿਰਭਰ ਕਰਦੀ ਹੈ।ਹਰ ਵਿਅਕਤੀ ਦਾ ਫਰਜ਼ ਹੈ ਕਿ ਉਹ ਆਪਣੇ ਪੱਧਰ ’ਤੇ ਯੋਗਦਾਨ ਪਾਵੇ। ਇੱਕ ਨਿਵੇਕਲਾ ਯਤਨ ਇਹ ਹੋ ਸਕਦਾ ਹੈ।

ਕਿ ਹਰ ਚੰਗੀ ਆਮਦਨ ਵਾਲਾ ਪਰਿਵਾਰ ਘੱਟੋ-ਘੱਟ ਇੱਕ ਲੋੜਵੰਦ ਬੱਚੇ ਦੀ ਸਿੱਖਿਆ ਦਾ ਜ਼ਿੰਮਾ ਚੁੱਕੇ। ਅਧਿਆਪਕਾਂ, ਡਾਕਟਰਾਂ, ਪੁਲਿਸ ਅਧਿਕਾਰੀਆਂ ਅਤੇ ਸਮਾਜ ਸੇਵਕਾਂ ਨੂੰ ਬੱਚਿਆਂ ਦੇ ਹੱਕਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣਾ ਪਵੇਗਾ। ਬਾਲ ਦਿਵਸ ਦਾ ਅਸਲ ਮਤਲਬ ਬੱਚਿਆਂ ਦੇ ਜੀਵਨ ਵਿੱਚ ਇੱਕ ਦਿਨ ਦੀ ਖੁਸ਼ੀ ਨਹੀਂ, ਸਗੋਂ ਉਨ੍ਹਾਂ ਦੇ ਸਮੁੱਚੇ ਜੀਵਨ ਦੀ ਖੁਸ਼ਹਾਲੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਸਾਰੇ ਮਿਲ ਕੇ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਹਰ ਬੱਚਾ ਜਾਤ, ਪਾਤ, ਲਿੰਗ ਜਾਂ ਆਰਥਿਕ ਪੱਧਰ ਤੋਂ ਉੱਪਰ ਉੱਠ ਕੇ, ਖੁੱਲ੍ਹੇ ਆਕਾਸ਼ ਹੇਠ ਆਪਣੀ ਪੂਰੀ ਸਮਰੱਥਾ ਅਨੁਸਾਰ ਵਿਕਾਸ ਕਰ ਸਕੇ।

ਪੰਡਿਤ ਨਹਿਰੂ ਦਾ ਇਹ ਸੁਪਨਾ ਸੀ ਕਿ ਨਵਾਂ ਭਾਰਤ, ਸਿੱਖਿਅਤ, ਤਰਕਸ਼ੀਲ ਅਤੇ ਖੁਸ਼ਹਾਲ ਬੱਚਿਆਂ ਦੇ ਮੋਢਿਆਂ ’ਤੇ ਖੜ੍ਹਾ ਹੋਵੇ। ਆਓ, ਇਸ ਬਾਲ ਦਿਵਸ ’ਤੇ ਅਸੀਂ ਸਾਰੇ ਇਹ ਦ੍ਰਿੜ੍ਹ ਸੰਕਲਪ ਲਈਏ ਕਿ ਅਸੀਂ: ਅਸੀਂ ਬਾਲ ਮਜ਼ਦੂਰੀ ਅਤੇ ਕਿਸੇ ਵੀ ਕਿਸਮ ਦੇ ਬਾਲ ਸ਼ੋਸ਼ਣ ਵਿਰੁੱਧ ਸਖ਼ਤ ਆਵਾਜ਼ ਬਣਾਂਗੇ।ਅਸੀਂ ਆਪਣੇ ਆਲੇ-ਦੁਆਲੇ ਦੇ ਲੋੜਵੰਦ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਦੇ ਮਾਮਲੇ ਵਿੱਚ ਸੇਵਾ ਭਾਵਨਾ ਨਾਲ ਯੋਗਦਾਨ ਪਾਵਾਂਗੇ। ਅਸੀਂ ਆਪਣੇ ਬੱਚਿਆਂ ਨੂੰ ਪਿਆਰ, ਸਤਿਕਾਰ ਅਤੇ ਸਹੀ ਮਾਰਗ ਦਰਸ਼ਨ ਦੇਵਾਂਗੇ, ਤਾਂ ਜੋ ਉਹ ਨਹਿਰੂ ਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਜ਼ਿੰਮੇਵਾਰ ਅਤੇ ਚੰਗੇ ਨਾਗਰਿਕ ਬਣ ਸਕਣ।ਬੱਚੇ ਪ੍ਰਮਾਤਮਾ ਦਾ ਪ੍ਰਤੀਬਿੰਬ ਹਨ, ਅਤੇ ਉਨ੍ਹਾਂ ਦੀ ਮੁਸਕਾਨ ਹੀ ਕੌਮ ਦੀ ਖੁਸ਼ਹਾਲੀ ਦੀ ਸੱਚੀ ਨਿਸ਼ਾਨੀ ਹੈ। ਜੇ ਅਸੀਂ ਆਪਣੇ ਬੱਚਿਆਂ ਦਾ ਵਰਤਮਾਨ ਸੰਵਾਰਾਂਗੇ, ਤਾਂ ਉਹ ਸਾਡੇ ਦੇਸ਼ ਦਾ ਭਵਿੱਖ ਆਪੇ ਹੀ ਸੰਵਾਰ ਦੇਣਗੇ। Bal Diwas 2025

ਮੋ. 84378-13558
ਰਮਨਦੀਪ ਖੀਵਾ