ਨਾਭਾ ‘ਚ 50 ਲੱਖ ਰੁਪਏ ਦੀ ਲੁੱਟ, ਚਾਰ ਘੰਟਿਆਂ ‘ਚ ਲੁਟੇਰੇ ਕੀਤੇ ਕਾਬੂ

Robbers, State Bank of India, Plundered, 50 Million

ਐਸਬੀਆਈ ਬੈਂਕ ਦੇ ਸੁਰੱਖਿਆ ਗਾਰਡ ਦੀ ਮੌਤ

2 ਲੁਟੇਰੇ ਮਾਰੂ ਹਥਿਆਰਾਂ ਤੇ ਲੁੱਟੀ ਰਕਮ ਸਮੇਤ ਕਾਬੂ : ਆਈ.ਜੀ ਰਾਏ

ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ, ਪਟਿਆਲਾ/ਨਾਭਾ

ਰਿਆਸਤੀ ਨਗਰੀ ਨਾਭਾ ਵਿਖੇ ਅੱਜ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆ ਵੱਲੋਂ ਦਿਨ-ਦਿਹਾੜੇ ਬੈਂਕ ਦੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮਾਰ ਕੇ ਸਟੇਟ ਬੈਂਕ ਆਫ਼ ਇੰਡੀਆ ਦੇ 50 ਲੱਖ ਰੁਪਏ ਲੁੱਟਣ ਦਾ ਸਮਾਚਾਰ ਹੈ   ਲੁਟੇਰਿਆਂ ਨੇ ਜਾਂਦੇ ਸਮੇਂ ਬੈਂਕ ਦੇ ਸੁਰੱਖਿਆ ਗਾਰਡ ‘ਤੇ ਫਾਇਰ ਕਰ ਦਿੱਤਾ, ਜਿਸ ਦੀ ਬਾਦ ਵਿੱਚ ਮੌਤ ਹੋ ਗਈ। ਸੁਰੱਖਿਆ ਗਾਰਡ ਦੀ ਪਛਾਣ ਪ੍ਰੇਮ ਚੰਦ (50) ਪੁੱਤਰ ਹਰੀ ਰਾਮ ਵਾਸੀ ਪਿੰਡ ਰੋਹਟੀ ਬਸਤਾ ਤਹਿਸੀਲ ਨਾਭਾ ਵਜੋਂ ਹੋਈ ਹੈ। ਇਹ ਘਟਨਾ ਝੋਨੇ ਦੇ ਚੱਲਦੇ ਸੀਜ਼ਨ ਵਿੱਚ ਭੀੜ ਭੜੱਕੇ ਵਾਲੇ ਖੁੱਲ੍ਹੇ ਖੇਤਰ ਵਿੱਚ ਬੈਂਕ ਦੀ ਨਵੀਂ ਅਨਾਜ ਮੰਡੀ ਦੀ ਸ਼ਾਖਾ ਦੇ ਬਾਹਰ ਵਾਪਰੀ ਹੈ, ਜਿਸ ਤੋਂ ਲੁਟੇਰਿਆਂ ਦੇ ਬੁਲੰਦ ਹੌਸਲੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਦੀ ਕੈਸ਼ ਕਾਰ ਦੇ ਡਰਾਇਵਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਬੈਂਕ ਦੇ ਕੈਸ਼ ਲਿਆਉਣ ਲਿਜਾਣ ਦਾ ਕੰਮ ਕਰਦਾ ਹੈ।

ਅੱਜ ਸਟੇਟ ਬੈਂਕ ਆਫ ਇੰਡੀਆ ਦੀ ਪਟਿਆਲਾ ਗੇਟ ਮੁੱਖ ਸ਼ਾਖਾ ਤੋਂ ਬੈਂਕ ਦੀ ਨਵੀਂ ਅਨਾਜ਼ ਮੰਡੀ ਸ਼ਾਖਾ ਤੱਕ ਕੈਸ਼/ਨਕਦੀ ਲਿਜਾ ਰਹੀ ਪ੍ਰਾਈਵੇਟ ਇੰਡੀਗਾ ਕਾਰ ਨੰਪੀਬੀ 10 ਬੀਐਸ 5751 ਲੈ ਕੇ ਜਿਉਂ ਹੀ ਉਹ ਬੈਂਕ ਦੇ ਬਾਹਰ ਪੁੱਜਾ ਤਾਂ ਅਚਾਨਕ ਲੁਟੇਰਿਆਂ ਨੇ ਪਿੱਛੋਂ ਆ ਕੇ ਰਿਵਾਲਵਰ ਦਿਖਾਈ ਅਤੇ 50 ਲੱਖ ਦੀ ਨਕਦੀ ਭਰਿਆ ਟਰੰਕ ਲੈ ਕੇ ਫਰਾਰ ਹੋ ਗਏ। ਇਸੇ ਦੌਰਾਨ ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਮੁਲਾਜ਼ਮ ਪ੍ਰੇਮ ਚੰਦ ‘ਤੇ ਫਾਇਰ ਕਰ ਦਿੱਤਾ ਜੋ ਕਿ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਘਟਨਾ ਤੋਂ ਬਾਦ ਆਸ ਪਾਸ ਦੇ ਲੋਕਾਂ ਨੇ ਤੁਰੰਤ ਫੱਟੜ ਸੁਰੱਖਿਆ ਮੁਲਾਜ਼ਮ ਨੂੰ ਨਾਭਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਲਿਆਂਦਾ ਜਿੱਥੋਂ ਉਸ ਦੀ ਵਿਗੜਦੀ ਹਾਲਤ ਦੇਖ ਕੇ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਹੀ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ।

ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਉਕਤ ਦੋ ਲੁਟੇਰਿਆਂ ਨੂੰ 4 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਦਾ ਖੁਲਾਸਾ ਪਟਿਆਲਾ ਜੋਨ ਦੇ ਆਈ.ਜੀ. ਸ. ਏ.ਐਸ. ਰਾਏ ਨੇ ਅੱਜ ਦੇਰ ਸ਼ਾਮ ਇੱਥੇ ਪੁਲਿਸ ਲਾਇਨ ਵਿਖੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ ਤੇ ਉਨ੍ਹਾਂ ਦੱਸਿਆ ਕਿ ਡੀਜੀਪੀ ਵੱਲੋਂ ਪਟਿਆਲਾ ਪੁਲਿਸ ਨੂੰ ਦਿੱਤਾ ਗਿਆ ਇੱਕ ਲੱਖ ਰੁਪਏ ਦਾ ਨਗ਼ਦ ਇਨਾਮ ਮ੍ਰਿਤਕ ਸ੍ਰੀ ਪ੍ਰੇਮ ਚੰਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।  ਸ. ਰਾਏ ਨੇ ਦੱਸਿਆ ਕਿ ਇਹ ਵਾਰਦਾਤ ਨਾਭਾ ਦੀ ਅਨਾਜ ਮੰਡੀ ‘ਚ ਅੱਜ ਉਸ ਸਮੇਂ ਵਾਪਰੀ ਜਦੋਂ ਐਸ.ਬੀ.ਆਈ. ਦਾ ਕਲਰਕ ਸ੍ਰੀ ਅੰਤਰਿਕਸ਼ ਵੈਦ ਤੇ ਸੁਰੱਖਿਆ ਗਾਰਡ ਸ੍ਰੀ ਪ੍ਰੇਮ ਚੰਦ 50 ਲੱਖ ਰੁਪਏ ਦੀ ਨਗ਼ਦੀ ਬੈਂਕ ਦੀ ਪਟਿਆਲਾ ਗੇਟ ਸਥਿੱਤ ਕਰੰਸੀ ਚੈਸਟ ਬ੍ਰਾਂਚ ਤੋਂ ਇੱਕ ਨਿਜੀ ਕਾਰ ‘ਚ ਲੈਕੇ ਆਪਣੀ ਬ੍ਰਾਂਚ ਆ ਰਹੇ ਸਨ ਤਾਂ ਇਨ੍ਹਾਂ ਦਾ ਪਿੱਛਾ ਕਰਦੇ ਆ ਰਹੇ ਦੋ ਜਣਿਆਂ ਨੇ ਇਨ੍ਹਾਂ ਨੂੰ ਨਗ਼ਦੀ ਵਾਲਾ ਬੈਗ ਉਤਾਰਨ ਸਮੇਂ ਹੀ ਗੋਲੀ ਮਾਰਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਆਈ.ਜੀ. ਨੇ ਦੱਸਿਆ ਕਿ ਐਸ.ਐਸ.ਪੀ. ਸ. ਸਿੱਧੂ ਅੱਜ ਆਪਣੀ ਪੂਰੀ ਟੀਮ ਸਮੇਤ ਨਾਭਾ ਵਿਖੇ ਹੀ ਸਨ ਉਨ੍ਹਾਂ ਦੱਸਿਆ ਕਿ ਸ. ਸਿੱਧੂ ਤੁਰੰਤ ਮੌਕੇ ‘ਤੇ ਪੁੱਜੇ ਅਤੇ ਪੇਸ਼ੇਵਰਾਨਾਂ ਪਹੁੰਚ ਅਪਣਾਉਂਦਿਆਂ ਤੁਰੰਤ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਅਤੇ ਸਾਰੇ ਫਰੰਟ ਖੋਲ੍ਹਦਿਆਂ ਇਸ ਆਪਰੇਸ਼ਨ ਦੀ ਖ਼ੁਦ ਅਗਵਾਈ ਕੀਤੀ ਅਤੇ ਮਹਿਜ 4 ਘੰਟਿਆਂ ਦੇ ਅੰਦਰ ਹੀ ਦੋਵੇਂ ਮੁਲਜਮਾਂ ਨੂੰ ਸੰਗਰੂਰ ਤੋਂ ਕਾਬੂ ਕਰ ਲਿਆ।  ਸ. ਰਾਏ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਪਛਾਣ ਜਗਦੇਵ ਸਿੰਘ ਤਾਰੀ ਪੁੱਤਰ ਕਰਨੈਲ ਸਿੰਘ ਉਮਰ 35 ਸਾਲ ਤੇ ਅਮਨਜੀਤ ਸਿੰਘ ਗੁਰੀ ਪੁੱਤਰ ਗੁਰਜੰਟ ਸਿੰਘ ਉਮਰ 37 ਸਾਲ ਵਾਸੀਅਨ ਸੰਗਰੂਰ ਵਜੋਂ ਹੋਈ। ਇਨ੍ਹਾਂ ਨੇ ਸੰਗਰੂਰ ਸਥਿੱਤ ਇੰਡੀਅਨ ਆਇਲ ਦੇ ਤੇਲ ਡਿਪੂ ‘ਤੇ ਤੇਲ ਵਾਲਾ ਟੈਂਕ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਲੁੱਟੀ ਗਈ ਰਕਮ 50 ਲੱਖ ਰੁਪਏ, ਇੱਕ 32 ਬੋਰ ਦਾ ਨਜ਼ਾਇਜ ਰਿਵਾਲਵਰ, ਸੁਰੱਖਿਆ ਗਾਰਡ ਤੋਂ ਖੋਹੀ 12 ਬੋਰ ਦੀ ਬੰਦੂਕ, ਵਾਰਦਾਤ ‘ਚ ਵਰਤਿਆ ਬੁਲਟ ਮੋਟਰਸਾਇਕਲ, ਕੱਪੜੇ ਆਦਿ ਬਰਾਮਦ ਕਰ ਲਏ ਗਏ।

ਪੁਲਿਸ ਦੀ ਚਿਤਾਵਨੀ ਨੂੰ ਕੀਤਾ ਅਣਗੋਲਿਆ

ਦਿਨ ਪ੍ਰਤੀ ਦਿਨ ਸੂਬੇ ਵਿੱਚ ਵਧਦੀਆਂ ਜਾ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹਨ। ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲੁਟੇਰਿਆਂ ਨੇ ਵੱਡੀਆਂ ਸਨਅਤਾਂ, ਪੈਟਰੋਲ ਪੰਪਾਂ ਅਤੇ ਬੈਂਕਾਂ ‘ਤੇ ਅੱਖ ਟਿਕਾ ਲਈ ਹੈ। ਐਕਟਿਵਾ ਸਵਾਰ ਕਿਸਾਨ ਦੀ ਲੁੱਟ ਤੋਂ ਬਾਦ ਰਿਲਾਇੰਸ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਜ਼ਖਮੀ ਕਰਕੇ ਲੁਟੇਰਿਆਂ ਨੇ ਪਿਛਲੇ ਮਹੀਨੇ ਹੀ 10 ਲੱਖ 34 ਹਜ਼ਾਰ ਦੀ ਲੁੱਟ ਕੀਤੀ ਸੀ, ਜਿਸ ਨੂੰ ਪੁਲਿਸ ਵੱਲੋਂ ਹੱਲ ਕਰਕੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਰਿਲਾਇੰਸ ਪੰਪ ਦੀ ਲੁੱਟ ਦੀ ਘਟਨਾ ਤੋਂ ਬਾਦ ਪੁਲਿਸ ਵੱਲੋਂ ਸਾਰੇ ਵਿੱਤੀ

ਅਦਾਰਿਆਂ ਨੂੰ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਗਏ ਸਨ ਕਿ 10 ਲੱਖ ਤੋ ਵੱਧ ਕੈਸ਼ ਇੱਕ ਥਾਂ ਤੋ ਦੂਜੀ ਥਾਂ ਲਿਜਾਉਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿ ਪੁਲਿਸ ਸੁਰੱਖਿਆ ਲਈ ਮੁਲਾਜ਼ਮ ਨਾਲ ਭੇਜ ਸਕੇ ਪਰੰਤੂ ਪੁਲਿਸ ਦੀ ਇਸ ਚਿਤਾਵਨੀ ਦਾ ਕਿਸੇ ਵੀ ਅਦਾਰੇ ‘ਤੇ ਕੋਈ ਅਸਰ ਦੇਖਣ ਨੂੰ ਨਹੀ ਮਿਲਿਆ ਹੈ। ਅੱਜ ਹੋਈ 50 ਲੱਖ ਦੀ ਲੁੱਟ ਦੀ ਘਟਨਾ ਸਮੇਂ ਵੀ ਬੈਂਕ ਨੇ ਪੁਲਿਸ ਦੀ ਆਫਰ ਦਾ ਫਾਇਦਾ ਨਾ ਚੁੱਕਿਆ ਅਤੇ ਨਾਭਾ ਵਿੱਚ ਲੁੱਟ ਦੀ ਸਭ ਤਂੋ ਵੱਡੀ ਵਾਰਦਾਤ ਵਾਪਰ ਗਈ। ਅੱਜ ਦੀ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਕਈ ਸਾਲ ਪਹਿਲਾਂ ਹੋਈ 32 ਲੱਖ ਦੀ ਏਟੀਐਮ ਲੁੱਟ ਦੀ ਘਟਨਾ ਦੀ ਯਾਦ ਕਰਵਾ ਦਿੱਤੀ ਜਿਸ ਨੂੰ ਪੁਲਿਸ ਅੱਜ ਤੱਕ ਟ੍ਰੇਸ ਨਹੀ ਕਰ ਪਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।