ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਚਾਰੇ ਪਾਸੇ ਮੱਚੀ ਹਾਹਾਕਾਰ

ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਚਾਰੇ ਪਾਸੇ ਮੱਚੀ ਹਾਹਾਕਾਰ

ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਭਾਰਤ ਸਰਕਾਰ ਨੇ ਮੰਨਿਆ ਹੈ ਕਿ ਸਾਲ 2019-20 ਵਿਚ ਬੇਰੁਜ਼ਗਾਰੀ ਦੀ ਦਰ 4.8 ਫੀਸਦੀ ਸੀ। ਜੋ ਇਸ ਸਮੇਂ ਇਹ 7.14 ਫੀਸਦੀ ਤੱਕ ਵਧ ਚੁੱਕੀ ਹੈ। ਕਰੋੜਾਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿਚ ਹਨ ਪਰ ਨੌਕਰੀਆਂ ਦੀਆਂ ਸੰਭਾਵਨਾਵਾਂ ਖਤਮ ਹੋ ਰਹੀਆਂ ਹਨ। ਕੇਂਦਰ ਸਰਕਾਰ ਦੇ ਵੱਖੋ-ਵੱਖਰੇ ਸਰਕਾਰੀ ਵਿਭਾਗਾਂ ਵਿਚ 1 ਮਾਰਚ 2020 ਨੂੰ ਲਗਭਗ 8.72 ਲੱਖ ਅਸਾਮੀਆਂ ਖਾਲੀ ਸਨ।

ਜੋ ਅੰਕੜੇ ਸਾਹਮਣੇ ਆਏ ਹਨ ਉਹਨਾਂ ਮੁਤਾਬਿਕ ਸ਼ਹਿਰਾਂ ਵਿਚ ਬੇਰੁਜ਼ਗਾਰੀ ਦੀ ਦਰ ਪਿੰਡਾਂ ਨਾਲੋਂ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸ਼ਹਿਰਾਂ ਅੰਦਰ ਬੇਰੁਜ਼ਗਾਰੀ ਦੀ ਦਰ 8 ਫੀਸਦੀ ਦੇ ਨੇੜੇ ਹੈ ਅਤੇ ਪਿੰਡਾਂ ਵਿਚ 6.75 ਫੀਸਦੀ ਦੇ। ਕੋਵਿਡ-19 ਦੇ ਦੌਰ ਨੇ ਬੇਰੁਜ਼ਗਾਰੀ ਵਿਚ ਵਾਧਾ ਕੀਤਾ ਹੈ ਕਿਉਂਕਿ ਇਸ ਦੌਰਾਨ ਤਾਲਾਬੰਦੀਆਂ ਕਰਕੇ ਕਾਰੋਬਾਰ ਵੱਡੀ ਪੱਧਰ ’ਤੇ ਬੰਦ ਹੋਏ ਹਨ ਅਤੇ ਗੈਰ-ਰਸਮੀ ਖੇਤਰ ਦੇ ਰੁਜ਼ਗਾਰ ’ਤੇ ਭਾਰੀ ਅਸਰ ਪਿਆ ਹੈ। ਵਿੱਤੀ ਸਾਲ 2017-18 ਦੌਰਾਨ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਨਾਲੋਂ ਸਭ ਤੋਂ ਵੱਧ ਸੀ।

ਵਿੱਤੀ ਮਾਹਿਰਾਂ ਅਨੁਸਾਰ ਨੋਟਬੰਦੀ ਦਾ ਅਸਰ ਅਜੇ ਤੱਕ ਨਹੀਂ ਗਿਆ। ਸਮੁੱਚੇ ਵਿੱਤੀ ਲੈਣ-ਦੇਣ ਨੂੰ ਡਿਜ਼ੀਟਲ ਕਰ ਦੇਣ ਦਾ ਪ੍ਰਚਾਰ ਕੀਤਾ ਗਿਆ ਸੀ ਪਰ ਭਾਰਤ ਵਰਗੇ ਦੇਸ਼ ਵਿਚ ਇਹ ਸੰਭਵ ਨਹੀਂ ਹੈ। ਨੋਟਬੰਦੀ ਨੇ ਗ਼ੈਰ-ਰਸਮੀ ਖੇਤਰ ਦੇ ਕਾਰੋਬਾਰ ’ਤੇ ਡੂੰਘਾ ਅਸਰ ਪਾਇਆ ਤੇ ਉਹ ਕਾਰੋਬਾਰ ਇਸ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ। ਬੇਰੁਜ਼ਗਾਰੀ ਦੀ ਸਮੱਸਿਆ ਦੇ ਪੱਧਰ ਦਾ ਅੰਦਾਜ਼ਾ ਸਿਆਸੀ ਆਗੂਆਂ ਦੇ ਵਾਅਦਿਆਂ ਤੇ ਦਾਅਵਿਆਂ ਤੋਂ ਲਾਇਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਪੈਦਾ ਕਰਨ ਦੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ। ਇੱਕ ਪਾਸੇ ਬੇਰੁਜ਼ਗਾਰੀ ਤੇ ਦੂਜੇ ਪਾਸੇ ਦੇਸ਼ ’ਚ ਮਹਿੰਗਾਈ ਦਾ ਚੱਕਰ ਇੱਕ ਵਾਰ ਫਿਰ ਘੁੰਮ ਗਿਆ ਹੈ। ਮਹਿੰਗਾਈ ਦੀ ਇਹ ਦਰ ਥੋਕ ਤੇ ਪਰਚੂਨ ਦੋਵਾਂ ਪੱਧਰਾਂ ’ਤੇ ਵਧੀ ਹੈ। ਉਦਯੋਗਿਕ ਖੇਤਰ ’ਚ ਖੁਦਰਾ ਮਹਿੰਗਾਈ ਦੀ ਇਹ ਦਰ 5.57 ਫੀਸਦੀ ਦਰਜ ਕੀਤੀ ਗਈ ਹੈ, ਜੋ ਕਿ ਹਾਲ ਦੇ ਸਮੇਂ ’ਚ ਸਭ ਤੋਂ ਵੱਧ ਵਾਧਾ ਦਰ ਹੈ।

ਇਸੇ ਸਾਲ ਜੂਨ ਮਹੀਨੇ ’ਚ ਇਹ ਦਰ 5.24 ਫੀਸਦੀ ਸੀ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਦਰ 5.06 ਫੀਸਦੀ ਸੀ। ਇਸ ਕਾਰਨ ਮਹਿੰਗਾਈ ਦਰ ’ਤੇ ਵੀ ਦਬਾਅ ਪਿਆ ਹੈ, ਜਿਸ ਨਾਲ ਹੋਰ ਘਰੇਲੂ ਤੇ ਰਸੋਈ ਘਰ ’ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਭਾਅ ’ਤੇ ਵੀ ਦਬਾਅ ਮਹਿਸੂਸ ਕੀਤਾ ਗਿਆ। ਥੋਕ ’ਚ ਮਹਿੰਗਾਈ ਦੀ ਦਰ ਵਧਣ ਨਾਲ ਪਰਚੂਨ ਪੱਧਰ ’ਤੇ ਚੌਲ, ਖੰਡ, ਚਾਹ ਅਤੇ ਕਈ ਪ੍ਰਕਾਰ ਦੀਆਂ ਦਾਲਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਦੇਖਿਆ ਗਿਆ।

ਫਲਾਂ ਤੇ ਸਬਜ਼ੀਆਂ ਦੇ ਭਾਅ ’ਚ ਵੀ ਇਸੇ ਤਰ੍ਹਾਂ ਵਾਧਾ ਦਰਜ ਕੀਤਾ ਗਿਆ ਡੀਜ਼ਲ ਤੇ ਪਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਆਮ ਆਦਮੀ ਦੀ ਜ਼ਿੰਦਗੀ ਨਰਕ ਬਰਾਬਰ ਬਣਦੀ ਜਾ ਰਹੀ ਹੈ ਪਰ ਜਦੋਂ ਚੋਣ ਮੈਨੀਫੈਸਟੋ ਤਿਆਰ ਹੁੰਦੇ ਹਨ ਤਾਂ ਇੰਝ ਲੱਗਦਾ ਹੈ ਕਿ ਦੇਸ਼ ਇਸ ਵਾਰੀ ਸਵਰਗ ਬਣ ਜਾਵੇਗਾ ਕੋਈ ਵੀ ਪੜਿ੍ਹਆ-ਲਿਖਿਆ ਵਰਗ ਬੇਰੁਜ਼ਗਾਰ ਨਹੀਂ ਰਹੇਗਾ, ਸਾਰਿਆਂ ਨੂੰ ਸਰਕਾਰ ਰੁਜ਼ਗਾਰ ਮੁਹੱਈਆ ਕਰਵਾ ਦੇਵੇਗੀ ਪਰ ਪੰਜ ਸਾਲ ਬੀਤਦੇ-ਬੀਤਦੇ ਸਭ ਕੁੱਝ ਉਵੇਂ ਦਾ ਉਵੇਂ ਹੀ ਰਹਿ ਜਾਂਦਾ ਹੈ ਕਿਸੇ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਹੁਣ ਬੇਲਗਾਮ ਹੋਈ ਮਹਿੰਗਾਈ ’ਤੇ ਕਦੋਂ ਤੇ ਕੌਣ ਨੱਥ ਪਾਵੇਗਾ? ਕੋਈ ਸਮਾਂ ਆਵੇਗਾ ਜਦੋਂ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਪੈਦਾ ਹੋਵੇਗੀ? ਹੁਣ ਇਹ ਸੋਚਣ ਤੇ ਵਿਚਾਰ ਕਰਨ ਦੀ ਲੋੜ ਹੈ
ਮਮਦੋਟ, ਫਿਰੋਜ਼ਪੁਰ
ਮੋ. 75891-55501
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ