ਸਿਹਤ ਦੀ ਤੰਦਰੁਸਤੀ ਲਈ ਸੇਵਾ ਮੁਕਤ ਪੁਲਿਸ ਇੰਸਪੈਕਟਰ ਵੇਚਦੈ ਸਬਜ਼ੀ

ਕਿਹਾ, ਸ਼ੌਂਕ ਵਜੋਂ ਕਰਦਾ ਹਾਂ ਇਹ ਕੰਮ, ਕੋਈ ਮਜ਼ਬੂਰੀ ਨਹੀਂ

  • ਸਹਾਇਕ ਧੰਦੇ ਅਪਣਾ ਕੇ ਕਮਾਈ ਕਰਨ ਬੇਰੁਜਗਾਰ

(ਸੁਖਜੀਤ ਮਾਨ) ਬਠਿੰਡਾ। ਸਹਾਇਕ ਧੰਦਿਆਂ ਤੋਂ ਪਾਸਾ ਵੱਟਣ ਵਾਲੇ ਬੇਰੁਜ਼ਗਾਰਾਂ ਲਈ ਬਠਿੰਡਾ ਦਾ ਸੇਵਾ ਮੁਕਤ ਇੰਸਪੈਕਟਰ ਮਿਸਾਲ ਬਣਿਆ ਹੈ ਇਹ ਸੇਵਾ ਮੁਕਤ ਇੰਸਪੈਕਟਰ ਬਠਿੰਡਾ ਦੇ ਮੁਲਤਾਨੀਆ ਰੋਡ ’ਤੇ ਸਬਜ਼ੀ ਵੇਚਦਾ ਹੈ ਸਬਜ਼ੀ ਵੇਚਣਾ ਉਸਦੀ ਕੋਈ ਮਜ਼ਬੂਰੀ ਨਹੀਂ ਸ਼ੌਂਕ ਤੇ ਸੇਵਾ ਹੈ। ਵੇਰਵਿਆਂ ਮੁਤਾਬਿਕ ਬਠਿੰਡਾ ਦਾ ਸੇਵਾ ਮੁਕਤ ਇੰਸਪੈਕਟਰ ਪ੍ਰਸਨ ਸਿੰਘ ਮੁਲਤਾਨੀਆਂ ਰੋਡ ’ਤੇ ਸਬਜ਼ੀ ਵੇਚਦਾ ਹੈ। ਜਿਹੜੇ ਲੋਕ ਉਨ੍ਹਾਂ ਨੂੰ ਪੁਲਿਸ ਇੰਸਪੈਕਟਰ ਵਜੋਂ ਜਾਣਦੇ ਨੇ ਤਾਂ ਸਬਜ਼ੀ ਵੇਚਦਿਆਂ ਨੂੰ ਦੇਖ ਕੇ ਹੈਰਾਨ ਹੁੰਦੇ ਨੇ ਸਬਜ਼ੀ ਵੇਚਣ ਦੇ ਕਾਰਨ ਸਬੰਧੀ ਪੁੱਛੇ ਜਾਣ ’ਤੇ ਪ੍ਰਸਨ ਸਿੰਘ ਨੇ ਦੋ ਟੁੱਕ ਗੱਲ ਆਖੀ ‘ਕਾਰਨ ਕੋਈ ਨਹੀਂ, ਇਹ ਮੇਰਾ ਸ਼ੌਂਕ ਹੈ।’ ਉਨ੍ਹਾਂ ਕਿਹਾ ਕਿ ਉਹ ਇਸਨੂੰ ਚੰਗਾ ਧੰਦਾ ਸਮਝਦਾ ਹੈ ਤੇ ਮਿਹਨਤ ਕਰਨੀ ਕੋਈ ਮਾੜਾ ਕੰਮ ਨਹੀਂ ਉਨ੍ਹਾਂ ਇੱਕ ਖਾਸ ਗੱਲ ਇਹ ਵੀ ਦੱਸੀ ਕਿ ਉਸ ਵੱਲੋਂ ਸਬਜ਼ੀ ਵੇਚਣ ਦੇ ਇਸ ਕੰਮ ਨਾਲ ਗਰੀਬਾਂ ਦੀ ਵੀ ਮੱਦਦ ਹੋ ਜਾਂਦੀ ਹੈ ਕਿਉਂਕਿ ਜਿਹੜਾ ਵਿਅਕਤੀ ਅਤੀ ਗਰੀਬ ਹੁੰਦਾ ਹੈ, ਜੋ ਪੈਸੇ ਦੇ ਕੇ ਸਬਜ਼ੀ ਨਹੀਂ ਖ੍ਰੀਦ ਸਕਦਾ ਉਸਨੂੰ ਉਂਝ ਹੀ ਸਬਜ਼ੀ ਦੇ ਦਿੰਦਾ ਹੈ।

ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਜੋ ਪੜ੍ਹੇ-ਲਿਖੇ ਨੌਜਵਾਨ ਹਨ, ਉਹ ਆਪਣਾ ਸਹਾਇਕ ਧੰਦਾ ਜ਼ਰੂਰ ਕਰਨ ਕਿਉਂਕਿ ਹੱਥੀਂ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਅਤੇ ਪ੍ਰਮਾਤਮਾ ਉਨ੍ਹਾਂ ਦੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ ਗਰੀਬ ਲੋਕਾਂ ਨੂੰ ਉਂਝ ਹੀ ਸਬਜ਼ੀ ਦੇਣ ਕਾਰਨ ਪੈਣ ਵਾਲੇ ਘਾਟੇ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ‘ਕੋਈ ਘਾਟਾ ਨਹੀਂ ਪੈਂਦਾ।’ ਉਨ੍ਹਾਂ ਦੱਸਿਆ ਕਿ ਉਹ ਸਬਜ਼ੀ ਵੇਚਣ ’ਚ ਕੋਈ ਜਿਆਦਾ ਮੁਨਾਫਾ ਕਮਾਉਣ ਲਈ ਧੱਕਾ ਨਹੀਂ ਕਰਦਾ ਅਤੇ ਨਾ ਹੀ ਪੁਲਿਸ ਡਿਊਟੀ ਦੌਰਾਨ ਉਸਨੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ। ਇੱਕ ਸੇਵਾ ਮੁਕਤ ਇੰਸਪੈਕਟਰ ਵਜੋਂ ਪਹਿਚਾਣ ਰੱਖਦੇ ਹੋਣ ਦੇ ਬਾਵਜ਼ੂਦ ਸਬਜ਼ੀ ਵੇਚਣ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਕੋਈ ਇਤਰਾਜ਼ ਪ੍ਰਗਟਾਉਣ ਬਾਰੇ ਪੁੱਛੇ ਜਾਣ ’ਤੇ ਪ੍ਰਸਨ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਕਹਿੰਦੇ ਤਾਂ ਨਹੀਂ ਪਰ ਮਹਿਸੂਸ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਉਹ ਜਵਾਬ ਦਿੰਦਾ ਹੈ ਕਿ ਇਹ ਕੋਈ ਮਾੜਾ ਕੰਮ ਨਹੀਂ।

ਇਸ ਕੰਮ ’ਚ ਸ਼ਾਮ ਵੇਲੇ ਕਈ ਵਾਰ ਪਰਿਵਾਰਕ ਮੈਂਬਰ ਉਸਦੀ ਮੱਦਦ ਵੀ ਕਰ ਦਿੰਦੇ ਹਨ ਉਨ੍ਹਾਂ ਦੇ ਦੋ ਪੱੁਤਰ ਹਨ ਜੋ ਸਰਵਿਸ ਕਰਦੇ ਹਨ ਜਿਨ੍ਹਾਂ ’ਚੋਂ ਇੱਕ ਡੀ ਫਾਰਮੈਸੀ ਫਾਰਮਾਸਿਸਟ ਫਾਰਮੇਸੀ ਅਫਸਰ ਹੈ ਤੇ ਦੂਜਾ ਪੁੱਤਰ ਐਮਏ ਐਲਐਲਬੀ ਤੇ ਐਮਏ ਥੀਏਟਰ ਹੈ, ਜੋ ਆਈਲੈਟਸ ਸੈਂਟਰ ’ਚ ਪੜ੍ਹਾਉਂਦਾ ਹੈ ਇੱਕ ਨੂੰਹ ਅਧਿਆਪਕਾ ਹੈ ਤੇ ਇੱਕ ਪੀਜੀਆਈ ’ਚ ਸਰਵਿਸ ਕਰਦੀ ਹੈ। ਪੁਲਿਸ ਡਿਊਟੀ ਦੌਰਾਨ ਦੇ ਸਮੇਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਡਿਊਟੀ ਦੌਰਾਨ ਉਨ੍ਹਾਂ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਉਨ੍ਹਾਂ ਦੀ ਸਰਵਿਸ ’ਚ ਕੋਈ ਗਲਤ ਇੰਦਰਾਜ ਦਰਜ ਹੋਇਆ ਹੋਵੇ।

ਇਸ ਤੋਂ ਇਲਾਵਾ ਉਨ੍ਹਾਂ ਕਦੇ ਵੀ ਕੋਈ ਛੱੁਟੀ ਨਹੀਂ ਕੀਤੀ ਉਨ੍ਹਾਂ ਦੱਸਿਆ ਕਿ ਇਸ ਵੇਲੇ ਦੇ ਬਠਿੰਡਾ ਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨਾਲ ਉਨ੍ਹਾਂ ਨੇ ਉਸ ਵੇਲੇ ਡਿਊਟੀ ਕੀਤੀ ਹੈ, ਜਦੋਂ ਉਹ ਕੋਟਕਪੂਰਾ ਵਿਖੇ ਐਸਐਚਓ ਸੀ ਤੇ ਉਹ ਏਐਸਆਈ ਸੀ ਇਸ ਤੋਂ ਇਲਾਵਾ ਬਠਿੰਡਾ ਦੇ ਮੌਜੂਦਾ ਐਸਐਸਪੀ ਅਜੈ ਮਲੂਜਾ ਜਦੋਂ ਕੋਟਕਪੂਰਾ ਡੀਐਸਪੀ ਸੀ ਤਾਂ ਉਨ੍ਹਾਂ ਨਾਲ ਵੀ ਉੱਥੇ ਡਿਊਟੀ ਕੀਤੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਪੁਲਿਸ ਅਫਸਰਾਂ ਨਾਲ ਡਿਊਟੀ ਕਰਨ ਬਾਰੇ ਦੱਸਿਆ ਜ਼ਿਆਦਾ ਉਮਰ ਹੋਣ ਦੇ ਬਾਵਜ਼ੂਦ ਸਿਹਤ ਤੰਦਰੁਸਤ ਹੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਹ ਵੈਸਟਰਨ ਅਥਲੀਟ ਰਿਹਾ ਹੈ ,ਜਿਸ ’ਚ 3 ਹਜ਼ਾਰ, 5 ਹਜ਼ਾਰ ਤੇ 10 ਹਜ਼ਾਰ ਮੀਟਰ ਦੌੜ ਲਾਉਂਦਾ ਸੀ।

ਕਿਸਾਨ ਖੁਦ ਕਰਨ ਮਾਰਕੀਟਿੰਗ

ਸੇਵਾ ਮੁਕਤ ਇੰਸਪੈਕਟਰ ਪ੍ਰਸਨ ਸਿੰਘ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਉਹ ਸਬਜ਼ੀਆਂ ਆਦਿ ਦੀ ਮਾਰਕੀਟਿੰਗ ਆਪ ਕਰਨ ਪਰ ਜੇਕਰ ਉਨ੍ਹਾਂ ਕੋਲ ਸਬਜ਼ੀ ਜ਼ਿਆਦਾ ਹੁੰਦੀ ਹੈ ਤਾਂ ਉਨ੍ਹਾਂ ਦੇ ਬੱਚੇ ਆਦਿ ਵੀ ਨਾਲ ਸਬਜ਼ੀ ਵੇਚਣ ਤਾਂ ਵਧੀਆ ਮੁਨਾਫਾ ਹੋ ਸਕਦਾ ਹੈ ਉਨ੍ਹਾਂ ਕਿਹਾ ਕਿਸਾਨ ਖੇਤੀ ਦੇ ਧੰਦੇ ’ਚ ਬਦਲਾਅ ਲਿਆਉਣ ਤੇ ਸਹਾਇਕ ਧੰਦੇ ਅਪਾਉਣ, ਜਿਸ ਤਰ੍ਹਾਂ ਦੁੱਧ ਵੇਚਣਾ ਅਤੇ ਸਬਜ਼ੀ ਵੇਚਣਾ ਆਦਿ ਤਾਂ ਇਹ ਲਾਹੇਵੰਦ ਰਹੇਗਾ ਬੇਰੁਜ਼ਗਾਰ ਬੱਚੇ ਵੀ ਆਪਣੇ ਮਾਪਿਆਂ ਨਾਲ ਕੰਮ ’ਚ ਹੱਥ ਵਟਾਉਣ ਵਿਦੇਸ਼ਾਂ ’ਚ ਜਾ ਕੇ ਵੀ ਕੰਮ ਕਰਦੇ ਹਨ, ਇਸ ਲਈ ਕੰਮ ਤਾਂ ਕਰਨਾ ਹੀ ਪੈਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ