ਭਾਰਤੀ ਰਿਜ਼ਰਵ ਬੈਂਕ ਨੇ ਗ਼ੈਰ ਬੈਂਕਿੰਗ ਫ਼ਾਇਨਾਂਸ ਕੰਪਨੀਆਂ ਵੱਲੋਂ ਆਰ.ਬੀ.ਆਈ. ਦੇ ਨਾਂਅ ਦੀ ਦੁਰਵਰਤੋਂ ਕਰਨ ‘ਤੇ ਨਜ਼ਰ ਰੱਖਣ ਲਈ ਕਿਹਾ

Reserve Bank of India

ਏ.ਡੀ.ਸੀ ਵਿਕਾਸ ਨੇ ਐਸ.ਐਸ.ਪੀ. ਨੂੰ ਲਿਖਿਆ ਪੱਤਰ, ਲੁਧਿਆਣਾ ਦੀਆਂ ਤਿੰਨ ਕੰਪਨੀਆਂ ‘ਤੇ ਰਹੇਗੀ ਨਜ਼ਰ

ਪਟਿਆਲਾ, (ਸੱਚ ਕਹੂੰ ਨਿਊਜ)। ਭਾਰਤੀ ਰਿਜ਼ਰਵ ਬੈਂਕ (Reserve Bank of India) ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਇੱਕ ਪੱਤਰ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੂੰ ਲਿਖ ਕੇ ਕਿਹਾ ਹੈ ਕਿ ਗ਼ੈਰ ਬੈਂਕਿੰਗ ਫ਼ਾਇਨਾਂਸ ਕੰਪਨੀਆਂ, ਜਿਹੜੀਆਂ ਕਿ ਭਾਰਤੀ ਰਿਜ਼ਰਵ ਬੈਂਕ ਨਾਲ ਰਜਿਸਟਰਡ ਨਹੀਂ ਹਨ ਪਰੰਤੂ ਉਹ ਆਰ.ਬੀ.ਆਈ. ਦਾ ਨਾਮ ਵਰਤ ਰਹੀਆਂ ਹਨ, ‘ਤੇ ਨਜ਼ਰ ਰੱਖੀ ਜਾਵੇ।

ਪੱਤਰ ਮੁਤਾਬਕ ਗ਼ੈਰ ਬੈਕਿੰਗ ਫ਼ਾਇਨਾਂਸ ਕੰਪਨੀਆਂ ਨੇ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੰਮ ਕਰਨਾ ਹੁੰਦਾ ਹੈ ਅਤੇ ਆਪਣੀ ਰਿਪੋਰਟ ਆਰ.ਬੀ.ਆਈ. ਨੂੰ ਦੇਣੀ ਹੁੰਦੀ ਹੈ ਪਰੰਤੂ ਕੁਝ ਅਜਿਹੀਆਂ ਕੰਪਨੀਆਂ ਵੱਲੋਂ ਆਰ.ਬੀ.ਆਈ. ਦੀਆਂ ਹਦਾਇਤਾਂ ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੀਆਂ ਕੰਪਨੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਨਾਂਅ ਦੀ ਦੁਰਵਰਤੋਂ ਕਰਨ ਨੂੰ ਵਰਜਿਆ ਗਿਆ ਹੈ ਤਾਂ ਕਿ ਉਹ ਆਰ.ਬੀ.ਆਈ. ਦੇ ਨਾਂਅ ਦੀ ਗ਼ਲਤ ਢੰਗ ਨਾਲ ਵਰਤੋਂ ਕਰਕੇ ਲੋਕਾਂ ਨੂੰ ਮੁਨਾਫ਼ੇ ਦਾ ਝਾਂਸਾ ਦੇ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨਾ ਠੱਗ ਸਕਣ।

ਏ.ਡੀ.ਸੀ. (ਵਿਕਾਸ) ਵੱਲੋਂ ਲਿਖੇ ਪੱਤਰ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ ਲੁਧਿਆਣਾ ਦੀਆਂ ਤਿੰਨ ਕੰਪਨੀਆਂ ਦੀਆਂ ਰਜਿਸਟ੍ਰੇਸ਼ਨ ਲਈ ਲਗਾਈਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ, ਇਨ੍ਹਾਂ ਵਿੱਚ ਏਕਜੋਤ ਐਡਵਾਂਸ ਲਿਮਟਿਡ, ਅਧੀਨਾਥ ਇਨਵੈਸਟਮੈਂਟ ਐਂਡ ਟ੍ਰੇਡਿੰਗ ਕੰਪਨੀ (ਅਧਿਸ਼ੇਵਰ ਇੰਟਰਪ੍ਰਾਈਜਜ਼) ਅਤੇ ਸਟੈਨਚਾਰਟ ਸੀਕਿਊਰਟੀਜ਼ ਪ੍ਰਾਈਵੇਟ ਲਿਮਟਿਡ ਲੁਧਿਆਣਾ ਸ਼ਾਮਲ ਹਨ। ਉਕਤ ਤਿੰਨੇ ਕੰਪਨੀਆਂ, ਜਿਹੜੀਆ ਕਿ ਆਪਣੇ ਇਲਾਕੇ ਵਿੱਚ ਕਾਰੋਬਾਰ ਕਰ ਸਕਦੀਆਂ ਹਨ, ਵੱਲੋਂ ਭਾਰਤੀ ਰਿਜ਼ਰਵ ਬੈਂਕ ਦਾ ਨਾਮ ਗ਼ਲਤ ਤਰੀਕੇ ਨਾ ਵਰਤਣ, ‘ਤੇ ਪੁਲਿਸ ਨੂੰ ਨਿਗਰਾਨੀ ਕਰਨ ਲਈ ਕਿਹਾ ਹੈ।

ਏ.ਡੀ.ਸੀ. ਵਿਕਾਸ ਨੇ ਇਸ ਪੱਤਰ ਨਾਲ ਡਾਇਰੈਕਟੋਰੇਟ ਆਫ਼ ਇੰਸਟੀਚਿਊਸ਼ਨਲ ਫਾਇਨਾਂਸ ਐਂਡ ਬੈਕਿੰਗ ਪੰਜਾਬ, ਚੰਡੀਗੜ੍ਹ ਵੱਲੋਂ ਲਿਖਿਆ ਪੱਤਰ ਵੀ ਭੇਜਿਆ ਗਿਆ ਹੈ ਤਾਂ ਕਿ ਭੋਲੇ-ਭਾਲੇ ਲੋਕਾਂ ਨਾਲ ਵਿੱਤੀ ਠੱਗੀ ਨਾ ਵੱਜੇ, ਇਸ ਲਈ ਗ਼ੈਰ ਬੈਕਿੰਗ ਫਾਇਨਾਂਸ ਕੰਪਨੀਆਂ ‘ਤੇ ਨਿਗਰਾਨੀ ਰੱਖੀ ਜਾਵੇ। ਕਿਉਂਕਿ ਅਜਿਹੀਆਂ ਕੰਪਨੀਆਂ ਵੱਲੋਂ ਭਾਰਤੀ ਰਿਜ਼ਰਵ ਬੈਂਕ ਦਾ ਨਾਮ ਵਰਤਕੇ ਲੁਭਾਉਣੀਆਂ ਸਕੀਮਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਆਮ ਲੋਕਾਂ ਨੂੰ ਵੱਧ ਮੁਨਾਫ਼ਾ ਦੀਆਂ ਰਿਟਰਨਜ ਦਾ ਝਾਂਸਾ ਦੇ ਕੇ ਲੋਕਾਂ ਦੇ ਰੁਪਏ ਠੱਗੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।