ਰਿਪੋਰਟ ਕਾਂਗਰਸ ਦੀ, ਸਿਰਫ ਦਸਤਖ਼ਤ ਰਣਜੀਤ ਸਿੰਘ ਦੇ

Report, Congress, Signed, Ranjit Singh

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਉਠਾਏ ਸਵਾਲ | Justice Ranjit Singh

  • ਘੱਟ ਸਮਾਂ ਮਿਲਣ ਤੋਂ ਨਰਾਜ਼ ਹੋਏ ਅਕਾਲੀ, ਸਦਨ ਦਾ ਵਾਕ ਆਊਟ ਕਰਕੇ ਚਲਾਇਆ ‘ਮੌਕ’ ਸੈਸ਼ਨ
  • ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਲਈ ਅਕਾਲੀਆਂ ਨੂੰ ਮਿਲੇ ਸਨ ਸਿਰਫ਼ 14 ਮਿੰਟ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ)। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਹਿਸ ਲਈ ਸਿਰਫ਼ 14 ਮਿੰਟਾਂ ਦਾ ਹੀ ਸਮਾਂ ਮਿਲਣ ‘ਤੇ ਨਰਾਜ਼ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਸਦਨ ਦੇ ਅੰਦਰ ਨਾ ਸਿਰਫ਼ ਪੂਰੀ ਤਰ੍ਹਾਂ ਹੰਗਾਮਾ ਕੀਤਾ, ਸਗੋਂ ਸਦਨ ਦੀ ਕਾਰਵਾਈ ਦਾ ਵਾਕ ਆਉਟ ਕਰਦੇ ਹੋਏ ਬਾਹਰ ਆ ਕੇ ਆਪਣਾ ਵੱਖਰਾ ਮੌਕ ਸੈਸ਼ਨ ਵੀ ਸ਼ੁਰੂ ਕਰ ਦਿੱਤਾ। ਜਿੱਥੇ ਕਿ ਕਈ ਮਤੇ ਪਾਸ ਕਰਦੇ ਹੋਏ ਜਸਟਿਸ ਰਣਜੀਤ ਸਿੰਘ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰ ਦਿੱਤੀ ਗਈ।

ਮੌਕ ਸੈਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਿੱਖਾਂ ਨਾਲ ਧੋਖਾ ਹੈ, ਕਿਉਂਕਿ ਇਸ ਰਿਪੋਰਟ ਵਿੱਚ ਤਾਂ ਸਿਰਫ਼ ਸਿਆਸੀ ਬਦਲਾਖ਼ੋਰੀ ਸਬੰਧੀ ਹੀ ਕਹਾਣੀ ਤਿਆਰ ਕੀਤੀ ਗਈ ਹੈ, ਜਿਹੜੀ ਕਿ ਨਾ ਹੀ ਕਦੇ ਹੋਈ ਹੈ ਅਤੇ ਨਾ ਹੀ ਕਿਸੇ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਹਰ ਕਿਸੇ ਨੇ ਪੜ੍ਹੀ ਹੈ, ਕੋਈ ਵੀ ਇੱਕ ਥਾਂ ਦੱਸ ਦੇਵੇ, ਜਿੱਥੇ ਕਿ ਇਹ ਕਿਹਾ ਹੋਵੇ ਕਿ ਇਹ ਸਬੂਤ ਹਨ। (Justice Ranjit Singh)

ਇਸ ਰਿਪੋਰਟ ਵਿੱਚ ਹਰ ਥਾਂ ‘ਤੇ ਹੀ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸੁਣਿਆ ਹੈ ਜਾਂ ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਹੈ। ਇਸ ਰਿਪੋਰਟ ਵਿੱਚ ਕਿਸੇ ਦੇ ਨਾਂਅ ਦਾ ਹੀ ਜਿਕਰ ਹੀ ਨਹੀਂ ਹੈ। ਇਸ ਰਿਪੋਰਟ ਵਿੱਚ ਹਿੰਮਤ ਸਿੰਘ ਅਤੇ ਇੱਕ ਹੋਰ ਗਵਾਹ ਦਾ ਜਿਕਰ ਹੈ, ਇਨ੍ਹਾਂ ਦੋਵਾਂ ਗਵਾਹਾਂ ਨੇ ਰਣਜੀਤ ਸਿੰਘ ਦੀ ਰਿਪੋਰਟ ਦੀਆਂ ਧੱਜੀਆਂ ਉਡਾਉਂਦੇ ਹੋਏ ਬਿਆਨਾਂ ਨੂੰ ਹੀ ਝੂਠ ਕਰਾਰ ਦੇ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਆਪਣੀ ਹੀ ਰਿਪੋਰਟ ‘ਤੇ ਵਿਸ਼ਵਾਸ ਨਹੀਂ ਹੈ ਤਾਂ ਹੀ ਸਰਕਾਰ ਨੇ ਇਸ ਰਿਪੋਰਟ ਨੂੰ ਸੀਬੀਆਈ ਨੂੰ ਭੇਜਦੇ ਹੋਏ ਕਾਰਵਾਈ ਕਰਨ ਲਈ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਡੇਢ ਸਾਲਾਂ ਵਿੱਚ ਕਰੋੜਾ ਰੁਪਏ ਖ਼ਰਚ ਕੇ ਸਿਰਫ਼ ਇਹ ਦੱਸਿਆ ਕਿ ਸੂਤਰਾਂ ਰਾਹੀਂ ਇਹ ਪਤਾ ਚਲਿਆ ਜਾਂ ਫਿਰ ਉਥੇ ਇਹ ਗੱਲਬਾਤ ਚਲ ਰਹੀਂ ਸੀ। ਇਸ ਰਣਜੀਤ ਸਿੰਘ ਨੂੰ ਜਸਟਿਸ ਕਿਸ ਨੇ ਬਣਾ ਦਿੱਤਾ ਸੀ, ਜਿਸ ਨੂੰ ਇਹ ਹੀ ਨਹੀਂ ਪਤਾ ਕਿ ਰਿਪੋਰਟ ਕਿਵੇਂ ਤਿਆਰ ਕੀਤਾ ਜਾਵੇ।

ਇਹ ਵੀ ਪੜ੍ਹੋ : ਟਵਿੱਟਰ ਨੇ ਬਦਲਿਆ ਲੋਗੋ, ਨੀਲੀ ਚਿੜੀਆ ਦੀ ਥਾਂ, ਹੁਣ x ਦਾ ਨਿਸ਼ਾਨ

ਸੁਖਬੀਰ ਬਾਦਲ ਨੇ ਕਿਹਾ ਇਸ ਰਿਪੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਕੁਝ ਵੀ ਸਬੂਤ ਪੇਸ਼ ਨਹੀਂ ਕੀਤੇ ਗਏ ਹਨ ਤਾਂ ਕਿਵੇਂ ਹਵਾ ਵਿੱਚ ਹੀ ਦੋਸ਼ੀ ਬਣਾਉਣ ਲਗੇ ਹੋਏ ਹਨ। ਸੁਖਬੀਰ ਨੇ ਕਿਹਾ ਕਿ ਇਹ ਰਿਪੋਰਟ ਸੁਖਜਿੰਦਰ ਰੰਧਾਵਾ ਦੇ ਘਰ ਵਿੱਚ ਬੈਠ ਕੇ ਤਿਆਰ ਕੀਤੀ ਗਈ ਹੈ ਅਤੇ ਜਸਟਿਸ ਰਣਜੀਤ ਸਿੰਘ ਨੇ ਸਿਰਫ ਦਸਤਖ਼ਤ ਕੀਤੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਕੁਝ ਨਹੀਂ ਕੀਤਾ ਹੈ ਅਤੇ ਉਸ ‘ਤੇ ਖ਼ਰਚ ਕੀਤਾ ਗਿਆ ਪਾਈ ਪਾਈ ਖ਼ਜਾਨੇ ਵਿੱਚ ਵਿਆਜ ਸਣੇ ਜਮਾ ਕਰਵਾਉਣ ਦੇ ਨਾਲ ਹੀ ਰਣਜੀਤ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। (Justice Ranjit Singh)

ਉਨਾਂ ਕਿਹਾ ਕਿ ਰਣਜੀਤ ਸਿੰਘ ਅਤੇ ਐਸ.ਆਈ.ਟੀ. ਰਣਬੀਰ ਖਟੜਾ ਦੀ ਰਿਪੋਰਟ ਵੱਖਰੀ ਵੱਖਰੀ ਹੈ। ਰਣਬੀਰ ਖਟੜਾ ਕਹਿ ਰਹੇ ਹਨ ਕਿ ਪੁਲਿਸ ਨੇ ਬਰਗਾੜੀ ਵਿਖੇ ਸ਼ਾਂਤੀ ਮਈ ਤਰੀਕੇ ਨਾਲ ਭੂਮਿਕਾ ਨਿਭਾਈ ਹੈ ਜਦੋਂ ਕਿ ਰਣਜੀਤ ਸਿੰਘ ਵਲੋਂ ਆਪਣੀ ਰਿਪੋਰਟ ਵਿੱਚ ਕੁਝ ਹੋਰ ਲਿਖਿਆ ਹੋਇਆ ਹੈ। ਉਨਾਂ ਕਿਹਾ ਕਿ ਸੁਖਪਾਲ ਖਹਿਰਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੋਹੇ ਹੀ ਝੂਠੇ ਹਨ, ਇਸ ਲਈ ਸੁਖਜਿੰਦਰ ਰੰਧਾਵਾ ਨੂੰ ਵਿਧਾਨ ਸਭਾ ਕਮੇਟੀ ਦੀ ਅਗਵਾਈ ਦੇਣ ਦੀ ਥਾਂ ‘ਤੇ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਸੱਚ ਸਾਹਮਣੇ ਆ ਜਾਏਗਾ।

ਇਹ ਵੀ ਪੜ੍ਹੋ : ਸਿਲੰਡਰਾਂ ਨਾਲ ਭਰੀ ਗੱਡੀ ਟਾਟਾ ਐਸ ਨੂੰ ਅਚਾਨਕ ਲੱਗੀ ਅੱਗ

ਇਸ ਮੌਕੇ ਬਿਕਰਮ ਮਜੀਠਿਆ ਨੇ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ‘ਤੇ ਲਗਾਏ ਜਾ ਰਹੇ ਦੋਸ਼ ਪੂਰੀ ਤਰਾਂ ਸਿਆਸੀ ਤੌਰ ‘ਤੇ ਬਦਲਾ ਖੋਰੀ ਹੈ ਉਨਾਂ ਕਿਹਾ ਕਿ ਜੇਕਰ ਕੋਈ ਇਹ ਕਹਿੰਦਾ ਕਿ ਮੌਕੇ ‘ਤੇ ਬਾਦਲ ਸਾਹਿਬ ਸੁੱਤੇ ਪਏ ਸਨ ਅਤੇ ਰਾਤ ਨੂੰ ਉਨਾਂ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਤੱਕ ਨਹੀਂ ਕੀਤੀ ਤਾਂ ਇਨਾਂ ਨੇ ਕਹਿਣਾ ਸੀ ਕਿ ਕਿਹੋ ਜਿਹਾ ਮੁੱਖ ਮੰਤਰੀ ਹੈ, ਜਿਹੜਾ ਕਿ ਸੁੱਤਾ ਰਹਿੰਦਾ ਹੈ ਅਤੇ ਐਮਰਜੈਂਸੀ ਵਿੱਚ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਵੀ ਨਹੀਂ ਕਰਦਾ ਹੈ। ਮਜੀਠਿਆ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਸਾਹਿਬ ਨੇ ਮੌਕੇ ‘ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸ਼ਾਂਤੀ ਬਣਾਏ ਰੱਖਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਸੀ। (Justice Ranjit Singh)

ਸੀਬੀਆਈ ਤੋਂ ਬੇਅਦਬੀ ਮਾਮਲੇ ਦੀ ਜਾਂਚ ਹੋਵੇਗੀ ਵਾਪਸ, ਸਪੈਸ਼ਲ ਜਾਂਚ ਟੀਮ ਕਰੇਗੀ ਜਾਂਚ

ਚੰਡੀਗੜ। ਪੰਜਾਬ ਸਰਕਾਰ ਧਰਮ ਗ੍ਰੰਥ ਦੀ ਬੇਅਦਬੀ ਮਾਮਲਿਆਂ ਵਿੱਚ ਜਾਂਚ ਸੀਬੀਆਈ ਤੋਂ ਪੰਜਾਬ ਸਰਕਾਰ ਵਾਪਸ ਲਵੇਗੀ। ਇਸ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਕਿ ਸਦਨ ਵਿੱਚ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਜਲਦ ਹੀ ਇਸ ਸਬੰਧੀ ਕਾਰਵਾਈ ਸ਼ੁਰੂ ਕਰਦੇ ਹੋਏ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲੇ ਦੀ ਜਾਂਚ ਮੁੜ ਤੋਂ ਪੰਜਾਬ ਪੁਲਿਸ ਦੇ ਹਵਾਲੇ ਕਰ ਸਕਦੀ ਹੈ। (Justice Ranjit Singh)

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਕਿ ਸੀਬੀਆਈ ਤੋਂ ਜਾਂਚ ਵਾਪਸ ਲੈ ਕੇ ਉਸ ਸਪੈਸ਼ਲ ਜਾਂਚ ਟੀਮ ਦਾ ਗਠਨ ਕਰਨਗੇ, ਜਿਹੜੀ ਇਨਾਂ ਸਾਰੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇਗੀ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਉਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਬਰਗਾੜੀ ਅਤੇ ਬੇਅਦਬੀ ਮਾਮਲੇ ਵਿੱਚ ਉਹ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਸਭ ਤੋਂ ਜਿਆਦਾ ਬੁਜ਼ਦਿਲ ਆਦਮੀ ਹੈ ਅਤੇ ਇਸ ਦੀ ਉਮਰ ਦੀ ਲਿਹਾਜ਼ ਨਹੀਂ ਕੀਤੀ ਜਾਣੀ ਚਾਹੀਦੀ ਹੈ। ਇਹ ਹਮੇਸ਼ਾ ਹੀ ਨੌਜਵਾਨਾ ਨੂੰ ਅੱਗੇ ਕਰਕੇ ਪਿੱਛੇ ਹਟ ਜਾਂਦਾ ਸੀ। ਉਨਾਂ ਕਿਹਾ ਕਿ ਅੱਜ ਪਰਕਾਸ਼ ਸਿੰਘ ਬਾਦਲ ਬਿਮਾਰੀ ਦਾ ਬਹਾਨਾ ਕਰਕੇ ਸਦਨ ਵਿੱਚ ਨਹੀਂ ਆਇਆ ਹੈ।

ਇਹ ਵੀ ਪੜ੍ਹੋ : Eye Care Tips: ਜੇਕਰ ਤੁਸੀਂ ਬਰਸਾਤ ਦੇ ਮੌਸਮ ‘ਚ ਅੱਖਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਜਾਣੋ ਜ਼ਰੂਰੀ ਉਪਾਅ…

ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਮਾਜ ਤੋੜਨ ਦੀ ਕੋਸ਼ਸ਼ ਕੀਤੀ ਹੈ, ਕਿਉਂਕਿ ਬਰਗਾੜੀ ਤੋਂ ਇਲਾਵਾ ਹੋਰ ਵੀ 2-3 ਥਾਂ ‘ਤੇ ਧਰਨੇ ਚਲ ਰਹੇ ਸਨ ਪਰ ਇਥੇ ਹੀ ਕਾਰਵਾਈ ਕਿਉਂ ਕੀਤੀ ਗਈ। ਉਨਾਂ ਕਿਹਾ ਕਿ ਇਨਾਂ ਦੇ ਡੀ.ਜੀ.ਪੀ. ਨੇ ਹੀ ਰਿਟਾਇਰਮੈਂਟ ਦੇ ਆਖ਼ਰੀ ਦਿਨਾਂ ਵਿੱਚ ਬਿਆਨ ਦੇ ਦਿੱਤਾ ਹੈ। ਜਿਸ ਤੋਂ ਸਥਿਤੀ ਸਾਫ਼ ਹੋ ਗਈ ਹੈ। ਉਨਾਂ ਕਿਹਾ ਕਿ ਇਸ ਬਰਗਾੜੀ ਮਾਮਲੇ ਵਿੱਚ ਹਰ ਕਿਸੇ ਨੂੰ ਦੁਖ਼ ਪਹੁੰਚਾਇਆ ਹੈ। ਇਸ ਲਈ ਇਥੇ ਸਦਨ ਵਿੱਚ ਬੈਠ ਕੇ 7-8 ਘੰਟੇ ਤੋਂ ਬਹਿਸ ਕੀਤੀ ਜਾ ਰਹੀਂ ਹੈ।