ਬਾਰ੍ਹਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ

Education

ਪੀਐਸਈਬੀ ਵਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਸ਼ਿਆਂ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਸਿੱਖਿਆ ਮੰਤਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਜੋ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੁਆਰਾ 15 ਜੁਲਾਈ ਤੋਂ ਬਾਅਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਬਾਰ੍ਹਵੀਂ ਜਮਾਤ ਦੀਆਂ ਸਾਰੀਆਂ ਲੰਬਿਤ ਪ੍ਰੀਖਿਆਵਾਂ, ਓਪਨ ਸਕੂਲ ਅਤੇ ਰੀ-ਅਪੀਅਰ ਅਤੇ ਗੋਲਡਨ ਚਾਂਸ ਵਾਲੇ ਵਿਦਿਆਰਥੀਆਂ ਸਮੇਤ ਕਈ ਹੋਰ ਸ੍ਰੇਣੀਆਂ ਦੀਆਂ ਸਾਰੀਆਂ ਰਹਿੰਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਇਹ ਫੈਸਲਾ ਕੋਵਿਡ -19 ਮਹਾਂਮਾਰੀ ਫੈਲਣ ਕਾਰਨ ਪੈਦਾ ਹੋਈ ਸੰਕਟਕਾਲੀ ਸਥਿਤੀ ਦੇ ਮੱਦੇਨਜਰ ਲਿਆ ਗਿਆ ਹੈ।

ਉਨਾਂ ਕਿਹਾ ਕਿ ਹੁਣ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਸ਼ਿਆਂ ਦੇ ਆਧਾਰ ‘ਤੇ ਨਤੀਜਾ ਐਲਾਨਿਆ ਜਾਵੇਗਾ ਕਿਉਂਕਿ ਕੁਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਪੀਐਸਈਬੀ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ ਲਈਆਂ ਜਾ ਚੁੱਕੀਆਂ ਹਨ।

ਸਿੰਗਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਦਾਹਰਣ ਵਜੋਂ ਜੇ ਕੋਈ ਵਿਦਿਆਰਥੀ ਸਿਰਫ 3 ਵਿਸ਼ਿਆਂ ਵਿੱਚ ਪ੍ਰੀਖਿਆਵਾਂ ਦੇ ਚੁੱਕਾ ਹੈ ਤਾਂ ਬਾਕੀ ਰਹਿੰਦੇ 2 ਵਿਸ਼ਿਆਂ( ਜਿਨਾਂ ਦੀਆਂ ਪ੍ਰੀਖਿਆਵਾਂ ਨਹੀਂ ਹੋਈਆਂ)  ਦੇ ਅੰਕ , ਵਧੀਆ ਪ੍ਰਦਰਸ਼ਨ  ਵਿਸ਼ੇ ਵਿੱਚ ਪ੍ਰਾਪਤ ਕੀਤੇ ਅੰਕਾਂ ਦੀ ਔਸਤ ਦੇ ਆਧਾਰ ‘ਤੇ ਦਿੱਤੇ ਜਾਣਗੇ। ਉਨਾਂ ਨੇ ਅੱਗੇ ਕਿਹਾ ਕਿ ਪ੍ਰੈਕਟੀਕਲ ਵਿਸ਼ਿਆਂ ਦੇ ਅੰਕ ਅਤੇ ਨੌਕਰੀ ਦੀ ਸਿਖਲਾਈ ‘ਤੇ, ਕਿੱਤਾਮੁਖੀ ਵਿਸ਼ਿਆਂ ਲਈ ਵੀ ਇਸੇ ਆਧਾਰ ‘ਤੇ ਦਿੱਤੇ ਜਾਣਗੇ।

ਸਿੰਗਲਾ ਨੇ ਕਿਹਾ ਕਿ ਓਪਨ ਸਕੂਲ ਵਿਦਿਆਰਥੀਆਂ ਦੇ ਮਾਮਲੇ ਵਿੱਚ ਬੋਰਡ ਪਿਛਲੀਆਂ ਪ੍ਰੀਖਿਆਵਾਂ ਵਿੱਚ ਲਏ ਅੰਕਾਂ ਦੇ ਆਧਾਰ ‘ਤੇ ‘ਤੇ ਨਤੀਜਿਆਂ ਦਾ ਐਲਾਨ ਕਰੇਗਾ ਅਤੇ ਉਨਾਂ ਵੱਲੋਂ ਪਹਿਲੇ ਸੈਸ਼ਨਾਂ ਵਿੱਚ ਪਾਸ ਕੀਤੇ ਵਿਸ਼ਿਆਂ (ਕਰੈਡਿਟ ਕੈਰੀ ਫਾਰਮੂਲੇ) ਵਿੱਚੋਂ ਪਾ੍ਰਪਤ ਕੀਤੇ ਅੰਕਾਂ ਦੇ ਆਧਾਰ ‘ਤੇ ਔਸਤ ਅੰਕ ਦਿੱਤੇ ਜਾਣਗੇ।

PSEB, Practical, English

ਕੈਬਨਿਟ ਮੰਤਰੀ ਨੇ ਕਿਹਾ ਕਿ ਰੀਅਪੀਅਰ ਜਾਂ ਕੰਪਾਰਮੈਂਟ ਲਈ ਪੀ.ਐਸ.ਈ.ਬੀ. ਦੇ ਗੋਲਡਨ/ਫਾਈਨਲ ਚਾਂਸ ਲਈ ਜਿਨਾਂ ਵਿਦਿਆਰਥੀਆਂ ਨੇ ਇਮਤਿਹਾਨ ਵਿੱਚ ਬੈਠਣਾ ਸੀ ਨੂੰ ਵੀ ਉਨਾਂ ਵੱਲੋਂ ਪਹਿਲਾਂ ਪਾਸ ਕੀਤੇ ਗਏ ਵਿਸ਼ਿਆਂ ਦੇ ਆਧਾਰ ‘ਤੇ ਔਸਤ ਅੰਕ ਦਿੱਤੇ ਜਾਣਗੇ।

ਉਨਾਂ ਕਿਹਾ ਕਿ ਜਿਨਾ ਵਿਦਿਆਰਥੀਆਂ ਕੋਲ ਡਵੀਜ਼ਨ ਵਿੱਚ ਸੁਧਾਰ ਕਰਨ ਜਾਂ ਰੀਅਪੀਅਰ ਲਈ ਮੌਕਾ ਪਿਆ ਹੈ, ਉਹ ਸਿਰਫ ਇੱਕ ਪੇਪਰ ਜੋ ਨਹੀਂ ਹੋਇਆ ਲਈ ਫੀਸ ਜਮਾ ਕਰਵਾਉਣਗੇ ਅਤੇ ਉਨਾਂ ਨੂੰ ਬਿਨਾ  ਵਾਧੂ ਫੀਸ ਦਿੱਤੇ ਭਵਿਖ ਵਿੱਚ ਇਮਤਿਹਾਨ ਦੇਣ ਲਈ ਵਾਧੂ ਮੌਕਾ ਦਿੱਤਾ ਜਾਵੇਗਾ। ਆਮ ਵਰਗੇ ਹਾਲਤ ਹੋਣ ਤੋਂ ਬਾਅਦ ਇਸ ਵਾਸਤੇ ਵੱਖਰੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ