ਲਛਮਣ ਗੁਪਤਾ
ਫ਼ਰੀਦਕੋਟ, 21 ਦਸੰਬਰ
ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ।
ਜਾਣਕਾਰੀ ਅਨੁਸਾਰ ਭਾਰਤੀ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਇਸ ਬਾਲ ਦਾ ਘਰ ਲੱਭ ਲਿਆ। ਸੂਤਰਾਂ ਅਨੁਸਾਰ ਹੁਸੈਨ ਜਾਵੇਦ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਹ ਘਰ ਦੇ ਸਾਹਮਣੇ ਇੱਕ ਵਰਕਸ਼ਾਪ ‘ਤੇ ਮਜ਼ਦੂਰੀ ਕਰਦਾ ਸੀ ਜਿੱਥੋਂ ਉਹ 1 ਮਈ ਨੂੰ ਲਾਪਤਾ ਹੋ ਗਿਆ ਸੀ। ਜਾਵੇਦ ਦਾ ਇੱਕ ਭਰਾ ਅਤੇ ਪੰਜ ਭੈਣਾਂ ਹਨ। ਜਾਵੇਦ ਦੀ ਇੱਕ ਭੈਣ ਵੀ ਸੁਨਣ-ਬੋਲਣ ਤੋਂ ਅਸਮਰੱਥ ਹੈ।
ਪਾਕਿਸਤਾਨ ਦੇ ਚਾਇਲਡ ਪ੍ਰੋਟੈਕਸ਼ਨ ਅਤੇ ਵੈਲਫੇਅਰ ਬਿਊਰੋ ਦੀ ਚੇਅਰਪਰਸਨ ਸਾਬਾ ਸਦੀਕ ਨੇ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਤੋਂ ਬਾਅਦ ਹੁਸੈਨ ਜਾਵੇਦ ਦੇ ਘਰ ਦਾ ਦੌਰਾ ਕੀਤਾ ਅਤੇ ਉਸ ਦੀ ਮਾਂ ਇਸ਼ਰਤ ਬੀਬੀ ਅਤੇ ਪਿਤਾ ਇਕਬਾਲ ਹੁਸੈਨ ਨੂੰ ਭਰੋਸਾ ਦਿੱਤਾ ਕਿ ਜਾਵੇਦ ਦੀ ਜਲਦ ਹੀ ਰਿਹਾਈ ਹੋ ਜਾਵੇਗੀ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਜਾਵੇਦ ਦੇ ਮਾਤਾ-ਪਿਤਾ ਨੂੰ ਭਾਰਤ ਦਾ ਵੀਜ਼ਾ ਦੇ ਦਿੱਤਾ ਗਿਆ ਹੈ ਅਤੇ ਉਸ ਦੀ ਰਿਹਾਈ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ।
ਇਸੇ ਦਰਮਿਆਨ ਪਤਾ ਲੱਗਾ ਹੈ ਕਿ ਹੁਸੈਨ ਜਾਵੇਦ ਇਕਬਾਲ ਨੂੰ 22 ਦਸੰਬਰ ਨੂੰ ਵਾਹਗਾ, ਅੰਮ੍ਰਿਤਸਰ ਵਿਖੇ ਭਾਰਤ ਪਾਕਿਸਤਾਨੀ ਸਰਹੱਦ ‘ਤੇ ਲਜਾਇਆ ਜਾਵੇਗਾ ਜਿੱਥੇ ਉਸ ਦੇ ਮਾਤਾ ਪਿਤਾ ਵੱਲੋਂ ਉਸ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਹਾਈ ਕਮਿਸ਼ਨ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੀ ਜਾਵੇਦ ਇਕਬਾਲ ਨੂੰ ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ।
ਜਾਣਕਾਰੀ ਅਨੁਸਾਰ ਹੁਸੈਨ ਜਾਵੇਦ 1 ਮਈ 2017 ਨੂੰ ਆਪਣੇ ਘਰੋਂ ਲਾਪਤਾ ਹੋ ਗਿਆ ਅਤੇ 2 ਮਈ ਨੂੰ ਲਾਹੌਰ ਦੇ ਥਾਣਾ ਸ਼ਬਦਬਾਗ ਵਿੱਚ ਹੁਸੈਨ ਜਾਵੇਦ ਦੇ ਗੁੰਮ ਹੋਣ ਬਾਰੇ ਸੂਚਨਾ ਦਿੱਤੀ ਗਈ ਸੀ। ਇਸ ਪਾਕਿਸਤਾਨੀ ਬਾਲ ਕੈਦੀ ਖਿਲਾਫ਼ ਜੁਵਨਾਇਲ ਜਸਟਿਸ ਬੋਰਡ ਵੱਲੋਂ ਜਾਵੇਦ ਦੇ ਕੇਸ ਦਾ ਨਿਪਟਾਰਾ ਕਰਦੇ ਹੋਏ ਉਸ ਨੂੰ ਬਰੀ ਕਰਨ ਦੀ ਸੂਚਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।