Punjab Bandh Tomorrow: ਸੜਕ ਤੋਂ ਲੈ ਕੇ ਰੇਲ ਮਾਰਗ ਰਹਿਣਗੇ ਠੱਪ
- ਵਪਾਰਕ ਅਦਾਰੇ, ਦੁਕਾਨਾਂ, ਸਰਕਾਰੀ ਗੈਰ ਸਰਕਾਰੀ ਦਫ਼ਤਰ ਸਮੇਤ ਹਰੇਕ ਕਾਰੋਬਾਰ ਰਹੇਗਾ ਬੰਦ: ਸਰਵਣ ਪੰਧੇਰ
Punjab Bandh Tomorrow: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੀਆ ਮੰਗਾਂ ਸਬੰਧੀ ਸ਼ੰਭੂ ਅਤੇ ਢਾਬੀ ਗੁੱਜਰਾ ਬਾਰਡਰ ’ਤੇ ਬੈਠੇ ਕਿਸਾਨਾਂ ਵੱਲੋਂ 30 ਦਸੰਬਰ ਨੂੰ ਮੁਕੰਮਲ ਤੌਰ ’ਤੇ ਪੰਜਾਬ ਬੰਦ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਸੜਕੀ ਤੇ ਰੇਲ ਮਾਰਗ ਪੂਰੀ ਤਰ੍ਹਾਂ ਬੰਦ ਰਹਿਣਗੇ, ਇਸ ਲਈ ਉਹ ਘਰਾਂ ਵਿੱਚੋਂ ਨਾ ਨਿਕਲਣ ਤੇ ਪੰਜਾਬ ਬੰਦ ਵਿੱਚ ਆਪਣਾ ਯੋਗਦਾਨ ਪਾਉਣ। ਪੰਜਾਬ ਬੰਦ ਦੌਰਾਨ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਜਾਣਗੀਆਂ।
Read Also : Bathinda Bus Accident: ਬਠਿੰਡਾ ਬੱਸ ਹਾਦਸੇ ’ਚ ਫਾਜ਼ਿਲਕਾ ਦੀ ਲੜਕੀ ਦੀ ਮੌਤ
ਜਾਣਕਾਰੀ ਅਨੁਸਾਰ ਪੰਜਾਬ ਬੰਦ ਦੀ ਸਫ਼ਲਤਾ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਜਥੇਬੰਦੀਆਂ ਵੱਲੋਂ ਇਸ ਬੰਦ ਵਿੱਚ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 30 ਦਸੰਬਰ ਨੂੰ ਪੂਰੇ ਪੰਜਾਬ ਅੰਦਰ ਸਵੇਰ ਤੋਂ ਹੀ ਰੇਲ ਤੇ ਸੜਕੀ ਅਵਾਜਾਈ ਠੱਪ ਰਹੇਗੀ। ਇਸ ਦੇ ਨਾਲ ਹੀ ਵਪਾਰਕ ਅਦਾਰੇ, ਦੁਕਾਨਾਂ, ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ, ਨਿੱਜੀ ਵਹੀਕਲ, ਪੈਟਰੋਲ ਪੰਪ, ਗੈਸ ਏਜੰਸੀਆਂ ਆਦਿ ਹਰ ਕਾਰੋਬਾਰ ਦੇ ਸਟਰ ਬੰਦ ਰਹਿਣਗੇ। Punjab Bandh Tomorrow
300 ਤੋਂ ਵੱਧ ਥਾਵਾਂ ’ਤੇ ਬੰਦ ਦੌਰਾਨ ਹੋਣਗੇ ਧਰਨੇ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ ਸਵੇਰੇ ਵੇਲੇ ਕਿਸਾਨਾਂ ਵੱਲੋਂ ਸਬਜੀ ਤੇ ਦੁੱਧ ਆਦਿ ਵੀ ਨਹੀਂ ਭੇਜਿਆ ਜਾਵੇਗਾ ਤੇ ਬੰਦ ਤੋਂ ਬਾਅਦ ਸ਼ਾਮ ਨੂੰ ਜਾਂ ਫ਼ਿਰ ਅਗਲੇ ਦਿਨ ਸਵੇਰੇ ਇਹ ਸਮਾਨ ਮੁਹੱਈਆ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 300 ਦੇ ਕਰੀਬ ਥਾਵਾਂ ’ਤੇ ਬੰਦ ਦੇ ਪ੍ਰਦਰਸ਼ਨ ਹੋਣਗੇ ਤੇ ਇਸ ਦਿਨ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਸੱਟ ਮਾਰਨ ਲਈ ਪੰਜਾਬ ਦੇ ਲੋਕ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਬੰਦ ਨੂੰ ਸਫ਼ਲ ਬਣਾਉਣ ਲਈ ਹਰੇਕ ਜਥੇਬੰਦੀ ਨਾਲ ਮੀਟਿੰਗ ਹੋ ਚੁੱਕੀ ਹੈ। ਇੱਧਰ ਬਜ਼ਾਰਾਂ ਆਦਿ ਵਿੱਚ ਵੀ ਕਿਸਾਨਾਂ ਵੱਲੋਂ ਲਾਊਡ ਸਪੀਕਰਾਂ ਰਾਹੀਂ ਪੰਜਾਬ ਬੰਦ ਸਬੰਧੀ ਦੁਕਾਨਦਾਰ ਭਾਈਚਾਰੇ ਨੂੰ ਅਪੀਲ ਸਮੇਤ ਆਮ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਪਟਿਆਲਾ ਸ਼ਹਿਰ ਅੰਦਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਗੱਡੀਆਂ ੳੁੱਪਰ ਲਾਏ ਸਪੀਕਰਾਂ ਰਾਹੀਂ 30 ਨੂੰ ਪੰਜਾਬ ਬੰਦ ਬਾਰੇ ਜਾਣਕਾਰੀ ਦਿੱਤੀ ਗਈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਹਮਾਇਤ | Punjab Bandh Tomorrow
ਪਟਿਆਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ 30 ਦਸੰਬਰ ਦੇ ਪੰਜਾਬ ਬੰਦ ਦਾ ਸਮਰਥਨ ਕਰਦੀ ਹੈ ਤੇ ਪੰਜਾਬ ਦੇ ਲੋਕਾਂ ਤੇ ਤਮਾਮ ਜਥੇਬੰਦੀਆਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਪੀਲ ਕਰਦੀ ਹੈ ਕਿ 30 ਦਸੰਬਰ ਦੇ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਇੱਕਜੁੱਟ ਹੋਣ ਡਾ. ਦਰਸ਼ਨ ਪਾਲ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਇਕਾਈਆਂ ਹਨ ਉਹ ਇਸ ਬੰਦ ਵਿੱਚ ਆਪਣੀ ਯੋਗਤਾ ਤੇ ਸਮਰੱਥਾ ਮੁਤਾਬਿਕ ਆਪਣੇ ਤੌਰ ’ਤੇ ਹਿੱਸਾ ਪਾਉਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਸ ਬੰਦ ਨੂੰ ਸ਼ਾਂਤਮਈ ਤਰੀਕੇ ਨਾਲ ਕਾਮਯਾਬ ਕੀਤਾ ਜਾਵੇ।
ਐਮਰਜੈਂਸੀ ਸੇਵਾਵਾਂ ਰਹਿਣੀਆਂ ਬਹਾਲ
ਪੰਜਾਬ ਬੰਦ ਦੌਰਾਨ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ ਜਾਵੇਗਾ। ਇਨ੍ਹਾਂ ’ਚ ਐਬੂਲੈਂਸ ਸੇਵਾ, ਮੈਡੀਕਲ ਸੇਵਾ, ਏਅਰਪੋਰਟ ਸੇਵਾ, ਨੌਕਰੀਪੇਸ਼ਾ ਲਈ ਇੰਟਰਵਿਊ, ਵਿਆਹ ਕਾਰਜ ਆਦਿ ਨੂੰ ਨਹੀਂ ਰੋਕਿਆ ਜਾਵੇਗਾ। ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਅਜਿਹੀਆਂ ਸੇਵਾਵਾਂ ਨੂੰ ਪਹਿਲ ਦੇ ਅਧਾਰ ’ਤੇ ਰਸਤੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਾਕੀ ਸਭ ਕੁਝ ਪੂਰਨ ਤੌਰ ’ਤੇ ਬੰਦ ਰੱਖਿਆ ਜਾਵੇਗਾ।