ਰੈਪੋ ਦਰਾਂ ‘ਚ ਵਾਧਾ, ਵਧ ਸਕਦੀ ਹੈ ਤੁਹਾਡੀ ਈਐਮਆਈ
ਨਵੀਂ ਦਿੱਲੀ, (ਏਜੰਸੀ)। ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਮਹਿੰਗਾਈ ਵਧਣ ਦੀ ਚਿੰਤਾ ਦੇ ਮੱਦੇਨਜ਼ਰ ਆਰਬੀਆਈ ਨੇ ਨੀਤੀਗਤ ਦਰਾਂ ‘ਚ 0.25 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਕਰੰਸੀ ਨੀਤੀ ਕਮੇਟੀ ਦੀ ਦੂਜੀ ਮਹੀਨਾ ਸਮੀਖਿਆ ਮੀਟਿੰਗ ਤੋਂ ਬਾਅਦ ਰੈਪੋ ਰੇਟ ‘ਚ ਤੇ ਰਿਵਰਸ ਰੈਪੋ ਦਰ ‘ਚ 0.25 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ, ਜਦੋਂਕਿ ਸੀਆਰਆਰ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਰਿਵਰਸ ਰੈਪੋ ਰੇਟ ਹੁਣ 6 ਫੀਸਦੀ ਹੋ ਗਈ ਹੈ ਤਾਂ ਰੈਪੋ ਰੋਟ ਵਧ ਕੇ 6.25 ਫੀਸਦੀ ਹੋ ਗਈ ਹੈ। 2014 ‘ਚ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ। ਜਦੋਂਕਿ ਨੀਤੀਗਤ ਦਰਾਂ ‘ਚ ਵਾਧਾ ਕੀਤਾ ਗਿਆ ਹੈ।
ਆਰੀਬੀਆਈ ਦੇ ਇਸ ਕਦਮ ਨਾਲ ਕਰਜ਼ੇ ਮਹਿੰਗੇ ਹੋ ਜਾਣਗੇ ਤੇ ਤੁਹਾਡੀ ਈਐਮਆਈ ਵਧ ਜਾਵੇਗੀ। ਆਰਬੀਆਈ ਨੇ 2018-19 ਦੀ ਪਹਿਲੀ ਛਿਮਾਹੀ ਲਈ ਖੁਦਰਾ ਮੁਦਰਾਸਫੀਤੀ ਦੇ ਅਨੁਮਾਨ ਨੂੰ ਸੋਧ ਕੇ 4.8-4.9 ਫੀਸਦੀ ਤੇ ਦੂਜੀ ਛਿਮਾਹੀ ਲਈ 4.7 ਫੀਸਦੀ ਕੀਤਾ। ਵਿੱਤ ਵਰ੍ਹੇ 2019 ਦੇ ਲਈ ਜੀਡੀਪੀ ਵਾਧਾ ਅਨੁਮਾਨ 7.4 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਸਾਰੇ ਐਮਪੀਸੀ ਮੈਂਬਰਾਂ ਨੇ ਦਰਾਂ ‘ਚ ਵਾਧੇ ਦੇ ਪੱਖ ‘ਚ ਵੋਟ ਕੀਤਾ। ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਮੈਨਿਊਫੈਕਰਿੰਗ ਸੈਕਟਰ ਦੀ ਸਮਰੱਥਾ ਵਧੀ ਹੈ। ਗ੍ਰਾਮੀਣ ਤੇ ਸ਼ਹਿਰੀ ਇਲਾਕਿਆਂ ‘ਚ ਖਪਤ ਵਧ ਰਹੀ ਹੈ ਮਾਨਸੂਨ ਚੰਗਾ ਰਹਿਣ ਦਾ ਅਨੁਮਾਨ ਹੈ, ਇਸ ਲਈ ਪੈਦਾਵਾਰ ਚੰਗੀ ਹੋਣ ਦੀ ਉਮੀਦ ਹੈ।
ਰਿਵਰਸ ਰੈਪੋ ਰੇਟ ਦਾ ਹੁੰਦਾ ਹੈ ਇਹ ਮਤਲਬ
ਨਾਂਅ ਦੇ ਹੀ ਅਨੁਸਾਰ ਰਿਵਰਸ ਰੈਪੋ ਦਰ ਉੱਪਰ ਦੱਸੀ ਗਈ ਰੈਪੋ ਦਰ ਤੋਂ ਉਲਟ ਹੁੰਦੀ ਹੈ ਬੈਂਕਾਂ ਕੋਲ ਦਿਨ ਭਰ ਦੇ ਕੰਮਕਾਜ ਤੋਂ ਬਾਅਦ ਬਹੁਤ ਵਾਰ ਇੱਕ ਵੱਡੀ ਰਕਮ ਬਾਕੀ ਬਚ ਜਾਂਦੀ ਹੈ। ਬੈਂਕ ਇਹ ਰਕਮ ਆਪਣੇ ਕੋਲ ਰੱਖਣ ਦੀ ਬਜਾਇ ਰਿਜ਼ਰਵ ਬੈਂਕ ‘ਚ ਰੱਖ ਸਕਦੇ ਹਨ, ਜਿਸ ‘ਤੇ ਉਨ੍ਹਾਂ ਨੂੰ ਰਿਜ਼ਰਵ ਬੈਂਕ ਤੋਂ ਵਿਆਜ਼ ਵੀ ਮਿਲਦਾ ਹੈ, ਜਿਸ ਦਰ ‘ਤੇ ਇਹ ਵਿਆਜ਼ ਦਰ ਮਿਲਦਾ ਹੈ, ਉਸ ਨੂੰ ਰਿਵਰਸ ਰੈਪੋ ਦਰ ਕਹਿੰਦੇ ਹਨ। ਰੈਪੋ ਰੇਟ ਵਧਣ ਨਾਲ ਤੁਹਾਡੀ ਈਐਮਆਈ ‘ਚ ਵੀ ਵਾਧਾ ਹੋਣ ਦੇ ਅਸਾਰ ਹਨ ਬੈਂਕ ਹੁਣ ਕਾਰ ਲੋਨ, ਹੋਮ ਲੋਨ ਵਰਗੇ ਕਰਜ਼ੇ ‘ਤੇ ਵਿਆਜ਼ ਦਰਾਂ ਵਧਾ ਸਕਦੇ ਹਨ।