Punjab News: ਕੱਚੇ ਕਾਮੇ ਸਰਕਾਰ ਖਿਲਾਫ਼ ਭੜਕੇ, ਦੋ ਘੰਟਿਆਂ ਲਈ ਪੰਜਾਬ ਭਰ ਦੇ ਮੁੱਖ ਬੱਸ ਅੱਡੇ ਕੀਤੇ ਬੰਦ

Punjab News
ਪਟਿਆਲਾ: ਲਗਾਏ ਧਰਨੇ ਦੌਰਾਨ ਨਾਅਰੇਬਾਜੀ ਕਰਦੇ ਹੋਏ ਪੀਆਰਟੀਸੀ ਦੇ ਮੁਲਾਜਮ।

ਆਮ ਲੋਕ ਬੱਸ ਅੱਡਿਆਂ ’ਤੇ ਹੁੰਦੇ ਰਹੇ ਖੱਜਲ ਖੁਆਰ, ਹੜਤਾਲ ਖਤਮ ਹੋਣ ਦਾ ਕਰਦੇ ਰਹੇ ਇੰਤਜਾਰ | Punjab News

Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਭਰ ਦੇ ਬੱਸ ਅੱਡੇ ਜਿੱਥੇ ਦੋ ਘੰਟਿਆਂ ਤੱਕ ਬੰਦ ਰਹੇ, ਉੱਥੇ ਹੀ ਕੱਚੇ ਕਾਮਿਆਂ ਵੱਲੋਂ ਆਪਣੀਆਂ ਬੱਸਾਂ ਰੋਕ ਕੇ ਕੰਮ ਕਾਜ ਠੱਪ ਰੱਖਿਆ ਗਿਆ। ਬੱਸਾਂ ਦੇ ਪਹੀਏ ਜਾਮ ਹੋਣ ਨਾਲ ਆਮ ਯਾਤਰੀਆਂ ਨੂੰ ਦੋ ਘੰਟੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇੱਧਰ ਹੁਣ ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਜਿਮਨੀ ਚੋਣਾਂ ਵਿੱਚ ਸਰਕਾਰ ਖਿਲਾਫ਼ ਸੰਘਰਸ ਦਾ ਬਿਗਲ ਵਜਾ ਕੇ ਨਵੀਂ ਬਿਪਤਾ ਛੇੜ ਦਿੱਤੀ ਹੈ।

ਇਹ ਵੀ ਪੜ੍ਹੋ: Crime News: ਬਲਾਇੰਡ ਵਿਅਕਤੀ ਨਾਲ ਲੁੱਟ-ਖੋਹ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ

ਜਾਣਕਾਰੀ ਅਨੁਸਾਰ ਅੱਜ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਭਰ ਦੇ 27 ਡਿਪੂਆਂ ਅਧੀਨ ਆਉਂਦੇ ਮੁੱਖ ਬੱਸ ਅੱਡੇ ਬੰਦ ਕਰਕੇ ਉਨ੍ਹਾਂ ਦੇ ਅੱਗੇ ਰੋਸ਼ ਪ੍ਰਰਦਸ਼ਨ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਕਾਮਿਆਂ ਵੱਲੋਂ 10 ਤੋਂ 12 ਵਜੇਂ ਤੱਕ ਆਪਣੀਆਂ ਬੱਸਾਂ ਠੱਪ ਕਰਕੇ ਸਰਕਾਰ ਖਿਲਾਫ਼ ਤਕੜਾ ਰੋਸ ਪ੍ਰਦਰਸ਼ਨ ਕੀਤਾ ਗਿਆ।

ਵਾਰ ਵਾਰ ਮੀਟਿੰਗਾਂ ਕਰਕੇ ਵੀ ਸਰਕਾਰ ਨਹੀਂ ਕਰ ਰਹੀ ਕੱਚੇ ਕਾਮਿਆਂ ਦੀਆਂ ਮੰਗਾਂ ਦਾ ਹੱਲ: ਆਗੂ

ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਸਹਿਜਪਾਲ ਸਿੰਘ ਸੰਧੂ ਨੇ ਆਖਿਆ ਕਿ 1 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ, ਚੀਫ ਸੈਕਟਰੀ ਪੰਜਾਬ,ਐਡਵੋਕੇਟ ਜਨਰਲ ਪੰਜਾਬ, ਸਪੈਸ਼ਲ ਸੈਕਟਰੀ ਟੂ ਮੁੱਖ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਅਤੇ ਇੱਕ ਮਹੀਨੇ ਦੇ ਵਿੱਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਤਹਿਤ ਪੱਕੇ ਕਰਨਾ, ਠੇਕੇਦਾਰ ਨੂੰ ਬਾਹਰ ਕੱਢਣਾ ਵਿਭਾਗ ਦੀ ਠੇਕੇਦਾਰੀ ਸਿਸਟਮ ਤਹਿਤ ਹੋ ਰਹੀ ਲੁੱਟ ਨੂੰ ਖਤਮ ਕਰਨ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ ਘੱਟ ਤਨਖਾਹ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਇਕਸਾਰਤਾ ਕਰਨਾ ਆਦਿ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ

ਉਲਟਾ ਠੇਕੇਦਾਰ ਕਰੋੜਾਂ ਰੁਪਏ ਈਪੀਐਫ਼ ਈਐਸਆਈ ਦੇ ਖਾਹ ਰਿਹਾ ਹੈ। ਇੱਥੋਂ ਤੱਕ ਕਿ ਗਠਿਤ ਕਮੇਟੀ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੁਣ ਤੱਕ ਕੋਈ ਅਜੰਡਾ ਤਿਆਰ ਨਹੀਂ ਕੀਤਾ ਗਿਆ ਜਿਸ ਦਾ ਮੁਲਾਜਮਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਆਗੂਆਂ ਜਸਦੀਪ ਸਿੰਘ ਲਾਲੀ, ਸੁਲਤਾਨ ਸਿੰਘ ਅਤੇ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਮੇਨੈਜਮੈਂਟ ਵਾਰ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਮੰਗਾਂ ਦਾ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅੱਜ ਦੀ ਦੋਂ ਘੰਟਿਆਂ ਦੀ ਹੜ੍ਹਤਾਲ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕੱਚੇ ਕਾਮਿਆਂ ਦੇ ਸਬਰ ਨੂੰ ਨਾ ਪਰਖਣ, ਨਹੀਂ ਦਾ ਸਰਕਾਰ ਨੂੰ ਇਸ ਭਾਰੀ ਖਮਿਆਜਾ ਭੁਗਤਣਾ ਪਵੇਗਾ। ਇਸ ਦੌਰਾਨ ਬਜ਼ੁਰਗ ਲੀਲਾ ਦੇਵੀ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਜਪੁਰਾ ਨੇੜੇ ਭੋਗ ਤੇ ਜਾਣਾ ਸੀ, ਪਰ ਬੱਸਾਂ ਦੀ ਹੜ੍ਹਤਾਲ ਕਾਰਨ ਉਹ ਇੱਥੇ ਹੀ ਫੱਸ ਗਈਆਂ ਹਨ। ਇਸ ਦੇ ਨਾਲ ਹੀ ਹੋਰ ਵੀ ਅਨੇਕਾਂ ਯਾਤਰੀ ਦੋਂ ਘੰਟਿਆਂ ਤੱਕ ਪ੍ਰੇਸ਼ਾਨ ਹੁੰਦੇ ਰਹੇ।

ਜ਼ਿਮਨੀ ਚੋਣਾਂ ਵਿੱਚ ਸਰਕਾਰ ਖਿਲਾਫ਼ ਕਰਨਗੇ ਝੰਡਾ ਮਾਰਚ

ਇਸ ਦੌਰਾਨ ਆਗੂਆਂ ਨੇ ਅਗਲੇ ਸੰਘਰਸ ਦੌਰਾਨ ਜਿਮਨੀ ਚੋਣਾਂ ਵਿੱਚ ਸਰਕਾਰ ਖਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। 3 ਨਵੰਬਰ ਨੂੰ ਬਰਨਾਲਾ ਅਤੇ ਚੱਬੇਵਾਲ ਵਿਖੇ ਵੱਡੇ ਕਾਫਲੇ ਦੇ ਰੂਪ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ। 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿਖੇ ਸਰਕਾਰ ਦੇ ਖਿਲਾਫ ਝੰਡਾ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇੱਥੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ਼ ਜਾਗਰੂਕ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਕਾਰਗੁਜਾਰੀ ਲੋਕਾਂ ਸਾਹਮਣੇ ਰੱਖੀ ਜਾਵੇਗੀ। ਜੇਕਰ ਫਿਰ ਵੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਮੁਕੰਮਲ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ।