ਪਹਿਲੀ ਅਗਸਤ ਨੂੰ ਮੁੱਖ ਮਾਰਗ ਜਾਮ ਕਰਨ ਅਤੇ 2 ਅਗਸਤ ਨੂੰ ਪੀਆਰਟੀਸੀ ਮੁੱਖ ਦਫ਼ਤਰ ਵਿਖੇ ਭੁੱਖ ਹੜ੍ਹਤਾਲ ਦਾ ਐਲਾਨ
- 15 ਅਗਸਤ ਨੂੰ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੇ ਝੰਡਾ ਲਹਿਰਾਉਣ ਮੌਕੇ ਵਿਰੋਧ ਦਾ ਐਲਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟਸੀ, ਪੰਜਾਬ ਰੋਡੇਵਜ਼ ਅਤੇ ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇਨ੍ਹਾਂ ਕੱਚੇ ਕਾਮਿਆਂ ਵੱਲੋਂ ਪੰਜਾਬ ਭਰ ਦੇ ਡਿਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ। ਇਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਜਿੱਥੇ ਝੰਡਾ ਲਹਿਰਾਉਣਗੇ, ਉੱਥੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ, ਪਨਬੱਸ ਅਤੇ ਪੀਆਰਟੀਸੀ ਵਿੱਚ ਪਿਛਲੇ ਲੰਬੇ ਸਮੇ ਤੋਂ ਆਊਟਸੋਰਸ ਅਤੇ ਕੰਟਰੈਕਟ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਇਨ੍ਹਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਪੰਜਾਬ ਭਰ ਦੇ ਡਿਪੂਆਂ ਤੇ ਇਨ੍ਹਾ ਕੱਚੇ ਕਾਮਿਆਂ ਵੱਲੋਂ ਗੇਟ ਰੈਲੀਆਂ ਕੀਤੀਆਂ ਗਈ। ਇਸ ਦੇ ਨਾਲ ਹੀ 1 ਅਗਸਤ ਨੂੰ ਸੰਕੇਤਕ ਰੂਪ ਵਿੱਚ ਮੇਨ ਹਾਈਵੇ ਜਾਮ ਕੀਤੇ ਜਾਣ ਦੀ ਗੱਲ ਵੀ ਆਖੀ ਗਈ ਹੈ।
14-15-16 ਅਗਸਤ ਨੂੰ ਹੜਤਾਲ ਕਰਕੇ ਸਾਰੀਆਂ ਬੱਸਾਂ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ
ਜਥੇਬੰਦੀ ਦੇ ਸੂਬਾ ਆਗੂ ਹਰਕੇਸ ਕੁਮਾਰ ਵਿੱਕੀ, ਸਹਿਜਪਾਲ ਸਿੰਘ, ਜਸਦੀਪ ਸਿੰਘ, ਸੁਲਤਾਨ ਸਿੰਘ ਨੇ ਕਿਹਾ ਕਿ ਹਾਈਵੇ ਜਾਮ ਤੋਂ ਬਾਅਦ 2 ਅਗਸਤ ਤੋਂ ਪੀਆਰਟੀਸੀ ਮੁੱਖ ਦਫ਼ਤਰ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ 11 ਅਗਸਤ ਨੂੰ ਫਿਰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 14-15-16 ਅਗਸਤ ਨੂੰ ਪਨਬੱਸ ਤੇ ਪੀਆਰਟੀਸੀ ਦੀ ਮੁਕੰਮਲ ਹੜਤਾਲ ਕਰਕੇ ਸਾਰੀਆਂ ਬੱਸਾਂ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ ਅਤੇ ਹੜਤਾਲ ਦੌਰਾਨ ਮੁੱਖ ਮੰਤਰੀ ਪੰਜਾਬ ਤੇ ਟਰਾਸਪੋਰਟ ਮੰਤਰੀ ਜਿਸ ਸਥਾਨ ਤੇ ਝੰਡਾ ਲਹਿਰਾਉਣਗੇ ਉਸ ਸਥਾਨ ’ਤੇ ਰੋਸ ਪ੍ਰਦਰਸਨ ਕੀਤਾ ਜਾਵੇਗਾ ਅਤੇ ਉਹਨਾਂ ਤੋ ਸਵਾਲ ਪੁੱਛੇ ਜਾਣਗੇ ਕਿ ਕੱਚੇ ਮੁਲਾਜਮਾਂ ਨੂੰ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋ ਕਦੋਂ ਕੱਢੋਗੇ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾਂ ਨੂੰ ਆਈ ਮੁਸ਼ਕਿਲ ਸਮੇਤ ਹੋਏ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਤੇ ਮਹਿਕਮੇ ਦੀ ਹੋਵੇਗੀ।
ਇਸ ਮੌਕੇ ਹੋਰ ਆਗੂਆਂ ਵੀਰ ਚੰਦ ਸਰਮਾ, ਹਰਮਨ ਸਿੰਘ, ਗੱਜਣ ਸਿੰਘ, ਹਰਜਿੰਦਰ ਸਿੰਘ ਗੋਰਾ ਤੇ ਆਜਾਦ ਯੂਨੀਅਨ ਦੇ ਪ੍ਰਧਾਨ ਬੱਬੂ ਸਰਮਾ ਆਦਿ ਨੇ ਮੰਗ ਕੀਤੀ ਕਿ ਪਨਬੱਸ ਅਤੇ ਪੀਆਰਟੀਸੀ ਵਿੱਚ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾ ਨਾਲ ਰੈਗੂਲਰ ਕੀਤਾ ਜਾਵੇ । ਰਿਪੋਰਟਾਂ ਦੀਆਂ ਕੰਡੀਸ਼ਨਾ ਲਾਕੇ ਨੋਕਰੀਆ ਤੋ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਕੰਡੀਸਨ ਰੱਦ ਕੀਤੀ ਜਾਵੇ। ਪਨਬੱਸ ’ਚ ਆਊਟਸੋਰਸਿੰਗ ਠੇਕੇਦਾਰੀ ਦੀ ਭਰਤੀ ਰੱਦ ਕੀਤੀ ਜਾਵੇ। ਪੀਆਰਟੀਸੀ ਦੇ 2014 ਵਿੱਚ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਕੱਢੇ ਮੁਲਾਜ਼ਮਾਂ ਨੂੰ ਬਿਨਾ ਸ਼ਰਤ ਡਿਊਟੀ ’ਤੇ ਲਿਆ ਜਾਵੇ। ਪੀਆਰਟੀਸੀ ਵਿੱਚ 219 ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਟੈਂਡਰ ਰੱਦ ਕਰਕੇ ਪਨਬੱਸ ਅਤੇ ਵਿੱਚ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ