ਦਰਜ਼ਾ ਚਾਰ ਕਰਮਚਾਰੀ ਨੇ ਆਈਏਐੱਸ ਪ੍ਰੀਖਿਆ ਦੀ ਪਹਿਲੀ ਪੌੜੀ ਕੀਤੀ ਸਰ

ਬਿਨਾਂ ਕਿਸੇ ਕੋਚਿੰਗ ਦੇ ਜਨਰਲ ਕੈਟਾਗਰੀ ‘ਚ ਪਹਿਲੀ ਵਾਰ ਹੀ ਆਪਣੇ ਸੁਫ਼ਨਿਆਂ ਦੀ ਭਰੀ ਉਡਾਣ | IAS Exam

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਰਜਿੰਦਰਾ ਹਸਪਤਾਲ ਵਿਖੇ ਕੰਮ ਕਰਦੇ ਦਰਜਾਚਾਰ ਕਰਮਚਾਰੀ ਨੇ ਦੇਸ਼ ਦੀ ਸਰਵ ਉੱਚ ਪ੍ਰੀਖਿਆ ਯੀਪੀਐੱਸਈ ਦੀ ਪਹਿਲੀ ਪੌੜੀ ਬਿਨਾਂ ਕਿਸੇ ਕੋਚਿੰਗ ਦੇ ਸਰ ਕਰ ਲਈ ਹੈ। ਉਸ ਨੂੰ ਖੁਦ ਆਪਣੀ ਇਸ ਪ੍ਰਾਪਤੀ ‘ਤੇ ਯਕੀਨ ਨਹੀਂ ਹੋ ਰਿਹਾ ਤੇ ਇਸ ਨੌਜਵਾਨ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਰਿਹਾ ਹੈ। ਹੁਣ ਇਹ ਦਰਜਾਚਾਰ ਕਰਮਚਾਰੀ ਆਈਏਐੱਸ ਦੀ ਮੁੱਖ ਪ੍ਰੀਖਿਆ ਦੀ ਤਿਆਰੀ ਲਈ ਜੁਟ ਗਿਆ ਹੈ। ਜਾਣਕਾਰੀ ਅਨੁਸਾਰ 31 ਸਾਲਾ ਬਲਵਿੰਦਰ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਪੁਰਾਣਾ ਬਿਸ਼ਨ ਨਗਰ ਪਟਿਆਲਾ ਜੋ ਕਿ ਰਜਿੰਦਰਾ ਹਸਪਤਾਲ ਵਿਖੇ ਵਾਰਡ ਅਟੈਂਡੈਂਟ ਦਰਜਾਚਾਰ ਕਰਮਚਾਰੀ ਵਜੋਂ ਆਪਣੀ ਡਿਊਟੀ ਨਿਭਾ ਰਿਹਾ ਹੈ। ਪਿਛਲੇ ਦਿਨੀਂ ਯੂਪੀਐੱਸਈ ਵੱਲੋਂ ਪ੍ਰੀ ਲਿਮ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਬਲਵਿੰਦਰ ਕੁਮਾਰ ਦਾ ਨਾਂਅ ਆਉਣ ‘ਤੇ ਇਸ ਨੂੰ ਆਪਣੇ ਸੁਫਨਿਆਂ ਦਾ ਇੱਕ ਨਵਾਂ ਰਾਹ ਮਿਲ ਗਿਆ। (IAS Exam)

‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲ ਕਰਦਿਆ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਰਜਿੰਦਰਾ ਹਸਪਤਾਲ ਵਿਖੇ ਵਾਰਡ ਅਟੈਂਡੈਂਟ ਵਜੋਂ ਆਪਣੀ ਨੌਕਰੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਕੁਝ ਕਰਨ ਦੇ ਮਕਸਦ ਨਾਲ ਆਈਏਐੱਸ ਸਬੰਧੀ ਯੂਪੀਐੱਸਈ ਦੀ ਪ੍ਰੀ ਪ੍ਰੀਖਿਆ ਜਨਰਲ ਕੈਟਾਗਰੀ ‘ਚ ਦਿੱਤੀ। ਉਸ ਨੇ ਦੱਸਿਆ ਕਿ ਇਹ ਪ੍ਰੀਖਿਆ ਦੇਸ਼ ਭਰ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਸੀ ਤੇ ਪਿਛਲੇ ਦਿਨੀਂ ਆਏ ਨਤੀਜਿਆਂ ‘ਚ ਪਹਿਲੇ ਪੰਦਰਾਂ ਹਜ਼ਾਰ ‘ਚ ਉਸ ਦਾ ਨਾਂਅ ਆਇਆ ਹੈ।

ਰਜਿੰਦਰਾ ਹਸਪਤਾਲ ਵਿਖੇ ਡਿਊਟੀ ਦੇ ਨਾਲ ਹੀ ਕੀਤੀ ਪੜ੍ਹਾਈ | IAS Exam

ਬਲਵਿੰਦਰ ਕੁਮਾਰ ਨੇ ਦੱਸਿਆ ਜਦੋਂ ਉਸ ਦਾ ਨਾਂਅ ਆਇਆ ਤਾਂ ਉਸ ਨੂੰ ਖੁਦ ਯਕੀਨ ਨਾ ਹੋਇਆ ਕਿ ਉਹ ਆਈਏਐੱਸ ਦੀ ਪਹਿਲੀ ਪ੍ਰੀਖਿਆ ਨੂੰ ਕਲੀਅਰ ਕਰ ਗਿਆ ਹੈ। ਉਸ ਨੇ ਦੱਸਿਆ ਕਿ ਉਹ ਹਸਪਤਾਲ ਵਿਖੇ ਡਿਊਟੀ ਦੇ ਨਾਲ ਨਾਲ ਹੀ ਪ੍ਰੀਖਿਆ ਦੀ ਤਿਆਰੀ ਕਰਦਾ ਸੀ ਤੇ ਸਿਰਫ਼ ਚਾਰ ਘੰਟੇ ਹੀ ਐਨਸੀਆਰਟੀ ਦੀਆਂ ਕਿਤਾਬਾਂ ਤੋਂ ਇਲਾਵਾ ਕੁਝ ਸਮਾਂ ਇੰਟਰਨੈੱਟ ਤੋਂ ਜਾਣਕਾਰੀ ਹਾਸਲ ਕਰਦਾ ਸੀ। ਉਸ ਵੱਲੋਂ ਬਿਨਾਂ ਕਿਸੇ ਕੋਚਿੰਗ ਤੋਂ ਹੀ ਇਸ ਦੇ ਪੇਪਰ ਦਿੱਤੇ ਗਏ ਸਨ।

ਉਸ ਨੇ ਦੱਸਿਆ ਕਿ ਹੁਣ ਉਸ ਵੱਲੋਂ ਸਤੰਬਰ ਮਹੀਨੇ ਵਿੱਚ ਹੋਣ ਵਾਲੀ ਆਈਏਐੱਸ ਦੀ ਮੁੱਖ ਪ੍ਰੀਖਿਆ ਦੀ ਤਿਆਰੀ ਕੀਤੀ ਜਾਵੇਗੀ ਤੇ ਉਸ ਦਾ ਟਾਰਗੇਟ ਇਸ ਨੂੰ ਕਲੀਅਰ ਕਰਨਾ ਹੋਵੇਗਾ। ਉਸ ਨੇ ਦੱਸਿਆ ਕਿ ਮਹਿੰਦਰਾ ਕਾਲਜ ਤੋਂ ਉਸ ਨੇ ਬੀਏ ਤੇ ਪੰਜਾਬੀ ਯੂਨੀਵਰਸਿਟੀ ਤੋਂ ਹਿੰਦੀ ਦੀ ਐੱਮਏ ਕੀਤੀ ਹੈ।  ਇਸ ਮੌਕੇ ਰਜਿੰਦਰਾ ਹਸਪਤਾਲ ਦੇ ਡਾ. ਸਾਗਰ, ਡਾ. ਅਨਿਲ ਰਵੀਸ਼, ਫਰਮਾਸਿਸਟ ਸ਼ੀਸਨ ਕੁਮਾਰ ਅਗਰਵਾਲ, ਸੱਤਪਾਲ ਸਿੰਘ ਸਮੇਤ ਹੋਰਨਾਂ ਵੱਲੋਂ ਬਲਵਿੰਦਰ ਕੁਮਾਰ ਨੂੰ ਵਧਾਈ ਦਿੱਤੀ ਗਈ।