ਰੁਲਦਾ ਕਤਲ ਕਾਂਡ: ਰਮਨਦੀਪ ਸਿੰਘ ਗੋਲਡੀ ਨੂੰ ਕੀਤਾ ਅਦਾਲਤ ‘ਚ ਪੇਸ਼

Ramdeep Singh Goldie produced in court in riot murder case

ਜਗਤਾਰ ਤਾਰਾ ਨੇ ਵੀਡੀਓ ਕਾਨਫਰਸਿੰਗ ਜਰੀਏ ਭੁਗਤੀ ਪੇਸੀ

ਅਦਾਲਤ ਵੱਲੋਂ ਪੁਲਿਸ ਨੂੰ ਝਾੜ, ਅਗਲੀ ਸੁਣਵਾਈ ‘ਤੇ ਸਰਕਾਰੀ ਗਵਾਹਾਂ ਦੇ ਬਿਆਨ ਦਰਜ਼ ਕਰਵਾਉਣ ਦੀ ਹਦਾਇਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਕਾਂਡ ਦੇ ਮੁਲਜ਼ਮ ਰਮਨਦੀਪ ਸਿਘ ਗੋਲਡੀ ਨੂੰ ਅੱਜ ਇੱਥੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦਕਿ ਇਸੇ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਤੋਂ ਹੀ ਵੀਡੀਓ ਕਾਨਫਰਸਿੰਗ ਜਰੀਏ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਪੁਲਿਸ ਨੂੰ ਝਾੜ ਲਾਈ ਗਈ ਕਿ ਉਹ ਇਸ ਮਾਮਲੇ ‘ਤੇ ਅਜੇ ਤੱਕ ਬਿਆਨ ਦਰਜ਼ ਨਹੀਂ ਕਰਵਾ ਸਕੇ।

ਜਾਣਕਾਰੀ ਅਨੁਸਾਰ ਨਾਭਾ ਜੇਲ੍ਹ ‘ਚ ਬੰਦ ਰਮਨਦੀਪ ਸਿੰਘ ਗੋਲਡੀ ਨੂੰ ਅੱਜ ਕਾਫ਼ੀ ਸਮੇਂ ਬਾਅਦ ਪੁਲਿਸ ਵੱਲੋਂ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦਕਿ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਚੰਗੀਗੜ੍ਹ ਤੋਂ ਇੱਥੇ ਨਹੀਂ ਲਿਆਂਦਾ ਗਿਆ ਅਤੇ ਉਸ ਨੂੰ ਵੀਡੀਓ ਕਾਨਫਰਸਿੰਗ ਜਰੀਏ ਹੀ ਪੇਸ਼ ਕੀਤਾ ਗਿਆ। ਇਨ੍ਹਾਂ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਅਦਾਲਤ ਵੱਲੋਂ ਪੁਲਿਸ ਨੂੰ ਝਾੜ ਪਾਈ ਗਈ ਅਤੇ ਕਿਹਾ ਗਿਆ ਕਿ ਉਕਤ ਮਾਮਲਾ ਲਗਾਤਾਰ ਲੰਬਾ ਖਿੱਚਿਆ ਜਾ ਰਿਹਾ ਹੈ ਅਤੇ ਪੁਲਿਸ ਅਜੇ ਤੱਕ ਇਸ ਮਾਮਲੇ ‘ਚ ਆਪਣੇ ਹੀ ਪੁਲਿਸ ਵਾਲਿਆਂ ਦੇ ਬਿਆਨ ਦਰਜ਼ ਨਹੀਂ ਕਰਵਾ ਸਕੀ।

ਮਾਮਲੇ ਦੀ 22 ਜਨਵਰੀ ਤੋਂ ਲਗਾਤਾਰ ਸੁਣਵਾਈ ਹੋਵੇਗੀ

ਅਦਾਲਤ ਵੱਲੋਂ ਕਿਹਾ ਗਿਆ ਕਿ ਹੁਣ ਇਸ ਮਾਮਲੇ ਦੀ 22 ਜਨਵਰੀ ਤੋਂ ਲਗਾਤਾਰ ਸੁਣਵਾਈ ਹੋਵੇਗੀ ਅਤੇ ਇਸ ਸੁਣਵਾਈ ਮੌਕੇ ਸਾਰੇ ਸਰਕਾਰੀ ਗਵਾਹਾਂ ਨੂੰ ਪੇਸ਼ ਕਰਨ ਦੀ ਹਦਾਇਤ ਕੀਤੀ ਗਈ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਅਦਾਲਤ ‘ਚ ਅਰਜ਼ੀ ਦਾਇਰ ਕਰਦਿਆਂ ਮੰਗ ਕੀਤੀ ਗਈ ਸੀ ਕਿ ਪੁਲਿਸ ਸੁਰੱਖਿਆ ਦੀ ਘਾਟ ਕਾਰਨ ਤਾਰਾ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਬਜਾਏ ਵੀਡੀਓ ਕਾਨਫਰਸਿੰਗ ਰਾਹੀਂ ਹੀ ਸੁਣਵਾਈ ਕੀਤੀ ਜਾਵੇ। ਇਸ ਤੋਂ ਬਾਅਦ ਬੜੈਲ ਜੇਲ੍ਹ ‘ਚ ਬੰਦ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਵਿੱਚ ਨਹੀਂ ਲਿਆਂਦਾ ਜਾਣਾ।

ਦੱਸਣਯੋਗ ਹੈ ਕਿ ਰੁਲਦਾ ਸਿੰਘ ਕਤਲ ਕਾਂਡ ਸਾਲ 2009 ਵਿੱਚ ਵਾਪਰਿਆ ਸੀ ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਅਤੇ ਅਣਪਛਾਤਿਆਂ ਵੱਲੋਂ ਉਸਦੇ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਇਸ ਦੌਰਾਨ ਹਸਪਤਾਲ ਵਿੱਚ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਕਤਲ ਕਾਂਡ ਵਿੱਚ ਰਮਨਦੀਪ ਸਿੰਘ ਗੋਲਡੀ ਅਤੇ ਜਗਤਾਰ ਸਿੰਘ ਤਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।