Indian Journalists Union: ਲੋਕ ਹਿੱਤਾਂ ਦੀ ਗੱਲ ਕਰਨਾ ਅਸਲੀ ਪੱਤਰਕਾਰੀ : ਮਾਨ
Indian Journalists Union: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਇੰਡੀਅਨ ਜਰਨਲਿਸਟਸ ਯੂਨੀਅਨ ਦੀ ਹੋਈ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਰਾਜਨ ਮਾਨ ਨੂੰ ਲਗਾਤਾਰ ਦੂਸਰੀ ਵਾਰ ਯੂਨੀਅਨ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਚੁਣਿਆ ਗਿਆ ਹੈ।
ਪਿਛਲੇ ਤਿੰਨ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ ’ਚ ਸਰਗਰਮ ਰਾਜਨ ਮਾਨ ਵੱਲੋਂ ਸਮੇਂ-ਸਮੇਂ ’ਤੇ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਲੋਕ ਹਿੱਤਾਂ ਦੀ ਆਵਾਜ਼ ਵੀ ਬੁਲੰਦ ਕੀਤੀ ਜਾਂਦੀ ਆ ਰਹੀ ਹੈ। ਪੱਤਰਕਾਰੀ ਦੇ ਖੇਤਰ ’ਚ ਪਾਏ ਜਾ ਰਹੇ ਵੱਡੇ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਮਾਨ ਨੂੰ ਕੌਮੀ ਪੱਧਰ ’ਤੇ ਚੁਣਿਆ ਗਿਆ ਹੈ। ਇੰਡੀਅਨ ਜਰਨਲਿਸਟਸ ਯੂਨੀਅਨ ਦੇਸ਼ ਦੀ ਇੱਕੋ-ਇੱਕ ਵੱਡੀ ਜਥੇਬੰਦੀ ਹੈ ਜੋ ਪੱਤਰਕਾਰਾਂ ਦੇ ਹੱਕਾਂ ਲਈ ਦੇਸ਼ ਭਰ ਵਿਚ ਸੰਘਰਸ਼ ਕਰਦੀ ਆ ਰਹੀ ਹੈ। Chandigarh News
ਉਨ੍ਹਾਂ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਦੇ ਮਸਲੇ ਉਹ ਕੌਮੀ ਪੱਧਰ ’ਤੇ ਉਠਾਉਣਗੇ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਗੱਲ ਕਰਨਾ ਹੀ ਅਸਲੀ ਪੱਤਰਕਾਰਤਾ ਹੈ ਅਤੇ ਸਾਨੂੰ ਹਾਕਮ ਧਿਰਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੱਕਿਆਂ ਨੂੰ ਵੱਧ ਤੋਂ ਵੱਧ ਉਜਾਗਰ ਕਰਨਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਅੱਜ ਜਦੋਂ ਪੱਤਰਕਾਰੀ ਨੂੰ ਖਤਮ ਕਰਨ ਲਈ ਕਮਲਕੱਸੇ ਕੀਤੇ ਗਏ ਹਨ ਅਜਿਹੇ ਦੌਰ ਵਿਚ ਸਾਨੂੰ ਇਕਜੁੱਟ ਹੋ ਕੇ ਆਪਣੇ ਅਤੇ ਖਾਸ ਕਰਕੇ ਲੋਕਾਂ ਦੇ ਹੱਕਾਂ ਲਈ ਤਕੜੇ ਹੋ ਕੇ ਲੜਨਾ ਚਾਹੀਦਾ ਹੈ। Amritsar News
Read Also : ਮਾਨ ਸਰਕਾਰ ਦਾ ਵਿਜ਼ਨ: IOL ਕੈਮੀਕਲਜ਼ ਦੇ ₹1133 ਕਰੋੜ ਦੇ ਵੱਡੇ ਨਿਵੇਸ਼ ਨਾਲ ਪੰਜਾਬ ਬਣਿਆ ਦੇਸ਼ ਦਾ ਨਵਾਂ ‘ਫਾਰਮਾ ਸੁਪਰਪਾਵਰ’
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ ਉਪਰ ਵਧ ਰਹੇ ਹਮਲੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਇਕਜੁੱਟ ਹੋ ਕੇ ਲੜਾਈ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇੰਡੀਅਨ ਜਰਨਲਿਸਟ ਯੂਨੀਅਨ ਨੇ ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਅਤੇ ਮੀਡੀਆ ਵਿੱਚ ਆਈਆਂ ਤਬਦੀਲੀਆਂ ਦੀ ਤਹਿ ਤੱਕ ਜਾਣ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ ਦੀ ਪ੍ਰਧਾਨਗੀ ਹੇਠ ਜੈਪੁਰ ਵਿੱਚ ਯੂਨੀਅਨ ਦੀ ਦੋ ਰੋਜ਼ਾ ਕੌਮੀ ਕਾਰਜਕਾਰਨੀ ਮੀਟਿੰਗ ਵਿੱਚ ਸੂਬਾ ਸਰਕਾਰਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਪੱਤਰਕਾਰਾਂ ਦੀ ਰਾਖੀ ਲਈ ਕਾਨੂੰਨ ਬਣਾਏ ਜਾਣ।
Amritsar News
ਭਾਰਤੀ ਰੇਲਵੇ ਵੱਲੋਂ ਕੋਰੋਨਾ ਕਾਲ ਦੌਰਾਨ ਪੱਤਰਕਾਰਾਂ ਲਈ ਰਿਆਇਤੀ ਸਫ਼ਰ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ, ਇਸ ਸਹੂਲਤ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਨੇ ਪ੍ਰਿੰਟ ਮੀਡੀਆ ਦੇ ਨਾਲ ਹੀ ਇਲੈਕਟ੍ਰਾਨਿਕਸ ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਪ੍ਰਤੀਨਿਧਤਾ ਦੇਣ ਲਈ ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਥਾਂ ਕੌਮੀ ਮੀਡੀਆ ਕੌਂਸਲ ਦੇ ਗਠਨ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸਾਥੀ ਬਲਵਿੰਦਰ ਜੰਮੂ ਤੇ ਡੀ. ਸੋਮਾਸੁੰਦਰ ਕ੍ਰਮਵਾਰ ਇੰਡੀਅਨ ਜਰਨਲਿਸਟ ਯੂਨੀਅਨ ਦੇ ਨਿਰਵਿਰੋਧ ਕੌਮੀ ਪ੍ਰਧਾਨ ਅਤੇ ਸਕੱਤਰ ਜਨਰਲ ਚੁਣੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਯੂਨੀਅਨ ਦੀ ਕੌਮੀ ਕੌਂਸਲ ਲਈ 150 ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਪੰਜਾਬ ਦੇ ਚਾਰ ਸਾਥੀਆਂ ਨੂੰ ਵੀ ਥਾਂ ਮਿਲੀ ਹੈ, ਜਿਸ ਵਿੱਚ ਮੇਰੇ ਤੋਂ ਇਲਾਵਾ, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਭੂਸ਼ਨ ਸੂਦ ਅਤੇ ਬਠਿੰਡਾ ਤੋਂ ਸੁਖਨੈਬ ਸਿੰਘ ਸਿੱਧੂ ਚੁਣੇ ਗਏ ਹਨ, ਜਦਕਿ ਇਕ ਸੀਟ ਬਾਅਦ ਵਿਚ ਭਰੀ ਜਾਵੇਗੀ।
ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਜਨਵਰੀ ਦੇ ਆਖ਼ਰੀ ਹਫ਼ਤੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੋਣ ਵਾਲੀ ਕੌਮੀ ਕਾਨਫ਼ਰੰਸ ਵਿੱਚ ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ, ਕੌਮੀ ਸਕੱਤਰ ਜਨਰਲ ਡੀ. ਸੋਮਾਸੁੰਦਰ ਸਮੇਤ ਦੇਸ਼ ਭਰ ਵਿੱਚੋਂ ਚੁਣੇ ਗਏ ਕੌਮੀ ਕੌਂਸਲ ਮੈਂਬਰ ਆਪਣਾ ਕਾਰਜ ਭਾਰ ਸੰਭਾਲਣਗੇ ਅਤੇ ਦੇਸ਼ ਭਰ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੌਮੀ ਪੱਧਰ ’ਤੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।