ਬਠਿੰਡਾ (ਸੁਖਜੀਤ ਮਾਨ)। ਮਨਪ੍ਰੀਤ ਬਾਦਲ ਵੱਲੋਂ ਬਦਲੇ ਸਿਆਸੀ ਪਾਲੇ ਨੇ ਬਠਿੰਡਾ ਸ਼ਹਿਰ ਦੀ ਸਿਆਸਤ ਭਖਾ ਦਿੱਤੀ ਹੈ। ਨਿਗਮ ਦੇ ਕੌਂਸਲਰਾਂ ਨੂੰ ਲੈ ਕੇ ਹੁਣ ਕਾਂਗਰਸ ਤੇ ਮਨਪ੍ਰੀਤ ਬਾਦਲ ਦਰਮਿਆਨ ਖਿੱਚੋਤਾਣ ਸ਼ੁਰੂ ਹੋ ਗਈ। ਸ਼ਹਿਰ ’ਚ ਚਰਚਾ ਭਖੀ ਹੋਈ ਹੈ ਕਿ ਮਨਪ੍ਰੀਤ ਆਪਣੇ ਖੇਮੇ ਦੇ ਕੌਂਸਲਰਾਂ ਨੂੰ ਨਾਲ ਰਲਾ ਕੇ ਨਿਗਮ ’ਤੇ ਭਾਜਪਾ ਨੂੰ ਕਾਬਜ਼ ਕਰਨਗੇ ਪਰ ਕਾਂਗਰਸੀ ਆਗੂ ਆਖ ਰਹੇ ਹਨ ਕਿ ਕੌਂਸਲਰ ਕਾਂਗਰਸ ਨਾਲ ਹੀ ਹਨ। ਇਸ ਸਾਰੀ ਸਿਆਸੀ ਖੇਡ ’ਚ ਭਾਜਪਾ ਦੇ ਹੋਰ ਸਥਾਨਕ ਆਗੂ ਕੋਈ ਵੀ ਟਿੱਪਣੀ ਨਹੀਂ ਕਰ ਰਹੇੇੇ।
ਵੇਰਵਿਆਂ ਮੁਤਾਬਿਕ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸੱਤਾ ’ਚ ਹੁੰਦਿਆਂ ਬਠਿੰਡਾ ਨਗਰ ਨਿਗਮ ਦੀ ਹੋਈ ਚੋਣ ’ਚ ਕਾਂਗਰਸ ਨੇ 53 ਸਾਲ ਬਾਅਦ ਵੱਡੀ ਜਿੱਤ ਹਾਸਲ ਕੀਤੀ ਸੀ ਹੁਣ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ’ਚ ਸ਼ਮੂਲੀਅਤ ਕਰ ਲਈ ਤਾਂ ਮਨਪ੍ਰੀਤ ਦੇ ਨਾਲ ਪਰਛਾਵੇਂ ਵਾਂਗ ਰਹਿਣ ਵਾਲੇ ਕੁਝ ਕੌਂਸਲਰਾਂ ਨੇ ਅੰਦਰੋਂ-ਅੰਦਰੀ ਉਨ੍ਹਾਂ ਦੇ ਨਾਲ ਹੀ ਤੁਰਨ ਦਾ ਫੈਸਲਾ ਲਿਆ ਹੈ। ਪਿਛਲੇ ਦਿਨੀਂ ਪਿੰਡ ਬਾਦਲ ’ਚ ਡੇਢ ਦਰਜ਼ਨ ਦੇ ਕਰੀਬ ਕੌਂਸਲਰਾਂ ਦੀ ਮਨਪ੍ਰੀਤ ਬਾਦਲ ਨਾਲ ਮੀਟਿੰਗ ’ਚ ਵੀ ਇਹੋ ਸਾਹਮਣੇ ਆਇਆ ਸੀ। (Raja Warring Manpreet Badal)
ਰਾਜਾ ਵੜਿੰਗ ਨੇ ਕੀਤੀ ਬਠਿੰਡਾ ਨਿਗਮ ਦੇ ਕੌਂਸਲਰਾਂ ਨਾਲ ਮੀਟਿੰਗ
ਕਾਂਗਰਸੀ ਕੌਂਸਲਰਾਂ ਦੀ ਮਨਪ੍ਰੀਤ ਨਾਲ ਮੀਟਿੰਗ ਨੇ ਕਾਂਗਰਸ ਨੂੰ ਆਪਣੇ ਕੌਂਸਲਰ ਬਚਾਉਣ ਲਈ ਚੌਕੰਨਾ ਕਰ ਦਿੱਤਾ ਜੋੜ-ਤੋੜ ਦੀ ਇਸ ਸਿਆਸਤ ’ਚ ਬੀਤੀ ਦੇਰ ਰਾਤ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਠਿੰਡਾ ਪੁੱਜ ਕੇ ਕੌਂਸਲਰਾਂ ਨਾਲ ਮੀਟਿੰਗ ਕੀਤੀ ਵੜਿੰਗ ਦੀ ਅਗਵਾਈ ’ਚ ਹੋਈ ਇਸ ਮੀਟਿੰਗ ਦੌਰਾਨ ਕਈ ਕਾਂਗਰਸੀ ਕੌਂਸਲਰਾਂ ਨੇ ਮਨਪ੍ਰੀਤ ਬਾਦਲ ਨੂੰ ਰੱਜ ਕੇ ਭੰਡਿਆ ਇੱਕ ਕੌਂਸਲਰ ਨੇ ਰਾਜਾ ਵੜਿੰਗ ਨੂੰ ਕਿਹਾ ਕਿ ਮੀਟਿੰਗ ’ਚ 25 ਕੌਂਸਲਰ ਬੈਠੇ ਹਨ ਪਰ ਉਹ ਇਹ ਗਿਣਤੀ 30 ਤੱਕ ਕਰ ਦੇਣਗੇ। ਕਾਂਗਰਸੀ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਨੇ 5 ਸਾਲ ਸੰਤਾਪ ਹੰਢਾਇਆ ਹੈ ਕਿਉਂਕਿ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਸੀ ਤੇ ਨਾ ਹੀ ਕੋਈ ਕੰਮ ਹੁੰਦਾ ਸੀ।
ਕਾਂਗਰਸ ਦੇ ਬਠਿੰਡਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਤੋਂ ਜਦੋਂ ਰਾਜਾ ਵੜਿੰਗ ਵੱਲੋਂ ਕੱਲ੍ਹ ਦੇਰ ਰਾਤ ਕੌਂਸਲਰਾਂ ਨਾਲ ਕੀਤੀ। ਮੀਟਿੰਗ ਬਾਰੇ ਪੱੁਛਿਆ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ’ਚ ਸ਼ਾਮਲ ਕੌਂਸਲਰਾਂ ਨੇ ਕਿਹਾ ਕਿ ਉਹ ਕਾਂਗਰਸ ਨਾਲ ਹਨ। ਉਂਜ ਉਨ੍ਹਾਂ ਕਿਹਾ ਕਿ ਜੋ ਕੌਂਸਲਰ ਮਨਪ੍ਰੀਤ ਬਾਦਲ ਨੂੰ ਮਿਲੇ ਸੀ ਉਹ ਵੀ ਉਨ੍ਹਾਂ ਦੇ ਨਿੱਜੀ ਸਬੰਧ ਹਨ ਪਰ ਕੌਂਸਲਰ ਭਾਜਪਾ ’ਚ ਨਹੀਂ ਜਾਣਗੇ ਤੇ ਮੇਅਰ ਕਾਂਗਰਸ ਦਾ ਹੀ ਰਹੇਗਾ।
ਨਿਗਮ ’ਚ ਕੌਂਸਲਰਾਂ ਦੀ ਸਥਿਤੀ (Raja Warring Manpreet Badal)
ਜਦੋਂ ਨਗਰ ਨਿਗਮ ਦੀ ਚੋਣ ਹੋਈ ਸੀ ਤਾਂ ਉਸ ਵੇਲੇ ਕਾਂਗਰਸ ਦੇ 43 ਕੌਂਸਲਰ ਜਿੱਤੇ ਸੀ ਉਨ੍ਹਾਂ ’ਚੋਂ ਦੋ ਕੌਂਸਲਰ ਜਗਰੂਪ ਸਿੰਘ ਗਿੱਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਵਿਧਾਇਕ ਬਣ ਗਏ ਅਤੇ ਉਨ੍ਹਾਂ ਦਾ ਭਾਣਜਾ ਸੁਖਦੀਪ ਸਿੰਘ ਢਿੱਲੋਂ ਵੀ ਹੁਣ ਆਮ ਆਦਮੀ ਪਾਰਟੀ ’ਚ ਹੈ ਇਸ ਤੋਂ ਇਲਾਵਾ 7 ਕੌਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ।
ਕੌਂਸਲਰਾਂ ਨੂੰ ਘਰ-ਘਰ ਜਾ ਕੇ ਮਿਲੇ ਮਨਪ੍ਰੀਤ ਬਾਦਲ
ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਬਠਿੰਡਾ ਪੁੱਜ ਕੇ ਕੌਂਸਲਰਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨਾਲ ਮਿਲਣੀ ਕੀਤੀ ਗਈ। ਮਨਪ੍ਰੀਤ ਬਾਦਲ ਨਾਲ ਮੌਜ਼ੂਦ ਇੱਕ ਆਗੂ ਨੇ ਦੱਸਿਆ ਕਿ ਦੁਪਹਿਰ ਤੱਕ ਕਰੀਬ 22 ਕੌਂਸਲਰਾਂ ਦੇ ਘਰ ਮਨਪ੍ਰੀਤ ਬਾਦਲ ਜਾ ਕੇ ਮਿਲ ਚੁੱਕੇ ਸੀ ਤੇ ਦੇਰ ਸ਼ਾਮ ਤੱਕ ਹੋਰ ਕੌਂਸਲਰਾਂ ਨੂੰ ਵੀ ਮਿਲਣਗੇ। ਮਨਪ੍ਰੀਤ ਬਾਦਲ ਵੱਲੋਂ ਅਜਿਹਾ ਕਰਕੇ ਕੌਂਸਲਰਾਂ ਨੂੰ ਆਪਣੇ ਨਾਲ ਹੀ ਜੋੜੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਨਿਗਮ ’ਚ ਪਾਸਾ ਪਲਟ ਕੇ ਉਹ ਮੇਅਰ ਭਾਜਪਾ ਦਾ ਬਣਾ ਸਕਣ।
ਵੜਿੰਗ ਤੇ ਮਨਪ੍ਰੀਤ ਲਈ ਬਣਿਆ ਮੁੱਛ ਦਾ ਸੁਆਲ
ਪਹਿਲਾਂ ਰਵਾਇਤੀ ਵਿਰੋਧੀ ਰਹੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਫਿਰ ਕਾਂਗਰਸ ’ਚ ਹੋ ਕੇ ਵੀ ਇੱਕ ਦੂਜੇ ਖਿਲਾਫ਼ ਬੋਲਣ ਵਾਲੇ ਤੇ ਹੁਣ ਮਨਪ੍ਰੀਤ ਦੇ ਭਾਜਪਾ ’ਚ ਜਾਣ ਕਰਕੇ ਦੋਵਾਂ ਦਾ ਸਿਆਸੀ ਟਕਰਾਅ ਬਠਿੰਡਾ ਤੋਂ ਮੁੜ ਸ਼ੁਰੂ ਹੋ ਗਿਆ ਹੈ। ਜੈਜੀਤ ਸਿੰਘ ਜੌਹਲ ਹਰ ਮੰਚ ਤੋਂ ਕਹਿੰਦੇ ਹਨ ਕਿ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਹਰਾਉਣ ’ਚ ਹਰ ਕੋਸ਼ਿਸ਼ ਕੀਤੀ ਸੀ ਹੁਣ ਜਦੋਂ ਮਨਪ੍ਰੀਤ ਬਾਦਲ ਨੂੰ ਬਠਿੰਡਾ ਨਿਗਮ ਦੇ ਕੌਂਸਲਰ ਮਿਲ ਰਹੇ ਹਨ ਤਾਂ ਰਾਜਾ ਵੜਿੰਗ ਨੇ ਵੀ ਇਹ ਮੋਰਚਾ ਸਾਂਭ ਲਿਆ ਤਾਂ ਜੋ ਕਾਂਗਰਸੀ ਕੌਂਸਲਰ ਕਿਸੇ ਬੁਖਲਾਹਟ ’ਚ ਨਾ ਆ ਜਾਣ ਉਨ੍ਹਾਂ ਵੱਲੋਂ ਦੇਰ ਰਾਤ ਕੌਂਸਲਰਾਂ ਨਾਲ ਇਸੇ ਸੰਦਰਭ ’ਚ ਮੀਟਿੰਗ ਕੀਤੀ ਗਈ ਸੀ।
ਭਾਜਪਾ ’ਚ ਸ਼ਾਮਲ ਹੋ ਕੇ ਕਾਂਗਰਸੀ ਕੌਂਸਲਰਾਂ ਨੂੰ ਮਿਲਣ ਦਾ ਕੀ ਫਾਇਦਾ : ਅਸ਼ੋਕ ਪ੍ਰਧਾਨ
ਬਠਿੰਡਾ ਨਗਰ ਨਿਗਮ ਦੇ ਸੀਨੀ. ਡਿਪਟੀ ਮੇਅਰ ਅਸ਼ੋਕ ਪ੍ਰਧਾਨ ਦਾ ਕਹਿਣਾ ਹੈ ਕਿ ਕਾਂਗਰਸ ਦੇ ਸਾਰੇ ਕੌਂਸਲਰ ਇਕੱਠੇ ਹਨ ਤੇ ਅਖੀਰ ਤੱਕ ਇਕੱਠੇ ਹੀ ਰਹਿਣਗੇ। ਮਨਪ੍ਰੀਤ ਬਾਦਲ ਵੱਲੋਂ ਕਾਂਗਰਸੀ ਕੌਂਸਲਰਾਂ ਨੂੰ ਮਿਲਣ ਬਾਰੇ ਸੁਆਲ ’ਤੇ ਉਨ੍ਹਾਂ ਕਿਹਾ ਕਿ ਜਦੋਂ ਮਨਪ੍ਰੀਤ ਭਾਜਪਾ ’ਚ ਸ਼ਾਮਲ ਹੋ ਗਏ ਹਨ ਤਾਂ ਕਾਂਗਰਸੀ ਕੌਂਸਲਰਾਂ ਨੂੰ ਮਿਲਣ ਦਾ ਕੀ ਫਾਇਦਾ ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਭਾਜਪਾ ’ਚ ਜਾਣ ਦਾ ਫੈਸਲਾ ਮੰਦਭਾਗਾ ਹੈ ਕਿਉਂਕਿ ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ