ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home ਸੂਬੇ ਪੰਜਾਬ ‘ਰਾਜੇ&#...

    ‘ਰਾਜੇ’ ਲਈ ਬਾਦਲਾਂ ਦਾ ਕਿਲ੍ਹਾ ‘ਬਠਿੰਡਾ’ ਢਾਹੁਣਾ ਔਖਾ, ਸ਼ਰੀਕ ਵੀ ਨਹੀਂ ਆ ਰਹੇ ਕੰਮ

    Raja, Badals, Bathinda

    ਹਲਕੇ ਲਈ ਨਵੇਂ ਹਨ ਰਾਜਾ ਵੜਿੰਗ, ਗਿੱਦੜਬਾਹਾ ਸੀਟ ਨਹੀਂ ਆਉਂਦੀ ਬਠਿੰਡਾ ਲੋਕ ਸਭਾ ਅਧੀਨ

    ਹਰਸਿਮਰਤ ਕੌਰ ਬਾਦਲ ਕਰ ਰਹੀ ਐ ਵਿਕਾਸ ਦੀ ਗੱਲ, ਕਾਂਗਰਸ ਨੇ ਵੱਟੀ ਚੁੱਪ

    ਥਰਮਲ ਪਲਾਂਟ ਤੇ ਰਿਫਾਇਨਰੀ ਦਾ ਵਿਵਾਦ ਪੈ ਰਿਹਾ ਐ ਭਾਰੀ

    ਅਸ਼ਵਨੀ ਚਾਵਲਾ, ਬਠਿੰਡਾ

    ਬਾਦਲਾਂ ਦਾ ਕਿਲ੍ਹਾ ‘ਬਠਿੰਡਾ’ ਇਸ ਵਾਰ ਵੀ ਕਾਂਗਰਸ ਲਈ ਢਾਹੁਣਾ ਸੌਖਾ ਨਜ਼ਰ ਨਹੀਂ ਆ ਰਿਹਾ। ਇਸ ਕਿਲ੍ਹੇ ਨੂੰ ਢਾਹੁਣ ਲਈ ਭਾਵੇਂ ਕਾਂਗਰਸ ਨੇ ਆਪਣੇ ‘ਰਾਜੇ’ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ ਪਰ ਇਸ ਰਾਜੇ ਲਈ ਵੀ ਕਿਲ੍ਹੇ ਨੂੰ ਤੋੜਨਾ ਔਖਾ ਜਾਪ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਸਭ ਤੋਂ ਵੱਡੀ ਦਿੱਕਤ ਵਿਕਾਸ ਕੰਮਾਂ ਨੂੰ ਲੈ ਕੇ ਕੀਤੇ ਗਏ ਕਾਂਗਰਸ ਸਰਕਾਰ ਤੇ ਮਨਪ੍ਰੀਤ ਬਾਦਲ ਵੱਲੋਂ ਵਾਅਦੇ ਹੀ ਪੈਦਾ ਕਰ ਰਹੇ ਹਨ, ਜਿਨ੍ਹਾਂ ਨੂੰ ਪੂਰਾ ਨਾ ਕਰਨ ਕਰਕੇ ਰਾਜਾ ਵੜਿੰਗ ਵਿਕਾਸ ਵਾਲੇ ਪਾਸੇ ਆਉਂਦੇ ਹੀ ਨਹੀਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਪਿਛਲੇ 10 ਸਾਲਾਂ ਦੌਰਾਨ ਅਕਾਲੀ ਦਲ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਨੂੰ ਲੈ ਹੀ ਵੋਟ ਮੰਗ ਰਹੀ ਹੈ, ਜਿਸ ਦਾ ਕਿਤੇ ਨਾ ਕਿਤੇ ਬਾਦਲ ਨੂੰ ਫਾਇਦਾ ਵੀ ਹੋ ਰਿਹਾ ਹੈ। ਬਠਿੰਡਾ ਵਿਖੇ ਇਹ ਅਜਬ ਸਥਿਤੀ ਬਣੀ ਹੋਈ ਹੈ।

    ਹਰਸਿਮਰਤ ਕੌਰ ਬਾਦਲ ਸਣੇ ਉਨ੍ਹਾਂ ਦੇ ਪ੍ਰਚਾਰ ‘ਚ ਲੱਗੇ ਅਕਾਲੀ ਤੇ ਵਿਧਾਇਕ ਵਿਕਾਸ ਕੰਮਾਂ ਨੂੰ ਅੱਗੇ ਰੱਖ ਕੇ ਵੋਟ ਮੰਗ ਰਹੇ ਹਨ ਦੂਜੇ ਪਾਸੇ ਮੌਜ਼ੂਦਾ ਸਰਕਾਰ ‘ਚ ਕਾਂਗਰਸੀ ਵਿਧਾਇਕਾਂ ਸਣੇ ਖ਼ੁਦ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸਿੰਘ ਬਾਦਲ ਵਿਕਾਸ ਕੰਮਾਂ ਦੀ ਗੱਲ ਤੱਕ ਨਹੀਂ ਕਰ ਰਹੇ। ਹਰਸਿਮਰਤ ਕੌਰ ਬਾਦਲ ਨੂੰ ਇਸ ਵਾਰ ਸ਼ਰੀਕੇਬਾਜ਼ੀ ਵੀ ਕੋਈ ਜ਼ਿਆਦਾ ਤੰਗ ਪਰੇਸ਼ਾਨ ਨਹੀਂ ਕਰ ਰਹੀਂ ਹੈ, ਜਿਸ ਦਾ ਪਿਛਲੀਆਂ ਲੋਕ ਸਭਾ ਚੋਣਾਂ ‘ਚ ਮਨਪ੍ਰੀਤ ਬਾਦਲ ਦੇ ਚੋਣ ਮੈਦਾਨ ‘ਚ ਹੋਣ ਕਾਰਨ ਸਾਹਮਣਾ ਕਰਨਾ ਪੈ ਰਿਹਾ ਸੀ।

    ਮਨਪ੍ਰੀਤ ਬਾਦਲ ਤੇ ਉਨ੍ਹਾਂ ਦੀ ਪਤਨੀ ਬਠਿੰਡਾ ਸ਼ਹਿਰੀ ਇਲਾਕੇ ‘ਚ ਰਾਜਾ ਵੜਿੰਗ ਦੇ ਹੱਕ ‘ਚ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ ਪਰ ਕਾਫ਼ੀ ਥਾਵਾਂ ‘ਤੇ ਮਨਪ੍ਰੀਤ ਬਾਦਲ ਦਾ ਵਿਰੋਧ ਹੁੰਦਾ ਹੀ ਨਜ਼ਰ ਆਇਆ ਹੈ। ਕਿਤੇ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਗਏ ਥਰਮਲ ਪਲਾਂਟ ਦਾ ਵਿਰੋਧ ਨਜ਼ਰ ਆ ਰਿਹਾ ਹੈ, ਕਿਤੇ ਮਨਪ੍ਰੀਤ ਬਾਦਲ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਦੀ ਰਿਫਾਇਨਰੀ ‘ਚ ਪਿਛਲੇ ਸਾਲ ਰੇਤ ਤੇ ਬੱਜਰੀ ਨੂੰ ਲੈ ਕੇ ਹੋਏ ਵਿਵਾਦ ਦੀ ਗਰਮੀ ਅੱਜ ਵੀ ਬਠਿੰਡਾ ‘ਚ ਦਿਖਾਈ ਦੇ ਰਹੀ ਹੈ ਤੇ ਰਿਫਾਇਨਰੀ ‘ਚ ਕੰਮ ਕਰਦੇ ਜ਼ਿਆਦਾਤਰ ਵਰਕਰ ਕਾਂਗਰਸ ਪਾਰਟੀ ਦੇ ਖ਼ਿਲਾਫ਼ ਹੁੰਦੇ ਹੋਏ ਅਕਾਲੀ ਦਲ ਨੂੰ ਜ਼ਿਆਦਾ ਤੱਵਜੋਂ ਦੇ ਰਹੇ ਹਨ।

    ਗਰੀਬ ਦੇ ਘਰ ਰਹਿ ਕੇ ਵੱਡੀ ਸੱਟ ਮਾਰਨਾ ਚਾਹੁੰਦੇ ਹਨ ਰਾਜਾ ਵੜਿੰਗ

    ਅਮਰਿੰਦਰ ਸਿੰਘ ਰਾਜਾ ਵੜਿੰਗ ਪਿਛਲੇ ਇੱਕ ਹਫ਼ਤੇ ਤੋਂ ਆਪਣੇ ਆਲੀਸ਼ਾਨ ਘਰ ਵਿੱਚ ਰਹਿਣ ਦੀ ਬਜਾਇ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਵਿੱਚ ਕਿਸੇ ਗਰੀਬ ਦੇ ਘਰ ਵਿੱਚ ਰਾਤ ਰਹਿੰਦੇ ਹਨ। ਉਹ ਗਰੀਬ ਦੇ ਘਰ ਰਹਿ ਕੇ ਵੱਡੀ ਸੱਟ ਮਾਰਨ ਦੀ ਕੋਸ਼ਿਸ਼ ਵਿੱਚ ਹਨ। ਰਾਜਾ ਵੜਿੰਗ ਇਸ ਦੇ ਸਹਾਰੇ ਗਰੀਬਾਂ ਤੇ ਖ਼ਾਸ ਕਰਕੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ‘ਚ ਹਨ। ਗਰੀਬ ਦੇ ਘਰ ਰਾਤ ਗੁਜ਼ਾਰਨ ਤੋਂ ਬਾਅਦ ਰਾਜਾ ਵੜਿੰਗ ਉੱਥੇ ਦੇ ਲੋਕਾਂ ਨੂੰ ਇਹ ਵੀ ਪੁੱਛਦੇ ਹਨ ਕੀ ਹਰਸਿਮਰਤ ਕੌਰ ਬਾਦਲ ਵੀ ਕਦੇ ਇਸ ਤਰ੍ਹਾਂ ਕਿਸੇ ਦੇ ਘਰ ਰਹੀ ਹੈ ਜਾਂ ਫਿਰ ਪਿੰਡ ਵਿੱਚ ਜ਼ਿਆਦਾ ਸਮੇਂ ਲਈ ਆਈ ਹੈ। ਇਹ ਗੱਲ ਪਿੰਡਾਂ ਵਿੱਚ ਕਾਫ਼ੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਤੇ ਇਸ ਦਾ ਫਾਇਦਾ ਕਿਤੇ ਨਾ ਕਿਤੇ ਰਾਜਾ ਵੜਿੰਗ ਨੂੰ ਹੋ ਰਿਹਾ ਹੈ। ਪੇਂਡੂ ਵੋਟ ਨੂੰ ਆਪਣੇ ਵਾਲੇ ਪਾਸੇ ਕਰਨ ਦੇ ਮਕਸਦ ਨਾਲ ਰਾਜਾ ਵੜਿੰਗ ਬਠਿੰਡਾ ‘ਚ ਹਰਸਿਮਤਰ ਕੌਰ ਦਾ ਕਿਲ੍ਹਾ ਢਾਹੁਣ ਦੀ ਕੋਸ਼ਿਸ਼ ‘ਚ ਹਨ।

    ਪਰਕਾਸ਼ ਸਿੰਘ ਬਾਦਲ ਨੇ ਸੰਭਾਲੀ ਹੋਈ ਐ ਪਿੰਡਾਂ ਦੀ ਕਮਾਨ

    ਪਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡਾ ਹਲਕੇ ਦੇ ਪਿੰਡਾਂ ਦੀ ਕਮਾਨ ਸੰਭਾਲੀ ਹੋਈ ਹੈ। ਉਹ ਲੰਬੀ ਤੋਂ ਬਾਅਦ ਹੁਣ ਬਠਿੰਡਾ ਲੋਕ ਸਭਾ ਹਲਕੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਪ੍ਰਚਾਰ ਲਈ ਨਿਕਲ ਚੁੱਕੇ ਹਨ। ਪਿੰਡਾਂ ‘ਚ ਖਾਸਕਰ ਬਜ਼ੁਰਗ ਤੇ ਪੁਰਾਣੇ ਵਰਕਰ ਵੱਡੇ ਬਾਦਲ ਨੂੰ ਪਸੰਦ ਕਰਦੇ ਹਨ, ਜਿਸ ਫਾਇਦਾ ਹਰਸਿਮਰਤ ਕੌਰ ਬਾਦਲ ਨੂੰ ਹੋ ਰਿਹਾ ਹੈ। ਜਿਹੜੇ ਪਿੰਡਾਂ ‘ਚ ਹਰ ਸਿਮਰਤ ਬਾਦਲ ਦੀ ਹਾਲਤ ਠੀਕ ਨਹੀਂ ਦੱਸੀ ਜਾ ਰਹੀ ਹੈ, ਉਨ੍ਹਾਂ ਪਿੰਡਾਂ ਨੂੰ ਹੀ ਜ਼ਿਆਦਾ ਟਾਰਗੇਟ ਕਰਦੇ ਹੋਏ ਪਰਕਾਸ਼ ਸਿੰਘ ਬਾਦਲ ਖ਼ੁਦ ਜਾ ਰਹੇ ਹਨ।

    ਕਾਂਗਰਸ ਨੂੰ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਹੋ ਸਕਦਾ ਹੈ ਨੁਕਸਾਨ

    ਬਠਿੰਡਾ ਲੋਕ ਸਭਾ ਸੀਟ ਅਧੀਨ ਆਉਂਦੇ ਮਾਨਸਾ ਹਲਕੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਨੂੰ ਭਾਵੇਂ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਕਰ ਲਿਆ ਹੈ ਪਰ ਇਸ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਹਲਕੇ ਦੇ ਆਪ ਵਰਕਰ ਮਾਨਸ਼ਾਹੀਆਂ ਦੀ ਸਿਆਸੀ ਪਾਰਟੀ ਕਰਨ ਨਰਾਜ ਦੱਸੇ ਜਾ ਰਹੇ ਹਨ ਹੁਣ ਸਥਿਤੀ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਮਾਨਸ਼ਾਹੀਆਂ ਕਿੰਨੇ ਕੁ ਆਪ ਵਰਕਰਾਂ ਦਾ ਸਾਥ ਹਾਸਲ ਕਰਦੇ ਹਨ ਮਾਨਸਾ ਦੇ ਕਾਂਗਰਸੀ ਵੀ ਇਸ ਗੱਲ ਨੂੰ ਲੈ ਕੇ ਨਰਾਜ਼ ਹਨ ਕਿ ਕਾਂਗਰਸ ਪਾਰਟੀ ਨੇ ਨਾਜ਼ਰ ਸਿੰਘ ਨੂੰ ਜਿਮਨੀ ਚੋਣ ਮੌਕੇ ਆਪਣਾ ਉਮੀਦਵਾਰ ਬਣਾਉਣ ਦਾ ਵਾਅਦਾ ਕੀਤਾ ਹੋਇਆ ਹੈ ਅਤੇ ਜ਼ਿਆਦਾਤਰ ਸਥਾਨਕ ਕਾਂਗਰਸੀ ਲੀਡਰ ਇਸ ਨੂੰ ਲੈ ਕੇ ਨਰਾਜ਼ਗੀ ਜਤਾਉਂਦੇ ਹੋਏ ਆਪਣੇ ਘਰਾਂ ਤੱਕ ਬੈਠ ਗਏ ਹਨ।

    ਸੁਖਪਾਲ ਖਹਿਰਾ ਤੇ ਬਲਜਿੰਦਰ ਕੌਰ ਨਹੀਂ ਦਿਖਾਈ ਦੇ ਰਹੇ ਗਰਾਊਂਡ ‘ਤੇ

    ਬਠਿੰਡਾ ਲੋਕ ਸਭਾ ਸੀਟ ਦੇ ਗਰਾਊਂਡ ‘ਤੇ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਜ਼ਿਆਦਾ ਦਿਖਾਈ ਹੀ ਨਹੀਂ ਦੇ ਰਹੇ। ਇਸ ਲੋਕ ਸਭਾ ਸੀਟ ‘ਤੇ ਇਨ੍ਹਾਂ ਦੋਵਾਂ ਲੀਡਰਾਂ ਕੋਲ ਕੋਈ ਜ਼ਿਆਦਾ ਵਰਕਰ ਨਾ ਹੋਣ ਦੇ ਕਾਰਨ ਇਨ੍ਹਾਂ ਦੇ ਪ੍ਰੋਗਰਾਮ ਵੀ ਘੱਟ ਹੋ ਰਹੇ ਹਨ ਤੇ ਪਰਿਵਾਰਕ ਮੈਂਬਰ ਵੀ ਗੈਰ ਸਿਆਸੀ ਹੋਣ ਦੇ ਕਾਰਨ ਉਹ ਵੀ ਇਨ੍ਹਾਂ ਦੇ ਹੱਕ ‘ਚ ਵੱਖਰੇ ਤੌਰ ‘ਤੇ ਕੋਈ ਜ਼ਿਆਦਾ ਰੈਲੀਆਂ ਜਾਂ ਫਿਰ ਨੁੱਕੜ ਮੀਟਿੰਗਾਂ ਨਹੀਂ ਕਰ ਰਹੇ ਸੁਖਪਾਲ ਖਹਿਰਾ ਦਾ ਬਠਿੰਡਾ ਸੀਟ ‘ਤੇ ਕੋਈ ਜਿਆਦਾ ਆਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਗਰਾਊਂਡ ਵਿੱਚ ਕੋਈ ਜ਼ਿਆਦਾ ਉਤਸ਼ਾਹ ਵੀ ਨਹੀਂ ਮਿਲ ਰਿਹਾ, ਹਾਲਾਂਕਿ ਮੌੜ ਮੰਡੀ ਵਿਖੇ ਕੁਝ ਹੱਦ ਤੱਕ ਸੁਖਪਾਲ ਖਹਿਰਾ ਨੂੰ ਵੋਟ ਮਿਲਣ ਦੇ ਆਸਾਰ ਹਨ, ਕਿਉਂਕਿ ਇਸ ਸੀਟ ਤੋਂ ਜਗਦੇਵ ਸਿੰਘ ਕਮਾਲੂ ਵਿਧਾਇਕ ਹਨ ਤੇ ਉਹ ਖਹਿਰਾ ਨਾਲ ਤੁਰ ਰਹੇ ਹਨ। ਬਲਜਿੰਦਰ ਕੌਰ ਨੂੰ ਤਲਵੰਡੀ ਸਾਬੋ ਤੋਂ ਹੀ ਕੁਝ ਵੋਟਾਂ ਜਰੂਰ ਮਿਲਣਗੀਆਂ ਪਰ ਤਲਵੰਡੀ ਤੋਂ ਬਾਹਰ ਉਸ ਦੇ ਹੱਕ ਵਿੱਚ ਕੋਈ ਜ਼ਿਆਦਾ ਆਵਾਜ਼ ਨਜ਼ਰ ਨਹੀਂ ਆ ਰਹੀ ਹੈ।

    ਪੰਜਾਬ ਭਰ ‘ਚ ਜਿੱਤੇ ਸਨ ਅਮਰਿੰਦਰ, ਲੰਬੀ ਤੋਂ ਮਿਲੀ ਸੀ ਵੱਡੀ ਹਾਰ

    ਬਠਿੰਡਾ ਲੋਕ ਸਭਾ ਹਲਕੇ ਵਿੱਚ ਆਉਂਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਬਾਦਲਾਂ ਦੇ ਗੜ੍ਹ ਵਿੱਚ ਪਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਿੱਚ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਸਫ਼ਲ ਨਹੀਂ ਹੋ ਸਕੇ ਸਨ। ਅਮਰਿੰਦਰ ਸਿੰਘ ਨੇ 2017 ਵਿੱਚ ਲੰਬੀ ਵਿਧਾਨ ਸਭਾ ਸੀਟ ਤੋਂ ਵੀ ਚੋਣ ਲੜੀ ਸੀ ਤੇ ਪੰਜਾਬ ਭਰ ਵਿੱਚ ਕਾਂਗਰਸ ਦੀ ਲਹਿਰ ਸੀ, ਜਿਸ ਕਾਰਨ ਕਾਂਗਰਸ ਇੱਕ ਤਿਹਾਈ ਬਹੁਮਤ ਨਾਲ ਸੱਤਾ ‘ਚ ਆਈ ਸੀ ਪਰ ਲੰਬੀ ਵਿਧਾਨ ਸਭਾ ਸੀਟ ‘ਤੇ ਅਮਰਿੰਦਰ ਸਿੰਘ ਨੂੰ ਪਰਕਾਸ਼ ਸਿੰਘ ਬਾਦਲ ਨੇ 22 ਹਜ਼ਾਰ 770 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ। ਜਿਸ ਕਾਰਨ ਬਾਦਲਾਂ ਦੇ ਗੜ੍ਹ ‘ਚ ਉਨ੍ਹਾਂ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਹੈ

    ਮਜੀਠੀਆ ਨੇ ਸੰਭਾਲੀ ਹੋਈ ਐ ਬਠਿੰਡਾ ਸ਼ਹਿਰ ਦੀ ਕਮਾਨ, ਮਨਪ੍ਰੀਤ ਹਨ ਨਿਸ਼ਾਨੇ ‘ਤੇ

    ਬਿਕਰਮ ਮਜੀਠੀਆ ਨੇ ਬਠਿੰਡਾ ਸ਼ਹਿਰੀ ਦੀ ਕਮਾਨ ਸੰਭਾਲਦੇ ਹੋਏ ਉੱਥੇ ਹੀ ਮੋਰਚਾ ਲਾਇਆ ਹੋਇਆ ਹੈ। ਮਜੀਠੀਆ ਪਿਛਲੇ 10-15 ਦਿਨਾਂ ਤੋਂ ਗਲੀ-ਗਲੀ  ਘੁੰਮਦੇ ਹੋਏ ਇੱਕ ਇੱਕ ਵੋਟਰ ਤੱਕ ਪਹੁੰਚ ਕਰ ਰਹੇ ਹਨ। ਮਜੀਠੀਆ ਦੇ ਕਾਰਨ ਸ਼ਹਿਰ ਦਾ ਨੌਜਵਾਨ ਵੀ ਨਾਲ ਚੱਲ ਰਹੇ ਹਨ ਤੇ ਉਨ੍ਹਾਂ ਦੇ ਤੱਤੇ ਤਿਖੇ ਦੇ ਭਾਸ਼ਣ ਨੂੰ ਵੀ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਉਹ ਸ਼ਹਿਰ ‘ਚ ਪ੍ਰਚਾਰ ਦੌਰਾਨ ਮਨਪ੍ਰੀਤ ਬਾਦਲ ਨੂੰ ਹੀ ਨਿਸ਼ਾਨੇ ‘ਤੇ ਰੱਖ ਰਹੇ ਹਨ ਪਰ ਕਿਸੇ ਵੀ ਥਾਂ ‘ਤੇ ਮਨਪ੍ਰੀਤ ਬਾਦਲ ਦਾ ਨਾਂਅ ਲਏ ਬਿਨਾਂ ਸਿਰਫ਼ ਖਜਾਨਾ ਮੰਤਰੀ ਤੱਕ ਹੀ ਸੀਮਤ ਰੱਖ ਰਹੇ ਹਨ। ਉਹ ਆਪਣੇ ਨਾਲ ਹਰ ਨੁੱਕੜ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਸਮੇਂ ਬਠਿੰਡਾ ਸ਼ਹਿਰ ਲਈ ਤਿਆਰ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਲੈ ਕੇ ਜਾਂਦੇ ਹਨ ਅਤੇ ਸ਼ਹਿਰ ਲਈ ਕੀਤੇ ਗਏ ਹਰ ਵਾਅਦੇ ਨੂੰ ਪੜ੍ਹਦੇ ਹੋਏ ਆਮ ਲੋਕਾਂ ਤੋਂ ਹੀ ਪੁੱਛ ਰਹੇ ਹਨ ਕੀ ਇਹ ਵਾਅਦੇ ਪੂਰੇ ਹੋਏ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here