Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

Weather Report

ਸ਼ਿਮਲਾ, (ਸੱਚ ਕਹੂੰ ਨਿਊਜ਼)। ਹਿਮਾਚਲ (Rain In Himachal) ਪ੍ਰਦੇਸ਼ ’ਚ ਮਈ ਮਹੀਨੇ ’ਚ ਮੌਸਮ ਨੇ ਕਈ ਰਿਕਾਰਡ ਤੋੜ ਦਿੱਤੇ। ਰਾਜਧਾਨੀ ਸ਼ਿਮਲਾ ’ਚ 36 ਸਾਲ ਬਾਅਦ ਮਈ ’ਚ ਮੀਂਹ ਪਿਆ। ਸ਼ਹਿਰ ’ਚ ਇਸ ਸਾਲ ਮਈ ’ਚ 177.4 ਮਿਲੀਮੀਟਰ ਮੀਂਹ ਪਿਆ। ਇਸ ਤੋਂ ਪਹਿਲਾਂ ਸਾਲ 1987 ’ਚ ਇਸੇ ਮਹੀਨੇ 250.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਇਸ ਸਾਲ ਮਈ ਦੇ ਜ਼ਿਆਦਾਤਰ ਦਿਨਾਂ ਤੱਕ ਸ਼ਿਮਲਾ ’ਚ ਮੀਂਹ ਪੈਂਦਾ ਰਿਹਾ। ਇਸ ਦੇ ਨਾਲ ਹੀ, ਮਈ ’ਚ ਪਹਿਲੀ ਵਾਰ ਧਰਮਸਾਲਾ ’ਚ ਸਭ ਤੋਂ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਨਿੱਚਰਵਾਰ ਨੂੰ ਵੀ ਸੂਬੇ ਦੇ ਕਈ ਇਲਾਕਿਆਂ ’ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੇ ਨਾਲ ਧੁੱਪ ਨਿਕਲੀ।

ਇਹ ਵੀ ਪੜ੍ਹੋ : ਰੇਲ ਹਾਦਸਿਆਂ ਦਾ ਸਿਲਸਿਲਾ

ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ (Rain In Himachal) ਤੋਂ ਸ਼ੁੱਕਰਵਾਰ ਨੂੰ ਕੁਝ ਰਾਹਤ ਮਿਲੀ। ਰਾਜਧਾਨੀ ਸ਼ਿਮਲਾ ’ਚ ਸ਼ਾਮ ਨੂੰ ਮੀਂਹ ਪਿਆ। ਸ਼ੁੱਕਰਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ’ਚ ਆਮ ਨਾਲੋਂ 10 ਡਿਗਰੀ ਦੀ ਗਿਰਾਵਟ ਦਰਜ ਕੀਤਾ ਗਿਆ। ਸੂਬੇ ’ਚ ਮੌਸਮ ’ਚ ਆਏ ਬਦਲਾਅ ਕਾਰਨ ਸਵੇਰ ਅਤੇ ਸ਼ਾਮ ਨੂੰ ਠੰਡ ਵਧ ਗਈ ਹੈ। ਮੌਸਮ ਵਿਭਾਗ ਨੇ 6 ਜੂਨ ਤੱਕ ਸੂਬੇ ਦੇ ਕਈ ਹਿੱਸਿਆਂ ’ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੌਰਾਨ ਕੁਝ ਹਿੱਸਿਆਂ ’ਚ ਮੀਂਹ ਅਤੇ ਉੱਚੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ’ਚ 4 ਅਤੇ 5 ਜੂਨ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।