ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਨੂੰ ਯਾਦ ਕਰਦਿਆਂ…

Yuga Purush Bhagat Puran Singh Ji

4 ਜੂਨ 1904 ਨੂੰ ਸ਼ਿੱਬੂਮਲ ਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਂ ਰਾਮਜੀ ਦਾਸ ਰੱਖਿਆ ਗਿਆ। ਸ਼ਿੱਬੂਮਲ ਇੱਕ ਚੰਗੇ ਸ਼ਾਹੂਕਾਰ ਸਨ ਤੇ ਮਾਤਾ ਮਹਿਤਾਬ ਕੌਰ ਧਾਰਮਿਕ ਬਿਰਤੀ ਦੇ ਮਾਲਕ ਸਨ। ਉਨ੍ਹਾਂ ਨੇ ਰਾਮਜੀ ਦਾਸ ਨੂੰ ਬਚਪਨ ਵਿੱਚ ਅਨੇਕਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਸੁਣਾਈਆਂ ਜਿਨ੍ਹਾਂ ਦਾ ਪ੍ਰਭਾਵ ਰਾਮਜੀ ਦਾਸ ਦੇ ਜੀਵਨ ਉੱਪਰ ਅੱਗੇ ਜਾ ਕੇ ਬਹੁਤ ਪਿਆ।

ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ (Yuga Purush Bhagat Puran Singh Ji) ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵੀ ਵਿਚਾਲੇ ਹੀ ਛੱਡਣੀ ਪਈ ਪਰ ਰਾਮਜੀ ਦਾਸ ਜੀ (ਭਗਤ ਪੂਰਨ ਸਿੰਘ ਜੀ) ਨੇ ਅੱਗੇ ਜਾ ਕੇ ਆਪਣੀ ਜ਼ਿੰਦਗੀ ਵਿੱਚ ਲਾਹੌਰ ਤੇ ਅੰਮਿ੍ਰਤਸਰ ਦੀਆਂ ਸੜਕਾਂ ’ਤੇ ਵਿਚਰਦਿਆਂ ‘ਮਾਸਟਰ ਆਫ ਪੀਪਲਜ ਸਰਵਿਸ’ ਦੀ ਡਿਗਰੀ ਜਰੂਰ ਪ੍ਰਾਪਤ ਕਰ ਲਈ। ਇੱਕ ਵਾਰ ਕਿਰਾਇਆ ਨਾ ਹੋਣ ਕਰਕੇ ਲੁਧਿਆਣੇ ਤੋਂ ਖੰਨੇ ਪੈਦਲ ਜਾਂਦਿਆਂ ਰਾਤ ਦੇ ਰਹਿਣ ਦਾ ਫਿਕਰ ਮਨ ਵਿੱਚ ਸੀ ਕਿਉਂਕਿ ਮਗਰ ਪਿਤਾ ਜੀ ਸ਼ਿੱਬੂਮੱਲ ਵਾਲਾ ਘਰ ਉੱਜੜ ਗਿਆ ਸੀ ਤੇ ਮਾਂ ਲਾਹੌਰ ਗਈ ਹੋਈ ਸੀ। ਦਿਨ ਢਲ ਰਿਹਾ ਸੀ ਰਾਤ ਦਾ ਕੋਈ ਟਿਕਾਣਾ ਨਹੀਂ ਸੀ।

ਇਹ ਵੀ ਪੜ੍ਹੋ : ਰੇਲ ਹਾਦਸਿਆਂ ਦਾ ਸਿਲਸਿਲਾ

ਇੰਝ ਚੱਲਦਿਆਂ ਦੁਰਾਹੇ ਵਾਲੀ ਜਰਨੈਲੀ ਸੜਕ ’ਤੇ (Yuga Purush Bhagat Puran Singh Ji) ਇੱਕ ਖੂਹੀ ਉੱਤੇ ਦੋ ਸਿੱਖ ਮਿਲੇ, ਉਨ੍ਹਾਂ ਵਿੱਚੋਂ ਇੱਕ ਨੇਤਰਹੀਣ ਸਿੱਖ ਬਾਣੀ ਪੜ੍ਹਦਾ ਰਹਿੰਦਾ ਦੂਜਾ ਸਿੱਖ ਰਾਹੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ। ਉਨ੍ਹਾਂ ਨਾਲ ਗੱਲ ਕਰਦਿਆਂ ‘ਭਗਤ ਜੀ’ ਨੇ ਆਪਣੇ ਵਰਤ ਰੱਖੇ ਹੋਣ ਤੇ ਖੋਲ੍ਹਣ ਦੀ ਮੰਗ ਉਨ੍ਹਾਂ ਅੱਗੇ ਰੱਖੀ ਕਿ ਮਿੱਠੇ ਨਾਲ ਰੋਟੀ ਖਾ ਕੇ ਕੀ ਹੀ ਵਰਤ ਖੋਲ੍ਹਿਆ ਜਾ ਸਕਦਾ। ਗੁਰੂ ਦੇ ਸਿੱਖ ਨੇ ਭਗਤ ਪੂਰਨ ਸਿੰਘ ਦੀ ਭਾਵਨਾ ਦੀ ਕਦਰ ਕਰਦਿਆਂ ਆਪਣੇ ਘਰ ਰਹਿਣ ਲਈ ਟਿਕਾਣਾ ਦਿੱਤਾ ਤੇ ਵਰਤ ਵੀ ਖੁਲ੍ਹਵਾਇਆ। ਗੁਰੂ ਦੇ ਸਿੱਖ ਦੀ ਇਸ ਸੇਵਾ ਭਾਵਨਾ ਤੋਂ ਆਪ ਜੀ ਪ੍ਰਭਾਵਿਤ ਹੋਏ ਉਨ੍ਹਾਂ ਦੇ ਕਹਿਣ ’ਤੇ ਇੱਥੋਂ ਹੀ ਆਪ ਗੁਰਦੁਆਰਾ ਰੇਰੂ ਸਾਹਿਬ ਚਲੇ ਗਏ। ਸੰਗਤ ਵਿੱਚ ਵਿਚਰਦਿਆਂ ਆਪ ਜੀ ਦਾ ਝੁਕਾਅ ਗੁਰੂ ਘਰ ਵੱਲ ਜ਼ਿਆਦਾ ਹੋ ਗਿਆ।

ਇਸ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਦੇ ਪਵਿੱਤਰ (Yuga Purush Bhagat Puran Singh Ji) ਮਾਹੌਲ ਤੇ ਮਹੰਤ ਸਾਹਿਬ ਭਾਈ ਕਿਸ਼ਨ ਸਿੰਘ ਜੀ ਦੇ ਸੁਹਿਰਦ ਵਤੀਰੇ ਨੇ ਰਾਮਜੀ ਦਾਸ ਨੂੰ ‘ਪੂਰਨ ਸਿੰਘ’ ਬਣਾ ਦਿੱਤਾ। ਭਗਤ ਪੂਰਨ ਸਿੰਘ ਆਪਣੇ-ਆਪ ਨੂੰ ਗੁਰੂ ਘਰ ਦਾ ਪਹਿਰੇਦਾਰ ਕਹਿ ਕੇ ਖੁਸ਼ ਹੁੰਦੇ ਸਨ। ਉਨ੍ਹਾਂ ਨੇ 1924 ਤੋਂ 1947 ਤੱਕ ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ-ਛਾਇਆ ਹੇਠ ਆਪਣਾ ਜੀਵਨ ਬਤੀਤ ਕੀਤਾ। ਇਸ ਦੌਰਾਨ 1934 ਵਿੱਚ ਜਦੋਂ ਉਹ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੇਵਾ ਕਰਦੇ ਸਨ ਤਾਂ ਇੱਕ ਦਿਨ ਉਹਨਾਂ ਨੂੰ ਗੁਰਦੁਆਰੇ ਦੇ ਗੇਟ ਤੋਂ ਬਾਹਰ ਇੱਕ ਚਾਰ ਸਾਲ ਦਾ ਅਪਾਹਿਜ਼ ਬੱਚਾ ਮਿਲਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅੱਛਰ ਸਿੰਘ ਨੇ ਬੱਚੇ ਨੂੰ ਭਗਤ ਜੀ ਦੀ ਝੋਲੀ ਪਾ ਕੇ ਆਖਿਆ, ‘‘ਪੂਰਨ ਸਿੰਘ! ਤੂੰ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ।’’ ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿੱਬੜਿਆ ਤੇ ਉਸ ਦਾ ਨਾਂ ‘ਪਿਆਰਾ ਸਿੰਘ’ ਹੋ ਗਿਆ।

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਪਿੱਲਰ ਨਾਲ ਟਕਰਾਈ

ਭਗਤ ਪੂਰਨ ਸਿੰਘ ਕਈ ਸਾਲ ਇਸ ਲਾਚਾਰ ਬੱਚੇ ਨੂੰ ਵੱਖ-ਵੱਖ ਥਾਵਾਂ ’ਤੇ ਮੋਢਿਆਂ ’ਤੇ ਚੁੱਕ ਕੇ ਫਿਰਦੇ ਰਹੇ ਕਿਉਂਕਿ ਉਸ ਵੇਲੇ ਉਨ੍ਹਾਂ ਕੋਲ ਕੋਈ ਪੱਕੀ ਜਗ੍ਹਾ ਨਹੀਂ ਸੀ। 1949 ਤੋਂ 1958 ਈ. ਤੱਕ ਭਗਤ ਪੂਰਨ ਸਿੰਘ ਨੇ ਫੁੱਟਪਾਥਾਂ, ਰੁੱਖਾਂ ਦੀ ਛਾਵੇਂ ਲਵਾਰਿਸਾਂ ਤੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। ਭਗਤ ਪੂਰਨ ਸਿੰਘ ਜੀ ਨੇ ਆਪਣਾ ਜ਼ਿਆਦਾਤਰ ਜੀਵਨ ਬਿਨਾਂ ਕਿਸੇ ਸਵਾਰਥ ਤੋਂ ਬਜ਼ੁਰਗਾਂ, ਬਿਮਾਰਾਂ ਤੇ ਬੇਆਸਰਿਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਭਗਤ ਜੀ ਨੂੰ ਜੋ ਵੀ ਸਮਾਂ ਮਿਲਦਾ, ਉਹ ਵੱਖ-ਵੱਖ ਲਾਇਬ੍ਰੇਰੀਆਂ ਵਿਚ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਦੇ ਅਤੇ ਉਨ੍ਹਾਂ ਦੇ ਦੁੱਖਾਂ ਦੇ ਹੱਲ ਬਾਰੇ ਸੋਚਦੇ। ਇਸ ਦੌਰਾਨ ਸਮੇਂ ਦੀ ਲੋੜ ਸਮਝਦਿਆਂ 30 ਮਈ, 1955 ਨੂੰ ਭਗਤ ਜੀ ਨੇ ‘ਪੂਰਨ ਪਿ੍ਰੰਟਿੰਗ ਪ੍ਰੈੱਸ’ ਦੀ ਸਥਾਪਨਾ ਕੀਤੀ ਸੀ।

ਇਹ ਵੀ ਪੜ੍ਹੋ : ਗੁਜਰਾਤ ‘ਚ 200 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਢਾਈ ਸਾਲ ਦੀ ਬੱਚੀ

6 ਸਤੰਬਰ, 1957 ਨੂੰ ਉਨ੍ਹਾਂ ਨੇ ਰਜਿਸਟ੍ਰਾਰ ਆਫ ਕੰਪਨੀਜ਼, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮਿ੍ਰਤਸਰ’ ਦੀ ਰਜਿਸਟ੍ਰੇਸ਼ਨ ਕਰਵਾਈ ਸੀ। 27 ਨਵੰਬਰ 1958 ਨੂੰ ਭਗਤ ਜੀ ਨੇ 16,964 ਰੁਪਏ ਵਿਚ ਮੌਜੂਦਾ ਪਿੰਗਲਵਾੜੇ ਵਾਲੀ ਥਾਂ (ਤਹਿਸੀਲਪੁਰਾ, ਜੀ. ਟੀ. ਰੋਡ, ਅੰਮਿ੍ਰਤਸਰ) ਖਰੀਦੀ ਜੋ ਕਿ ਬੇਆਸਰਿਆਂ ਲਈ ਆਸਰਾ ਬਣੀ। ਮੌਜੂਦਾ ਸਮੇਂ ‘ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮਿ੍ਰਤਸਰ ਦੀ ਸੇਵਾ ਡਾ. ਇੰਦਰਜੀਤ ਕੌਰ ਜੀ ਨਿਭਾ ਰਹੇ ਹਨ। ਭਗਤ ਪੂਰਨ ਸਿੰਘ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1984 ਵਿੱਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੀ ਘਟਨਾ ਦਾ ਭਗਤ ਪੂਰਨ ਸਿੰਘ ਦੇ ਸੇਵਾ ਭਾਵਨਾ ਵਾਲੇ ਮਨ ਨੂੰ ਗਹਿਰਾ ਸਦਮਾ ਪਹੁੰਚਿਆ ਜਿਸ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਨੇ ‘ਪਦਮਸ਼੍ਰੀ‘ ਐਵਾਰਡ ਵਾਪਸ ਕਰ ਦਿੱਤਾ।

ਇਸ ਤੋਂ ਇਲਾਵਾ 1990 ਵਿੱਚ ‘ਹਾਰਮਨੀ ਪੁਰਸਕਾਰ’, 1991 ਵਿੱਚ ‘ਰੋਗ ਰਤਨ ਪੁਰਸਕਾਰ’ ਅਤੇ 1991 ਵਿੱਚ ਹੀ ਭਾਈ ਘਨ੍ਹੱਈਆ ਐਵਾਰਡ ਨਾਲ ਨਿਵਾਜਿਆ ਗਿਆ। ਭਗਤ ਪੂਰਨ ਸਿੰਘ ਨੇ 23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਕਰਵਾਏ ਜਿੰਨ੍ਹਾਂ ਵਿੱਚ ਸਾਹਿਤ ਦੇ ਵੱਖ-ਵੱਖ ਰੂਪ ਮੌਜੂਦ ਹਨ। ਭਗਤ ਪੂਰਨ ਸਿੰਘ ਨੇ 6 ਮਾਰਚ 1957 ਨੂੰ ਪੂਰਨ ਪਿ੍ਰੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਸੀ। ਇੱਥੋਂ ਪ੍ਰਕਾਸ਼ਤ ਸਾਰਾ ਸਾਹਿਤ ਮੁਫਤ ਰੂਪ ਵਿੱਚ ਪਾਠਕਾਂ ਵਿੱਚ ਵੰਡਿਆਂ ਜਾਂਦਾ ਅਤੇ ਅੱਜ ਵੀ ਇਹ ਪਿਰਤ ਪਿੰਗਲਵਾੜਾ ਸੰਸਥਾ ਵੱਲੋਂ ਨਿਰੰਤਰ ਜਾਰੀ ਹੈ। ਭਗਤ ਪੂਰਨ ਸਿੰਘ ਜੀ ਨੇ ਪੰਜਾਬੀ ਦਾ ਇੱਕ ਮਹੀਨੇਵਾਰੀ ਰਸਾਲਾ ‘ਜੀਵਨ ਲਹਿਰ’ ਵੀ ਸੰਪਾਦਿਤ ਕੀਤਾ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਕੀਤੀ ਚਰਚਾ

ਇਸ ਕਰਕੇ ਡਾ. ਸ਼ਿਆਮ ਸੁੰਦਰ ਦੀਪਤੀ ਭਗਤ ਪੂਰਨ ਸਿੰਘ ਨੂੰ ‘ਕੁਦਰਤ ਦਾ ਹਾਣੀ’ ਕਹਿੰਦੇ ਹਨ ਭਗਤ ਪੂਰਨ ਸਿੰਘ ਪਿੰਗਲਵਾੜਾ ਜੀ ਦੇ ਸੰਘਰਸ਼ਮਈ ਜੀਵਨ ’ਤੇ ‘ਏਹੁ ਜਨਮ ਤੁਮ੍ਹਾਰੇ ਲੇਖੇ’ ਇੱਕ ਪੰਜਾਬੀ ਫੀਚਰ ਫਿਲਮ ਬਣਾਈ ਗਈ, ਜੋ ਕਿ 30 ਜਨਵਰੀ 2015 ਨੂੰ ਦੇਸ਼-ਵਿਦੇਸ਼ਾਂ ਵਿੱਚ ਚਲਾਈ ਗਈ। ਇਸ ਫਿਲਮ ਰਾਹੀਂ ‘ਭਗਤ’ ਜੀ ਦੀ ਸਾਦੀ ਰਹਿਣੀ-ਬਹਿਣੀ ਤੇ ਉਨ੍ਹਾਂ ਦੀ ਸੱਚੀ-ਸੁੱਚੀ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਆਪਣੀ ਜ਼ਿੰਦਗੀ ਦੇ 88 ਸਾਲ 2 ਮਹੀਨੇ ਤੇ 2 ਦਿਨ ਇਸੇ ਤਰ੍ਹਾਂ ਬੇਸਹਾਰਿਆਂ ਦੇ ਸਹਾਰੇ ਬਣਕੇ ਨਿਸ਼ਕਾਮ ਸੇਵਾ ਨਿਭਾਉਂਦਿਆਂ 5 ਅਗਸਤ, 1992 ਨੂੰ ਭਗਤ ਪੂਰਨ ਸਿੰਘ ਜੀ ਆਪਣੀ ਦੇਹੀ ਤਿਆਗ ਗਏ।

ਆਪਣੀ ਨਿਸ਼ਕਾਮ ਸੇਵਾ ਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਉਹ ਹਮੇਸਾ ਸਾਡੇ ਅੰਗ-ਸੰਗ ਰਹਿਣਗੇ। ਉਹ ਸੱਚਮੁੱਚ ਭਗਤ ਸਨ ਪੂਰਨ ਸਨ ਤੇ ਸਿੰਘ ਸਨ। ਉਹ ਆਪਣੀ ਸੇਵਾ ਦੀ ਬਦੌਲਤ ਭਾਈ ਘਨ੍ਹੱਈਆ ਜੀ, ਭਾਈ ਬਹਿਲੋ ਜੀ ਤੇ ਭਾਈ ਮੰਝ ਜੀ ਦੇ ਵਾਰਿਸ ਹੋ ਨਿਭੇ। ਅਜਿਹੀਆਂ ਸੱਚੀਆਂ-ਸੁੱਚੀਆਂ ਮਹਾਨ ਰੂਹਾਂ ਨੂੰ ਯਾਦ ਕਰਦਿਆਂ, ਉਨ੍ਹਾਂ ਦੇ ਕੀਤੇ ਨੇਕ ਕਾਰਜਾਂ ਨੂੰ ਸਜਦੇ ਕਰਦਿਆਂ ਅੱਜ ਲੋੜ ਹੈ ਕਿ ਅਸੀਂ ਵੀ ਉਨ੍ਹਾਂ ਦੇ ਬਣਾਏ ਰਾਹਾਂ ਦੇ ਰਾਹੀ ਬਣਨ ਦੀ ਕੋਸ਼ਿਸ਼ ਜ਼ਰੂਰ ਕਰੀਏ।