ਹਲਕੇ ਮੀਂਹ ਅਤੇ ਹਨ੍ਹੇਰੀ ਨੇ ਮਿਹਨਤ ‘ਤੇ ਪਾਣੀ ਫੇਰਆ
ਰਾਮਾਂ ਮੰਡੀ (ਸਤੀਸ਼ ਜੈਨ) ਹਲਕੇ ਮੀਂਹ ਅਤੇ ਹਨ੍ਹੇਰੀ ਨਾਲ ਨੇੜਲੇ ਪਿੰਡ ਮਲਕਾਣਾ ਦੇ ਕਈ ਕਿਸਾਨਾਂ ਦੀ ਕਰੀਬ 15 ਏਕੜ ਜਮੀਨ ‘ਚ ਬੀਜੀ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ ਕਿਸਾਨ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪਾਲ ਸਿੰਘ ਪੁੱਤਰ ਭੂਰਾ ਸਿੰਘ, ਅ੍ਰੰਮਿਤਪਾਲ ਸਿੰਘ ਪੁੱਤਰ ਗੁਰਲਾਲ ਸਿੰਘ, ਮੇਵਾ ਸਿੰਘ ਪੁੱਤਰ ਗੁਰਦੇਵ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ ਪੁੱਤਰ ਅਜਮੇਰ ਸਿੰਘ, ਹਰਚਰਨ ਸਿੰਘ ਪੁੱਤਰ ਗੋਬਿੰਦ ਸਿੰਘ ਅਤੇ ਜਲੌਰ ਸਿੰਘ ਪੁੱਤਰ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ ਦਾ ਬੀਜ ਖਰੀਦ ਕੇ ਆਪਣੇ ਖੇਤਾਂ ਵਿੱਚ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਸੀ ਪਰ ਬੀਤੇ ਦਿਨੀਂ ਪਏ ਹਲਕੇ ਮੀਂਹ ਅਤੇ ਹਨ੍ਹੇਰੀ ਨੇ ਉਹਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਖੋਜ ਕੇਂਦਰ ਬਠਿੰਡਾ ਤੋਂ ਡਾਇਰੈਕਟਰ ਪਰਮਜੀਤ ਸਿੰਘ, ਡਾ. ਅਰੋੜਾ, ਡਾ.ਹਰਜੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਡਾ.ਬਲੌਰ ਸਿੰਘ, ਡਾ.ਗੁਰਮੇਲ ਸਿੰਘ ਅਤੇ ਡਾ.ਜੈ ਦੀਪ ਸਿੰਘ ਖੇਤੀਬਾੜੀ ਅਫਸਰ ਅਤੇ ਪਿੰਡ ਦੇ ਡਿਊਟੀ ਕਰਮਚਾਰੀ ਲਖਵੰਤ ਸਿੰਘ ਫਸਲ ਦਾ ਮੌਕਾ ਵੀ ਵੇਖ ਚੁੱਕੇ ਹਨ ਅਤੇ ਟੈਸਟ ਲਈ ਮਿੱਟੀ, ਪਾਣੀ ਅਤੇ ਨਰਮੇ ਦੇ ਬੂਟਿਆਂ ਦੇ ਸੈਂਪਲ ਵੀ ਨਾਲ ਲੈ ਗਏ ਹਨ ਉਨ੍ਹਾਂ ਨੇ ਭਾਵੇਂ ਕਿਸਾਨਾਂ ਨੂੰ ਕੋਈ ਲਿਖਤੀ ਰਿਪੋਰਟ ਤਾਂ ਨਹੀਂ ਦਿੱਤੀ ਪਰ ਉਹਨਾਂ ਦਾ ਕਹਿਣਾ ਹੈ ਕਿ ਨਰਮੇ ਨੂੰ ਵਾਹੁਣ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ ਹੈ ਪੀੜਤ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਤਾਂ ਹਰ ਪਾਸਿਓਂ ਮਾਰ ਹੀ ਮਾਰ ਹੈ ਅਤੇ ਉਹਨਾਂ ਸਰਕਾਰ ਤੋਂ ਫਸਲ ਦੀ ਬਿਜਾਈ ਤੇ ਹੋਏ ਖਰਚੇ ਸਬੰਧੀ ਮੁਆਵਜੇ ਦੀ ਮੰਗ ਕੀਤੀ ਹੈ।