ਰੇਲ ਰੋਕੋ ਅੰਦੋਲਨ: ਕਿਸਾਨਾਂ ਮਜ਼ਦੂਰਾਂ ਵੱਲੋਂ ਤਿੰਨ ਹੋਰ ਥਾਵਾਂ ’ਤੇ ਮੋਰਚੇ ਸ਼ੁਰੂ ਕਰਨ ਦੀ ਚਿਤਾਵਨੀ

Rail Roko Andolan Sachkahoon

ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ ਸਮੇਤ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ

(ਸਤਪਾਲ ਥਿੰਦ) ਫਿਰੋਜ਼ਪੁਰ । ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ ਸਮੇਤ ਪੰਜਾਬ ਸਰਕਾਰ ਨਾਲ ਸਬੰਧਿਤ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬਸਤੀ ਟੈਂਕਾਂ ਵਾਲੀ ਰੇਲ ਟਰੈਕ ਮੁਕੰਮਲ ਤੌਰ ’ਤੇ ਜਾਮ ਕਰਕੇ ਲਗਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਹੁੰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਆਗੂਆਂ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਵੱਲੋਂ 29 ਸਤੰਬਰ ਨੂੰ ਅੰਦੋਲਨ ਦੌਰਾਨ ਹੋਈ ਮੀਟਿੰਗ ਵਿੱਚ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਤੋਂ ਸਰਕਾਰ ਦੇ ਸਾਫ ਮੁੱਕਰਨ ਕਰਕੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ, ਜਿਸ ਦੀ ਜਿੰਮੇਵਾਰ ਪੰਜਾਬ ਦੀ ਚੰਨੀ ਸਰਕਾਰ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਗੱਲ ਨਾ ਸੁਣੀ ਤਾਂ ਜਥੇਬੰਦੀ ਵੱਲੋਂ 22 ਦਸੰਬਰ ਨੂੰ ਤਿੰਨ ਹੋਰ ਥਾਵਾਂ ’ਤੇ ਮੋਰਚੇ ਸ਼ੁਰੂ ਕਰ ਦਿੱਤੇ ਜਾਣਗੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਸ ਅੰਦੋਲਨ ਵਿੱਚ ਕਿਸਾਨ ਰਤਨ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਾਧੂਭਾਣਾ, ਤਹਿਸੀਲ ਬਟਾਲਾ ਗੁਰਦਾਸਪੁਰ ਦੀ ਤਕਰੀਬਨ ਸਵੇਰੇ 4 ਵਜੇ ਟਾਂਡਾ ਰੇਲਵੇ ਟਰੈਕ ’ਤੇ ਸ਼ਹੀਦੀ ਹੋ ਗਈ ਹੈ, ਮਿ੍ਰਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਸਰਕਾਰੀ ਤੇ ਗੈਰਸਰਕਾਰੀ ਕਰਜ਼ਾ ਮੁਆਫ ਕੀਤਾ ਜਾਵੇ, ਜੋ ਨਵੀਂ ਰੇਲਵੇ ਲਾਈਨ ਮੱਲਾਂਵਾਲਾ ਤੋਂ ਖੇਮਕਰਨ-ਅੰਮਿ੍ਰਤਸਰ ਨੂੰ ਬਣਾਉਣ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਜੇਕਰ ਉਸ ਵਿੱਚ ਲੋਕਾਂ ਦੀ ਹੱਕ ਪੂਰਤੀ ਨਹੀਂ ਹੁੰਦੀ ਤਾਂ ਉਸਦਾ ਵੀ ਵਿਰੋਧ ਕੀਤਾ ਜਾਵੇਗਾ, ਜਿਲ੍ਹਾ ਫਿਰੋਜਪੁਰ ਵਿਚ ਸਿਵਲ ਤੇ ਪੁਲਿਸ ਪ੍ਰਸਾਸਨ ਨਾਲ ਲੋਕਲ ਮਸਲੇ ਤੁਰੰਤ ਹੱਲ ਕਰਨ ਦੀ ਚੇਤਾਵਨੀ ਵੀ ਕਿਸਾਨਾਂ ਵਲੋਂ ਦਿੱਤੀ ਗਈ ਪੰਜਾਬ ਸਰਕਾਰ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ ਸਮੇਤ ਆਪਣੇ ਚੋਣ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ।

ਕਿਸਾਨੀ ਕਿੱਤਾ ਘਾਟੇਵੰਦ ਹੋਣ ਕਰਕੇ ਕਿਸਾਨ ਕਰਜਾਈ ਹੋ ਰਹੇ ਹਨ ਤੇ ਖੇਤਾਂ ਵਿੱਚ ਖੁਦਕੁਸੀਆਂ ਕਰਨ ਨੂੰ ਮਜਬੂਰ ਹੋ ਰਹੇ ਹਨ, ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਫਸਲਾਂ ਦੀ ਐੱਮਐੱਸਪੀ ਬੰਦ ਕਰਨ ਦੀ ਤਿਆਰੀ ਵਿੱਚ ਹੈ। ਇਸ ਮੌਕੇ ਮੈਡਮ ਸੁਖਜੀਤ ਕੌਰ, ਧਰਮ ਸਿੰਘ ਸਿੱਧੂ,ਮੇਜਰ ਸਿੰਘ ਗਜਨੀ ਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਰਛਪਾਲ ਸਿੰਘ ਗੱਟਾ ਬਾਦਸਾਹ, ਸਾਹਿਬ ਸਿੰਘ ਦੀਨੇਕੇ, ਰਣਜੀਤ ਸਿੰਘ ਖੱਚਰਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਹਰਫੂਲ ਸਿੰਘ, ਬਚਿੱਤਰ ਸਿੰਘ ਦੂਲੇ ਵਾਲਾ, ਖਿਲਾਰਾ ਸਿੰਘ ਆਸਲ, ਸੁਰਜੀਤ ਸਿੰਘ ਫੌਜੀ, ਸਤਨਾਮ ਸਿੰਘ, ਗੁਰਦਿਆਲ ਸਿੰਘ ਟਿੱਬੀ ਕਲਾਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਰੇਲ ਰੋਕੋ ਅੰਦੋਲਨ ਕਾਰਨ ਦੋ ਦਿਨਾਂ ’ਚ 150 ਤੋਂ ਵੱਧ ਰੇਲਾਂ ਹੋਈਆਂ ਪ੍ਰਭਾਵਿਤ

ਰੇਲ ਰੋਕੋ ਅੰਦੋਲਨ ਕਾਰਨ ਰੇਲਵੇ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਟ੍ਰੈਕ ਜਾਮ ਕਰਨ ਤੋਂ ਬਾਅਦ 150 ਤੋਂ ਵੱਧ ਰੇਲਾਂ ਪ੍ਰਭਾਵਿਤ ਹੋਈਆਂ ਹਨ, ਜਿਹਨਾਂ ਵਿੱਚੋਂ ਜ਼ਿਆਦਾਤਰ ਰੇਲਾਂ ਨੂੰ ਮੁਕੰਮਲ ਤੌਰ ’ਤੇ ਰੱਦ ਕੀਤਾ ਗਿਆ ਹੈ ਅਤੇ ਕਈ ਰੇਲਾਂ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਪਿਛਲੇ ਸਟੇਸ਼ਨਾਂ ਤੱਕ ਚਲਾਇਆ ਜਾ ਰਿਹਾ ਹੈ। ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ਤੱਕ ਉਹ ਰੇਲਵੇ ਟ੍ਰੈਕ ’ਤੇ ਬੈਠੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ