ਪੰਜਾਬੀ ‘ਵਰਸਿਟੀ ਤਨਖਾਹਾਂ ਦੇਣ ਤੋਂ ਵੀ ਗਈ, ਸਤੰਬਰ ਮਹੀਨੇ ਦੀ ਅਜੇ ਤੱਕ ਨਹੀਂ ਮਿਲੀ ਤਨਖਾਹ

ਅਮਰਿੰਦਰ ਸਰਕਾਰ ਨੇ ਵੀ ਨਾ ਫੜੀ ਯੂਨੀਵਰਸਿਟੀ ਦੀ ਬਾਂਹ : ਆਗੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਲਗਾਤਾਰ ਪਿਛੜਦੀ ਜਾ ਰਹੀ ਹੈ। ਉਂਜ ਭਾਵੇਂ ਅਮਰਿੰਦਰ ਸਰਕਾਰ ਵੱਲੋਂ ਚੋਣਾ ਤੋਂ ਪਹਿਲਾ ਯੂਨੀਵਰਸਿਟੀ ਦੀ ਪਹਿਲਾ ਵਾਲੀ ਸਾਖ ਬਹਾਲ ਕਰਨ ਦੀ ਟਾਰ ਮਾਰੀ ਸੀ ਜੋ ਕਿ ਸਿਰੇ ਨਹੀਂ ਚੜ੍ਹੀ। ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਅਜੇ ਸਤੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲੀ ਜਦਕਿ ਅਕਤੂਬਰ ਮਹੀਨੇ ਦੀ 21 ਦਿਨ ਵੀ ਟੱਪ ਚੁੱਕੇ ਹਨ। ਉਂਜ ਯੂਨੀਵਰਸਿਟੀ ਵਿਖੇ ਜੁਆਇੰਟ ਐਕਸਨ ਕਮੇਟੀ ਵੱਲੋਂ ਲਗਾਇਆ ਗਿਆ ਧਰਨਾ ਮਹੀਨੇ ਨੂੰ ਟੱਪ ਚੁੱਕਿਆ ਹੈ।

ਜਾਣਕਾਰੀ ਅਨੁਸਾਰ ਲਗਭਗ 150 ਕਰੋੜ ਦੇ ਵਿੱਤੀ ਘਾਟੇ ‘ਚ ਫਸੀ ਪੰਜਾਬੀ ਯੂਨੀਵਰਸਿਟੀ ਆਪਣੀ ਹੋਂਦ ਦੀ ਲੜਾਈ ਲੜ੍ਹ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਥਾਪੇ ਗਏ ਵਾਇਸ ਚਾਂਸਲਰ ਪਿਛਲੇ ਕਈ ਮਹੀਨਿਆਂ ਤੋਂ ਅੱਜ ਹੀ ਦਫ਼ਤਰ ਆਏ ਹਨ। ਉਂਜ ਪਹਿਲਾਂ ਇੱਕ ਅੱਧੀ ਵਾਰ ਰਾਤ-ਬਰਾਤੇ ਹੀ ਦਫ਼ਤਰ ਆਉਣ ਦੀ ਜਾਣਕਾਰੀ ਮਿਲੀ ਹੈ। ਤਨਖਾਹ ਨਾ ਮਿਲਣ ਕਾਰਨ ਯੂਨੀਵਰਸਿਟੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਮੁਲਾਜ਼ਮ ਤਨਖਾਹ ਲਈ ਮੁਬਾਇਲ ਫੋਨਾਂ ਤੇ ਮੈਸੈਜ਼ ਨੂੰ ਉਡੀਕ ਰਹੇ ਹਨ।

ਬਿਰਧ ਪੈਨਸ਼ਨਰਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਖਰਚੇ ਚਲਾਉਣੇ ਮੁਸ਼ਕਿਲ ਹੋ ਰਹੇ ਹਨ। ਯੂਨੀਵਰਸਿਟੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਵਿੱਤੀ ਗ੍ਰਾਂਟ ਤੋਂ ਹੱਥ ਖਿੱਚਣ ਸਮੇਤ ਪਿਛਲੇ ਸਮਿਆਂ ‘ਚ ਯੂਨੀਵਰਸਿਟੀ ‘ਚ ਹੋਈਆਂ ਬੇਨਿਯਮੀਆਂ ਕਾਰਨ ਹੀ ਇਸ ਦੀ ਸਾਖ ਨੂੰ ਖੋਰਾ ਲੱਗਿਆ ਹੈ। ਨਵੇਂ ਚੁਣੇ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਦਾ ਕਹਿਣਾ ਹੈ ਕਿ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਨਖਾਹਾਂ ਦੇਣਾ ਯੂਨੀਵਰਸਿਟੀ ਦਾ ਪ੍ਰਮੁੱਖ ਕਾਰਜ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅਕਤੂਬਰ ਮਹੀਨੇ ਦੇ 21 ਦਿਨ ਬੀਤ ਜਾਣ ਦੇ ਬਾਅਦ ਵੀ ਤਨਖਾਹ ਤੇ ਪੈਨਸ਼ਨ ਦੀ ਅਦਾਇਗੀ ਨਹੀਂ ਕੀਤੀ ਗਈ।

ਮੁਲਾਜਮਾਂ, ਅਧਿਆਪਕਾਂ ਤੋਂ ਇਲਾਵਾ ਬਿਰਧ ਪੈਨਸ਼ਨਰਾਂ ਨੂੰ ਧਰਨੇ ‘ਤੇ ਬੈਠਣਾ ਪੈ ਰਿਹਾ ਹੈ। ਏ ਕਲਾਸ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਦਾ ਕਹਿਣਾ ਹੈ ਕਿ ਕਿ ਵਾਈਸ-ਚਾਂਸਲਰ ਨੂੰ ਆਪਣੇ ਦਫ਼ਤਰ ਵਿਚ ਹਰ ਰੋਜ਼ ਆਉਣਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਦੇ ਰੁੱਕੇ ਹੋਏ ਕੰਮ ਦੀਆਂ ਫਾਈਲਾਂ ਨੂੰ ਨਿਪਟਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਵਾਈਸ-ਚਾਂਸਲਰ ਆਪਣੇ ਦਫ਼ਤਰ ਵਿਖੇ ਆ ਕੇ ਆਪਣਾ ਕਾਰਜਭਾਰ ਨਹੀਂ ਸੰਭਾਲਦੇ ਤਾਂ ਸਾਨੂੰ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਦਫ਼ਤਰ ਵਿਖੇ ਲਿਆਉਣਾ ਪਵੇਗਾ।

Punjabi University, Day Happy, Language, Department, Happy

ਮੁਲਾਜ਼ਮ ਆਗੂ ਰਾਜਦੀਪ ਚੋਪੜਾ ਦਾ ਕਹਿਣਾ ਹੈ ਕਿ ਪਹਿਲਾਂ ਯੂਨੀਵਰਸਿਟੀ ਨੂੰ 90 ਫੀਸਦੀ ਗ੍ਰਾਂਟ ਸਰਕਾਰ ਕੋਲੋਂ ਮਿਲਦੀ ਸੀ, ਜੋ ਕਿ ਹੁਣ ਸਿਰਫ਼ 16 ਫੀਸਦੀ ਹੀ ਰਹਿ ਗਈ ਹੈ। ਸਰਕਾਰਾਂ ਵੱਲੋਂ ਚੋਣਾਂ ਮੌਕੇ ਯੂਨੀਵਰਸਿਟੀ ਦੀ ਹਾਲਤ ਸੁਧਾਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਮੌਜ਼ੂਦਾ ਸਰਕਾਰ ਵੱਲੋਂ ਵੀ ਯੂਨੀਵਰਸਿਟੀ ਦੀ ਬਾਹ ਨਹੀਂ ਫੜੀ ਗਈ। ਉਨ੍ਹਾਂ ਪੁਸ਼ਟੀ ਕਰਦਿਆਂ ਆਖਿਆ ਕਿ ਵਾਇਸ ਚਾਂਸਲਰ ਕਈ ਮਹੀਨਿਆਂ ਬਾਅਦ ਅੱਜ ਦਫ਼ਤਰ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਕ-ਦੋ ਦਿਨ ‘ਚ ਤਨਖਾਹ ਨਹੀਂ ਪਈ ਤਾਂ ਮੁਲਾਜ਼ਮਾਂ ਵੱਲੋਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.