ਪੰਜਾਬੀ ਯੂਨੀਵਰਸਿਟੀ ਵੱਲੋਂ ਕੈਨੇਡਾ ਦੀ ਯੂਨੀਵਰਸਿਟੀ ਨਾਲ ਅਰਥ ਸ਼ਾਸਤਰ ਦੇ ਵਿਸ਼ੇ ‘ਚ ਵਿਸ਼ੇਸ਼ ਇਕਰਾਰਨਾਮਾ

Punjabi University

ਪੰਜਾਬੀ ਯੂਨੀਵਰਸਿਟੀ ਵੱਲੋਂ ਕੈਨੇਡਾ ਦੀ ਯੂਨੀਵਰਸਿਟੀ ਨਾਲ ਅਰਥ ਸ਼ਾਸਤਰ ਦੇ ਵਿਸ਼ੇ ‘ਚ ਵਿਸ਼ੇਸ਼ ਇਕਰਾਰਨਾਮਾ

ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ, (Punjabi university) ਪਟਿਆਲਾ ਵੱਲੋਂ ਕੈਨੇਡਾ ਦੀ ਯੂਨੀਵਰਸਿਟੀ ਆਫ਼ ਨੌਰਦਰਨ ਬ੍ਰਿਟਿਸ਼ ਕੋਲੰਬੀਆ (ਯੂ.ਐੱਨ.ਬੀ.ਸੀ.) ਨਾਲ ਅਰਥ ਸ਼ਾਸਤਰ ਦੇ ਵਿਸ਼ੇ ਵਿੱਚ ਇੱਕ ਵਿਸ਼ੇਸ਼ ਇਕਰਾਰਨਾਮਾ ਕੀਤਾ ਗਿਆ ਹੈ। ਯੂ. ਐੱਨ.ਬੀ.ਸੀ. ਤੋਂ ਅਰਥ ਸਾਸ਼ਤਰ ਵਿਭਾਗ ਦੀ ਪ੍ਰੋਫੈਸਰ ਅਤੇ ਮੁੱਖੀ ਡਾ. ਫਿਉਨਾ ਮਕਫੇਲ ਨੇ ਇਸ ਅਕਾਦਮਿਕ ਇਕਰਾਰਨਾਮੇ ਲਈ ਵਿਸ਼ੇਸ਼ ਤੌਰ ‘ਤੇ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕੀਤਾ।

ਇਸ ਇਕਰਾਰਨਾਮੇ ਉੱਪਰ ਪੰਜਾਬੀ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਅਤੇ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬੱਤਰਾ ਨੇ ਦਸਤਖਤ ਕੀਤੇ ਹਨ, ਜਦੋਂ ਕਿ ਯੂ. ਐੱਨ. ਬੀ.ਸੀ. ਵੱਲੋਂ ਇਸ ਉੱਪਰ ਐਕਟਿੰਗ ਪਰੈਜ਼ੀਡੈਂਟ ਡਾ. ਜੈਫਰੀ ਪਾਇਨੇ ਅਤੇ ਅੰਤਰਿਮ ਡੀਨ, ਕਾਲਜ ਆਫ਼ ਆਰਟਸ, ਸੋਸ਼ਲ ਐਂਡ ਹੈਲਥ ਸਾਇੰਸਜ਼ ਡਾ. ਸ਼ੈਨੋਨ ਵੈਗਨਰ ਦੇ ਦਸਤਖਤ ਕੀਤੇ ਹੋਏ ਸਨ।

ਡਾਇਰੈਕਟੋਰੇਟ, ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਇਸ ਇਕਰਾਰਨਾਮੇ ਸੰਬੰਧੀ ਰੱਖੇ ਗਏ ਰਸਮੀ ਪ੍ਰੋਗਰਾਮ ਦੌਰਾਨ ਬੋਲਦਿਆ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਦੱਸਿਆ ਕਿ ਇਕਰਾਰਨਾਮੇ ਵਿੱਚ ਸ਼ਾਮਿਲ ਦੋਹੇਂ ਯੂਨੀਵਰਸਿਟੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਸੀ ਅਕਾਦਮਿਕ ਸਾਂਝ ਦੇ ਅਗਲੇ ਪੜਾਅ ਵਿਚ ਦਾਖਲ ਹੋਣ ਜਾ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਇਸ ਵੱਕਾਰੀ ਯੂਨੀਵਰਸਿਟੀ ਨਾਲ ਪਹਿਲਾ ਹੀ ਇੱਕ ਜਨਰਲ ਇਕਰਾਰਨਾਮਾ ਹੋ ਚੁੱਕਾ ਹੈ ਜਿਸ ਤਹਿਤ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਪੰਜਾਬੀ ਯੂਨੀਵਰਸਿਟੀ ਵਿਚ ਦੋ ਹਫਤਿਆਂ ਲਈ ਵਰਕਸ਼ਾਪ ਲਗਾਉਣ ਆਏ ਸਨ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਯੂਨੀਵਰਸਿਟੀ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਇਹ ਹੁਣ ਇਹ ਅਗਲੇਰਾ ਅਤੇ ਕਾਰਜਕਾਰੀ ਪੱਧਰ ਦਾ ਪੜਾਅ ਹੈ ਜਿੱਥੇ ਆਪਸੀ ਅਕਾਦਮਿਕ ਸਹਿਯੋਗ ਦੇ ਸੰਭਾਵਿਤ ਖੇਤਰਾਂ ਦੀ ਨਿਸ਼ਾਨਦੇਹੀ ਕਰਦਿਆ ਇਨ੍ਹਾਂ ਨੂੰ ਸੂਚੀਬੱਧ ਕੀਤਾ ਜਾਣਾ ਹੈ।

ਪ੍ਰੋ. ਫਿਉਨਾ ਨੇ ਇਸ ਮੌਕੇ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਨਾਲ ਅਕਾਦਮਿਕ ਸਾਂਝ ਕਾਇਮ ਕਰ ਕੇ ਮਾਣਮੱਤਾ ਮਹਿਸੂਸ ਕਰਦੇ ਹਨ। ਅਜਿਹਾ ਹੋਣ ਨਾਲ ਬਹੁਤ ਸਾਰੇ ਖੇਤਰਾਂ ਵਿਚ ਮਿਲ ਕੇ ਕੰਮ ਕਰਨ ਦੇ ਮੌਕੇ ਬਣਨਗੇ ਜਿਸ ਨਾਲ ਅਕਾਦਮਿਕ ਖੋਜ ਦੇ ਖੇਤਰ ਵਿਚ ਨਵੀਂਆਂ ਸੰਭਾਵਨਾਵਾਂ ਉਜਾਗਰ ਹੋਣਗੀਆਂ।

ਇਸ ਮੌਕੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਵਧੀਕ ਡੀਨ ਖੋਜ ਡਾ. ਲਖਵਿੰਦਰ ਗਿੱਲ, ਕੰਟਰੋਲਰ ਪ੍ਰੀਖਿਆਵਾਂ ਡਾ. ਬਲਵਿੰਦਰ ਟਿਵਾਣਾ, ਅੰਤਰਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਡਾਇਰੈਕਟੋਰੇਟ ਦੇ ਡੀਨ ਡਾ. ਮਨਰੁਚੀ ਕੌਰ, ਕੋਆਰਡੀਨੇਟਰ ਡਾ. ਦਮਨਜੀਤ ਸੰਧੂ, ਡੀਨ ਸੋਸ਼ਲ ਸਾਇੰਸਜ਼ ਡਾ. ਅਨੀਤਾ ਗਿੱਲ ਅਤੇ ਅਰਥ ਸਾਸ਼ਤਰ ਵਿਭਾਗ ਦੇ ਅਧਿਆਪਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।